ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 19 ਜਨਵਰੀ
ਜੰਡਿਆਲਾ ਗੁਰੂ ਤੋਂ ਤਰਨਤਾਰਨ ਨੂੰ ਜਾਣ ਵਾਲੀ ਸੜਕ ਉਪਰ ਦੇਰ ਰਾਤ ਨੂੰ ਮਾਲ ਦਾ ਭਰਿਆ ਟਰਾਲਾ ਅਤੇ ਇੱਕ ਟਰੱਕ ਡੂੰਘੇ ਖੱਡਿਆਂ ਵਿੱਚ ਫਸ ਗਏ, ਜਿਸ ਕਾਰਨ ਇਹ ਸੜਕ ਆਵਾਜਾਈ ਲਈ ਦੇਰ ਰਾਤ ਤੋਂ ਬੰਦ ਹੋ ਗਈ ਅਤੇ ਰਾਹਗੀਰਾਂ ਨੂੰ ਬੇਹੱਦ ਪ੍ਰੇਸ਼ਾਨ ਹੋਣਾ ਪਿਆ। ਜੰਡਿਆਲਾ ਗੁਰੂ ਤੋਂ ਤਰਨਤਾਰਨ ਜਾਣ ਵਾਲੇ ਰਾਹੀਆਂ ਨੂੰ ਪਿੰਡ ਬੰਡਾਲਾ ਤੋਂ ਪਿੰਡ ਪੱਖੋਕੇ ਜਾਣੀਆਂ ਜਾਣ ਵਾਲੀ ਸੜਕ ਉੱਪਰੋਂ ਜਾਂ ਫਿਰ ਮਾਨਾਂਵਾਲਾ ਤੋਂ ਤਰਨਤਾਰਨ ਹਾਈਵੇਅ ਦੇ ਰਸਤੇ ਜਾਣਾ ਪੈ ਰਿਹਾ ਹੈ। ਮੌਕੇ ’ਤੇ ਰਾਹਗੀਰ ਗੁਰਜੀਤ ਸਿੰਘ ਵਾਸੀ ਨੋਨੇ ਸੁਰਜੀਤ ਸਿੰਘ ਵਾਸੀ ਠੱਠੀਆਂ ਹਰਦੀਪ ਸਿੰਘ ਵਾਸੀ ਬੰਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਇਹ ਕਰੀਬ ਤਿੰਨ ਕਿਲੋਮੀਟਰ ਸੜਕ ਦਾ ਟੁਕੜਾ ਜੋ ਜੰਡਿਆਲਾ ਤਰਨਤਾਰਨ ਸੜਕ ‘ਤੇ ਸਥਿਤ ਹੈ, ਪਿਛਲੇ ਪੰਜ ਸਾਲਾਂ ਤੋਂ ਇਸੇ ਤਰ੍ਹਾਂ ਹੀ ਖਸਤਾ ਹਾਲਤ ਵਿਚ ਹੈ। ਉਨ੍ਹਾਂ ਕਿਹਾ ਪਿਛਲੇ ਦਿਨੀਂ ਹਲਕਾ ਵਿਧਾਇਕ ਜੰਡਿਆਲਾ ਗੁਰੂ ਸੁਖਵਿੰਦਰ ਸਿੰਘ ਡੈਨੀ ਨੇ ਵੀ ਇਸ ਦਾ ਮੌਕਾ ਵੇਖਿਆ ਸੀ ਪਰ ਖਾਨਾਪੂਰਤੀ ਲਈ ਖੱਡਿਆਂ ਵਿੱਚ ਸਿਰਫ਼ ਮਿੱਟੀ ਪਵਾ ਦਿੱਤੀ ਗਈ ਅਤੇ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੱਢਿਆ ਗਿਆ। ਸਥਾਨਕ ਵਾਸੀਆਂ ਨੇ ਦੱਸਿਆ ਕਿ ਇਸ ਸੜਕ ਦੇ ਖ਼ਰਾਬ ਹੋਣ ਦੀ ਵਜ੍ਹਾ ਕਲੋਨੀ ਦਾ ਗੰਦਾ ਪਾਣੀ ਹੈ ਜਿਸ ਦੀ ਨਿਕਾਸੀ ਨਾ ਹੋਣ ਕਾਰਨ ਇਹ ਗੰਦਾ ਪਾਣੀ ਇਥੇ ਬਣੇ ਇੱਕ ਛੋਟੇ ਛੱਪੜ ਵਿੱਚੋਂ ਓਵਰਫਲੋਅ ਹੋ ਕੇ ਸੜਕ ਉੱਤੇ ਖਲੋਤਾ ਰਹਿੰਦਾ ਹੈ ਜਿਸ ਕਾਰਨ ਸੜਕ ਟੁੱਟ ਜਾਂਦੀ ਹੈ ਅਤੇ ਇਸ ਜਗ੍ਹਾ ਸੜਕ ਉਪਰ ਤਿੱਨ-ਤਿੱਨ ਫੁੱਟ ਡੂੰਘੇ ਟੋਏ ਪੈ ਗਏ ਹਨ। ਅੱਜ ਦੇਰ ਰਾਤ ਤੋਂ ਇਸ ਜਗ੍ਹਾ ਉਪਰ ਗੱਡੀਆਂ ਸੜਕ ਵਿੱਚ ਫਸ ਗਈਆਂ ਜਿਸ ਕਾਰਨ ਟਰੈਫਿਕ ਬਿਲਕੁਲ ਬੰਦ ਹੋ ਗਿਆ ਹੈ।ਇਸ ਸਬੰਧੀ ਪੀਡਬਲਿਊਡੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਜਦੋਂ ਤਕ ਇਸ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪੱਕਾ ਹੱਲ ਨਹੀਂ ਨਿਕਲਦਾ ਉਦੋਂ ਤੱਕ ਉਹ ਖ਼ਰਾਬ ਸੜਕ ਨੂੰ ਨਹੀਂ ਬਣਾ ਸਕਦੇ ਕਿਉਂਕਿ ਜੇ ਉਹ ਸੜਕ ਦੀ ਮੁਰੰਮਤ ਕਰਦੇ ਹਨ ਤਾਂ ਸੜਕ ਵਿੱਚ ਪਾਣੀ ਇਕੱਠਾ ਹੋਣ ਨਾਲ ਸੜਕ ਜ਼ਿਆਦਾ ਦੇਰ ਨਹੀਂ ਟਿਕ ਸਕਦੀ।