ਪੱਤਰ ਪ੍ਰੇਰਕ
ਮਾਛੀਵਾੜਾ, 19 ਜਨਵਰੀ
ਇੱਥੇ ਅੱਜ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ਸੀਟੂ, ਆਲ ਇੰਡੀਆ ਕਿਸਾਨ ਸਭਾ, ਆਲ ਇੰਡੀਆ ਖੇਤ ਮਜ਼ਦੂਰ ਯੂਨੀਅਨ ਦੇ ਸਾਂਝੇ ਸੱਦੇ ’ਤੇ ਪਿੰਡ ਚੌਂਤਾ ਵਿੱਚ ਗਿਆਨ ਮੰਡ ਦੀ ਪ੍ਰਧਾਨਗੀ ਹੇਠ ਸੀਟੂ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਚੜੂਨੀ ਅਤੇ ਕਾਦੀਆਂ ਵੱਲੋਂ 19 ਜਨਵਰੀ 1982 ਦੀ ਦੇਸ਼ ਪੱਧਰੀ ਹੜਤਾਲ ਦੇ ਸ਼ਹੀਦ ਮਜ਼ਦੂਰਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸੀਟੂ ਪੰਜਾਬ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਕਿਸਾਨ ਮੋਰਚੇ ਦੇ ਲਿਖਤੀ ਭਰੋਸੇ ’ਤੇ ਮੋਦੀ ਸਰਕਾਰ ਵਲੋਂ ਰੱਤੀ ਭਰ ਵੀ ਅਮਲ ਨਾ ਕਰਨ ਵਿਰੁੱਧ 31 ਜਨਵਰੀ ਨੂੰ ਵਿਸ਼ਵਾਸਘਾਤ ਦਿਵਸ ਮਨਾਇਆ ਜਾਵੇਗਾ। ਇਸ ਤਹਿਤ ਸੀਟੂ ਵੱਲੋਂ ਪੂਰੇ ਸੂਬੇ ’ਚ ਮੋਦੀ ਸਰਕਾਰ ਵਿਰੁੱਧ ਵਿਸ਼ਵਾਸ਼ਘਾਤ ਦਿਵਸ ਦੇ ਐਕਸ਼ਨ ਵਿਚ ਡੱਟ ਕੇ ਹਿੱਸਾ ਲਵੇਗਾ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ 23-24 ਫਰਵਰੀ ਦੀ ਹੜਤਾਲ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ। ਸਾਬਕਾ ਚੇਅਰਮੈਨ ਸਤਪਾਲ ਜੋਸ਼ੀਲਾ ਨੇ ਪੰਜਾਬ ਅਸੈਂਬਲੀ ਚੋਣਾਂ ਵਿਚ ਖੱਬੇ ਪੱਖੀ ਪਾਰਟੀਆਂ ਦਾ ਸਮਰਥਨ ਕਰਦਿਆਂ ਭਾਜਪਾ, ਉਸ ਦੇ ਸਹਿਯੋਗੀਆਂ ਨੂੰ ਕਰਾਰੀ ਹਾਰ ਦੇਣ, ਧਰਮ ਨਿਰਪੱਖ ਅਤੇ ਜਮਹੂਰੀ ਪਾਰਟੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਨੰਬਰਦਾਰ ਯੂਨੀਅਨ ਦੇ ਸੱਕਤਰ ਸਾਥੀ ਹਰੀ ਰਾਮ ਭੱਟੀ ਨੇ ਟਰਾਂਸਪੋਰਟ ਵਰਕਰਾਂ, ਆਸ਼ਾ ਵਰਕਰਾਂ, ਮਿਡ-ਡੇਅ ਮੀਲ ਵਰਕਰਾਂ, ਆਂਗਨਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਨੂੰ ਇੱਕ ਚੰਗੀ ਪਹਿਲ ਕਰਾਰ ਦਿੱਤਾ। ਇਸ ਮੌਕੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਝੂੰਗੀਆਂ, ਜੋਰਾ ਸਿੰਘ ਕਡਿਆਣਾ, ਸਿਕੰਦਰ ਬਖ਼ਸ਼ ਮੰਡ ਚੌਂਤਾ, ਮੰਗਾ ਸਿੰਘ, ਗੁਰਪ੍ਰੀਤ ਸਿੰਘ ਚੌਂਤਾ, ਰਾਜੂ ਪਹਿਲਵਾਨ, ਮੇਲਾ ਸਿੰਘ, ਰੋਸ਼ਨ ਸਿੰਘ ਚੌਂਤਾ, ਅਮਰੀਕ ਸਿੰਘ, ਬਹਾਦਰ ਸਿੰਘ ਗੁੱਜਰਵਾਲ ਹਾਜ਼ਰ ਸਨ।0