ਪੱਤਰ ਪ੍ਰੇਰਕ
ਸਿਰਸਾ, 8 ਮਾਰਚ
ਕੌਮਾਂਤਰੀ ਮਹਿਲਾ ਦਿਵਸ ਮੌਕੇ ਅੱਜ ਕਿਸਾਨ ਮੋਰਚਿਆਂ ਦੀ ਨਾ ਸਿਰਫ਼ ਮਹਿਲਾਵਾਂ ਨੇ ਕਮਾਨ ਸੰਭਾਲੀ ਬਲਕਿ ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਹਰਿਆਣਾ ਵਿਧਾਨ ਸਭਾ ਵਿੱਚ ਸਰਕਾਰ ਦੇ ਖ਼ਿਲਾਫ਼ ਬੇਭਰੋਸਗੀ ਮਤੇ ਦੇ ਹੱਕ ਵਿੱਚ ਆਉਣ ਲਈ ਵਿਧਾਇਕਾਂ ਉੱਤੇ ਦਬਾਅ ਵੀ ਬਣਾਇਆ। ਮਹਿਲਾਵਾਂ ਨੇ ਪ੍ਰਦਰਸ਼ਨ ਕਰਦਿਆਂ ਵਿਧਾਇਕਾਂ ਦੇ ਪ੍ਰਤੀਨਿਧੀਆਂ ਨੂੰ ਆਪਣਾ ਮੰਗ ਪੱਤਰ ਸੌਂਪਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੇ ਭਾਵਦੀਨ ਟੌਲ ਪਲਾਜ਼ੇ ’ਤੇ ਔਰਤਾਂ ਇਕੱਠੀਆਂ ਹੋਈਆਂ। ਮਹਿਲਾਵਾਂ ਨੇ ਜਿਥੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਧਰਨਾ ਦੇ ਕੇ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਉਥੇ ਹੀ ਨੈਸ਼ਨਲ ਹਾਈ ਵੇਅ ਨੌਂ ’ਤੇ ਭਾਵਦੀਨ ਟੌਲ ਪਲਾਜ਼ੇ ’ਤੇ ਵੀ ਮਹਿਲਾਵਾਂ ਨੇ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਧਰਨਾ ਦੇਣ ਉਪਰੰਤ ਮਹਿਲਾਵਾਂ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਬਾਬਾ ਭੂਮਣ ਸ਼ਾਹ ਚੌਕ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮਹਿਲਾਵਾਂ ਨੇ ਹਰਿਆਣਾ ਵਿਧਾਨ ਸਭਾ ਵਿੱਚ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ ਦੇ ਹੱਕ ਵਿੱਚ ਆਉਣ ਲਈ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ, ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਤੇ ਹਰਿਆਣਾ ਜਨਹਿਤ ਪਾਰਟੀ ਦੇ ਵਿਧਾਇਕ ਗੋਪਾਲ ਕਾਂਡਾ ਦੇ ਪ੍ਰਤੀਨਿਧੀਆਂ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਮਹਿਲਾ ਆਗੂ ਜਸਮੇਲ, ਦਵੰਦਰ ਕੌਰ, ਦਰਸ਼ਨ ਕੌਰ ਨੇ ਕਿਹਾ ਕਿ ਜਿਹੜੇ ਵਿਧਾਇਕ ਕਿਸਾਨਾਂ ਦੀ ਹਮਾਇਤ ਵਿੱਚ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ ਦੇ ਹੱਕ ਵਿੱਚ ਨਹੀਂ ਭੁਗਤਣਗੇ, ਉਨ੍ਹਾਂ ਦਾ ਪਿੰਡਾਂ ਵਿੱਚ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਨੂੰ ਪਿੰਡਾਂ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਤਪਾ ਮੰਡੀ (ਪੱਤਰ ਪ੍ਰੇਰਕ): ਔਰਤ ਦਿਵਸ ਸਬੰਧੀ ਤਪਾ, ਮਹਿਤਾ ਅਤੇ ਘੁੰਨਸ ਵਿੱਚ ਚਾਰ ਮਜ਼ਦੂਰ ਜਥੇਬੰਦੀਆਂ ਵੱਲੋਂ ਰੈਲੀਆਂ ਕੀਤੀਆਂ ਗਈਆਂ। ਲਬਿਰੇਸ਼ਨ ਦੇ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ, ਦਿਹਾਤੀ ਮਜ਼ਦੂਰ ਸਭਾ ਦੇ ਭੋਲਾ ਸਿੰਘ ਕਲਾਲ ਮਾਜਰਾ ਅਤੇ ਮਨਰੇਗਾ ਰੋਜ਼ਗਾਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸੀਆ ਸਿੰਘ ਨੇ ਔਰਤਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ। ਸ਼ਹਿਣਾ (ਪੱਤਰ ਪ੍ਰੇਰਕ ): ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ।ਪੰਚਾਇਤ ਘਰ ਵਿੱਚ ਵੀ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ।
ਬਰੇਟਾ (ਪੱਤਰ ਪ੍ਰੇਰਕ): ਕੇਂਦਰ ਦੇ ਤਿੰਨ ਕਾਲੇ ਕਾਨੂੰਨਾ ਵਿਰੁਧ ਚੱਲ ਰੇਲਵੇ ਸਟੇਸ਼ਨ ਨੇੜੇ ਸਾਂਝਾ ਕਿਸਾਨ ਮੋਰਚਾ ਦੇ ਧਰਨੇ ’ਤੇ ਨਿੱਜੀ ਪੈਟਰੌਲ ਪੰਪ ’ਤੇ ਚਲ ਰਹੇ ਧਰਨਿਆਂ ਨੂੰ ਅੱਜ ਮਹਿਲਾ ਦਿਵਸ ਸਮਰਪਿਤ ਰੱਖਦੇ ਹੋਏ ਵੱਖ ਵੱਖ ਮਹਿਲਾਵਾਂ ਅਤੇ ਕਿਸਾਨ ਬੁਲਾਰਿਆਂ ਵੱਲੋਂ ਮਹਿਲਾਵਾਂ ਦੇ ਹੱਕਾਂ ਦੀ ਗੱਲ ਕਰਦੇ ਔਰਤਾਂ ਤੇ ਹੁੰਦੇ ਸਮਾਜਕ ਜਬਰ ਸਬੰਧੀ ਵਿਚਾਰ ਪ੍ਰਗਟਾਏ। ਇਸ ਮੌਕੇ ਬਲਜੀਤ ਕੌਰ, ਪਾਲ ਕੌਰ ਧਰਮਪੁਰਾ, ਨਿਰਮਲ ਕੌਰ ਬਰੇਟਾ, ਕਲਵੰਤੀ, ਰਾਣੀ, ਚਰਨਜੀਤ ਕੌਰ, ਗੁਰਪ੍ਰੀਤ ਕੌਰ, ਚਰਨਜੀਤ ਕੌਰ ਸ਼ਾਮਲ ਸਨ।
ਬਠਿੰਡਾ( ਮਨੋਜ ਸ਼ਰਮਾ): ਜ਼ਿਲਾ ਪੁਲੀਸ ਮੁਖੀ ਭੁਪਿੰਦਰ ਜੀਤ ਸਿੰਘ ਵਿਰਕ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੋਏ ਕੌਮਾਂਤਰੀ ਮਹਿਲਾ ਦਿਵਸ ਮੌਕੇ ਵਰਚੂਅਲ ਸਮਾਗਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜਦੀਪ ਸਿੰਘ ਬਰਾੜ ਮੌਜੂਦ ਰਹੇ। ਇਸ ਮੌਕੇ ਨਵ ਜੰਮੀਆਂ ਦੇ ਮਾਪਿਆਂ, ਖੇਡਾਂ ਵਿਚ ਮੱਲਾਂ ਮਾਰਨ ਵਾਲੀਆਂ ਹੋਣਹਾਰ ਖਿਡਾਰਨਾਂ, ਔਰਤਾਂ ਦੀ ਜਨਮ ਦਰ ਵਿੱਚ ਵਾਧਾ ਕਰਨ ਵਾਲੀਆਂ ਪੰਚਾਇਤਾਂ ਦੀਆਂ ਮਹਿਲਾ ਸਰਪੰਚਾਂ ਅਤੇ ਆਪੋ-ਆਪਣੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਆਂਗਣਵਾੜੀ ਤੇ ਆਸ਼ਾ ਵਰਕਰਾਂ ਅਤੇ ਏਐੱਨਐਮਜ਼ ਦਾ ਸਨਮਾਨ ਕੀਤਾ ਗਿਆ।
ਦੋਦਾ (ਪੱਤਰ ਪ੍ਰੇਰਕ): ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਅੱਜ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ।ਇਸ ਮੌਕੇ ਚਰਨਜੀਤ ਕੌਰ, ਨਸੀਬ ਕੌਰ ਪੰਚ, ਜਸਵੀਰ ਕੌਰ ਪੰਚ, ਪਾਲ ਸਿੰਘ ਸਰਪੰਚ, ਕੋਆਡੀਨੇਟਰ ਕੁਲਦੀਪ ਸਿੰਘ ਆਦਿ ਮੌਜੂਦ ਸਨ। ਅਖੀਰ ਵਿਚ ਮਠਿਆਈ ਵੰਡੀ ਗਈ।
ਬਜਟ ਵਿੱਚ ਔਰਤਾਂ ਲਈ ਕੀਤੇ ਐਲਾਨ ਦੀ ਸ਼ਲਾਘਾ
ਸ਼ਹਿਣਾ (ਪੱਤਰ ਪ੍ਰੇਰਕ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਹਿਲਾ ਦਿਵਸ ਨੂੰ ਸਮਰਪਿਤ ਆਪਣੇ ਬਜਟ ਸੈਸ਼ਨ ਦੌਰਾਨ ਔਰਤਾਂ ਲਈ ਕੀਤਾ ਗਿਆ ਐਲਾਨ ਸ਼ਲਾਘਾਯੋਗ ਹੈ। ਇਹ ਸ਼ਬਦ ਰਸ਼ਪਾਲ ਕੌਰ ਧਾਲੀਵਾਲ ਬਲਾਕ ਪ੍ਰਧਾਨ ਮਹਿਲਾ ਕਾਂਗਰਸ ਨੇ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦਾ ਬੱਸ ਸਫ਼ਰ ਮੁਫ਼ਤ, ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਅਤੇ ਸ਼ਗਨ ਸਕੀਮ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕਰਨ ਦੇ ਕੀਤੇ ਗਏ ਐਲਾਨ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਦਾ ਲਿਆ ਫ਼ੈਸਲਾ ਵੀ ਵਧੀਆ ਹੈ।
ਮਹਿਲਾ ਦਿਵਸ ਮੌਕੇ ਵਿਦਿਆਰਥਣਾਂ ਵੱਲੋਂ ਲੋਕ ਗੀਤ ਪੇਸ਼
ਬੁਢਲਾਡਾ (ਪੱਤਰ ਪ੍ਰੇਰਕ): ਇੱਥੋਂ ਦੇ ਕ੍ਰਿਸ਼ਨਾ ਕਾਲਜ ਰੱਲੀ ਵਿੱਚ ਅੱਜ ਮਹਿਲਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਕਾਲਜ ਦੇ ਐੱਮਡੀ ਕਮਲ ਸਿੰਗਲਾ, ਚੇਅਰਮੈਨ ਸੁਖਵਿੰਦਰ ਚਹਿਲ ਅਤੇ ਪ੍ਰਧਾਨ ਡਾ.ਵਿਜੇ ਸਿੰਗਲਾ ਸ਼ਾਮਲ ਹੋਏ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਵੱਲੋਂ ਗੀਤ, ਕਵਿਤਾਵਾਂ, ਲੋਕ-ਗੀਤ, ਭਾਸ਼ਣ, ਗਜ਼ਲਾਂ ਤੇ ਲੋਕ-ਗੀਤਾਂ ਵਿਚਲੇ ਟੱਪੇ ਪੇਸ਼ ਕਰਕੇ ਮਹਿਲਾ ਦਿਵਸ ਨੂੰ ਚਾਰ ਚੰਨ੍ਹ ਲਾ ਦਿੱਤੇ। ਇਸ ਮੌਕੇ ਮੈਡਮ ਹਰਸ਼ ਸਿੰਗਲਾ ਵੱਲੋਂ ਵਿਦਿਆਰਥਣਾਂ ਨੂੰ ਇਤਿਹਾਸਿਕ ਔਰਤਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ ਗਿਆ।
ਨਾਮਣਾ ਖੱਟਣ ਵਾਲੀਆਂ ਕੁੜੀਆਂ ਦਾ ਸਨਮਾਨ
ਮਾਨਸਾ (ਪੱਤਰ ਪ੍ਰੇਰਕ): ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਅੱਜ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਲੜਕੀਆਂ ਦਾ ਸਨਮਾਨ ਕੀਤਾ ਗਿਆ। ਜ਼ਿਲ੍ਹਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਤੇ ਪ੍ਰੋਗਰਾਮ ਅਫਸਰ ਸੰਦੀਪ ਘੰਡ ਨੇ ਦੱਸਿਆ ਕਿ ਅੱਜ ਸਨਮਾਨਿਤ ਹੋਣ ਲੜਕੀਆਂ ਵਿੱਚ ਡਿਸਕਸ ਥ੍ਰੋਅ ਵਿੱਚ ਨੈਸ਼ਨਲ ਪੱਧਰ ’ਤੇ ਪ੍ਰਾਪਤੀਆਂ ਖੱਟਣ ਵਾਲੀ ਪਿੰਡ ਖੜਕ ਸਿੰਘ ਵਾਲਾ ਦੀ ਖਿਡਾਰਣ ਅਮਨਦੀਪ ਕੌਰ, ਲੜਕੀਆਂ ਦੀਆਂ ਸਿੱਖਿਆ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਕਲਾਂ ਦੀ ਅੰਗਰੇਜ਼ੀ ਅਧਿਆਪਕਾ ਮਨਪ੍ਰੀਤ ਕੌਰ ਵਾਲੀਆ, ਪੇਂਡੂ ਯੁਵਕ ਸਰਗਰਮੀਆਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆ ਵਾਲੰਟੀਅਰਾਂ ਰਮਨਦੀਪ ਕੌਰ,ਮਨਦੀਪ ਕੌਰ,ਸ਼ੀਤਲ ਕੌਰ,ਵੀਰਪਾਲ ਕੌਰ ਸ਼ਾਮਲ ਸਨ।
ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ
ਜ਼ੀਰਾ (ਪੱਤਰ ਪ੍ਰੇਰਕ): ਕੁੰਡਲੀ ਬਾਰਡਰ ਦਿੱਲੀ ਵਿੱਚ ਕਿਸਾਨ ਆਗੂਆਂ ਨੇ ਮੋਰਚੇ ਦੀ ਚੜ੍ਹਦੀ ਕਲਾ ਲਈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ। ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਪਾਲ ਸਿੰਘ ਸੰਘਾ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਮੀ ਸਕੱਤਰ ਬਲਵੰਤ ਸਿੰਘ ਬ੍ਰਹਮਕੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਰਨਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਕਿ ਮੋਰਚੇ ਦੀ ਚੜ੍ਹਦੀ ਕਲਾ ਤੇ ਏਕਤਾ ਲਈ ਅਰਦਾਸ ਕੀਤੀ ਹੈ।