ਪੱਤਰ ਪ੍ਰੇਰਕ
ਤਪਾ ਮੰਡੀ, 2 ਸਤੰਬਰ
ਬਜ਼ੁਰਗਾਂ ਤੇ ਹੋਰ ਲਾਭਪਾਤਰੀਆਂ ਦੀਆਂ ਪੈਨਸ਼ਨਾਂ ਲਾਭਪਾਤਰੀਆਂ ਦੇ ਖਾਤਿਆਂ ’ਚ ਜਮ੍ਹਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ, ਪਰ ਬਹੁਤ ਸਾਰੇ ਲੋਕਾਂ ਦੀਆਂ ਪਿਛਲੇ ਤਿੰਨ-ਤਿੰਨ ਮਹੀਨਿਆਂ ਦੀਆਂ ਪੈਨਸ਼ਨਾਂ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਨਹੀਂ ਹੋਈਆਂ। ਤਪਾ ਦੇ ਹਰਬੰਸ ਲਾਲ ਨੇ ਦੱਸਿਆ ਕਿ ਉਹ ਵਾਰ ਵਾਰ ਬੈਂਕ ਦੇ ਗੇੜੇ ਮਾਰ ਮਾਰ ਥੱਕ ਗਿਆ ਹੈ ਤੇ ਅੱਗੋਂ ਰਿਟਆ ਰਟਾਇਆ ਜਵਾਬ ਮਿਲਦਾ ਹੈ ਕਿ ਤੁਹਾਡੀ ਪੈਨਸ਼ਨ ਅਜੇ ਨਹੀਂ ਆਈ। ਇਹੀ ਸ਼ਕਾਇਤ ਤਪਾ ਦੇ ਸੋਹਣ ਲਾਲ ਗੋਇਲ ਨੇ ਕੀਤੀ ਹੈ। ਉਪਰੋਕਤ ਲਾਭਪਾਤਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨਾਂ ਦੀਆਂ ਪੈਂਨਸ਼ਨਾਂ ਤੁਰੰਤ ਜਾਰੀ ਕੀਤੀਆਂ ਜਾਣ। ਜਦੋਂ ਇਸ ਸਬੰਧੀ ਜ਼ਿਲਾ ਸਮਾਜਿਕ ਸੁਰੱਖਿਆ ਅਧਿਕਾਰੀ ਡਾ. ਤਿਵਾਸ਼ਪ੍ਰੀਤ ਕੌਰ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਹਰ ਇੱਕ ਯੋਗ ਲਾਭਪਾਤਰੀ ਦੇ ਖਾਤਿਆਂ ਵਿੱਚ ਪੈਨਸ਼ਨਾਂ ਜਮ੍ਹਾਂ ਹੋ ਗਈਆਂ ਹਨ। ਕਈ ਅਜਿਹੇ ਲਾਭਪਾਤਰੀ ਹਨ, ਜਿਨ੍ਹਾਂ ਅਪਣੇ ਖਾਤੇ ਆਧਾਰ ਕਾਰਡ ਨਾਲ ਰਜਿਸਟਰਡ ਨਹੀਂ ਕਰਵਾਏ। ਕਈ ਖਾਤਾਧਾਰਕ ਆਪਣੇ ਖਾਤਿਆਂ ਵਿੱਚੋਂ ਸਾਰੇ ਪੈਸੇ ਕਢਵਾ ਲੈਂਦੇ ਹਨ ਅਤੇ ਬੈਂਕ ਉਨ੍ਹਾਂ ਦੇ ਖਾਤੇ ਜਾਮ ਕਰ ਦਿੰਦੀ ਹੈ। ਅਜਿਹੇ ਵਿਅਕਤੀ ਬਰਨਾਲੇ ਦਫ਼ਤਰ ਵਿੱਚ ਆਪਣੇ ਆਧਾਰ ਕਾਰਡ ਅਤੇ ਬੈਂਕ ਕਾਪੀ ਲੈ ਕੇ ਆ ਜਾਣ। ਦਰੁਸਤੀ ਕਰਕੇ ਪੈਨਸ਼ਨ ਚਾਲੂ ਕਰਵਾ ਦਿੱਤੀ ਜਾਵੇਗੀ।