ਹਰਜੀਤ ਸਿੰਘ
ਡੇਰਾਬੱਸੀ, 9 ਅਪਰੈਲ
ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਕਨਵੀਨਰ ਤੇ ਐਸਡੀਐਮ ਕੁਲਦੀਪ ਬਾਵਾ ਦੀ ਅਗਵਾਈ ਵਿੱਚ ਹੋਈ। ਇਸ ਦੌਰਾਨ ਸਰਬਸੰਮਤੀ ਨਾਲ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੇ ਨੇੜਲੇ ਤੇ ਵਾਰਡ ਨੰਬਰ 14 ਤੋਂ ਕੌਂਸਲਰ ਰਣਜੀਤ ਸਿੰਘ ਰੈਡੀ ਨੂੰ ਪ੍ਰਧਾਨ ਚੁਣਿਆ ਗਿਆ।
ਮੀਟਿੰਗ ਦੌਰਾਨ ਅੱਜ ਅਕਾਲੀ ਦਲ ਦੇ ਤਿੰਨ, ਭਾਜਪਾ ਦਾ ਇੱਕ ਅਤੇ ਇੱਕ ਆਜ਼ਾਦ ਕੌਂਸਲਰ ਵੀ ਹਾਜ਼ਰ ਰਿਹਾ। ਐਸਡੀਐਮ ਸ੍ਰੀ ਬਾਵਾ ਵੱਲੋਂ ਸਾਰੇ ਕੌਂਸਲਰਾਂ ਨੂੰ ਪਹਿਲਾਂ ਅਹੁਦੇ ਦੀ ਸਹੁੰ ਚੁਕਾਈ ਗਈ। ਮੀਟਿੰਗ ਦੌਰਾਨ ਕੌਂਸਲਰ ਵਿਕਰਾਂਤ ਪਵਾਰ ਵੱਲੋਂ ਪ੍ਰਧਾਨਗੀ ਲਈ ਸ੍ਰੀ ਰੈਡੀ ਦੇ ਨਾਂਂ ਦੀ ਪੇਸ਼ਕਸ਼ ਕੀਤੀ ਗਈ ਜਿਸ ਨੂੰ ਕੌਂਸਲਰ ਇੰਦੂ ਸੈਣੀ ਅਤੇ ਕੌਂਸਲਰ ਹਰਵਿੰਦਰ ਪਟਵਾਰੀ ਵੱਲੋਂ ਤਾਈਦ ਕੀਤਾ ਗਿਆ। ਇਸ ਮਗਰੋਂ ਕਾਂਗਰਸ ਦੇ ਸਾਰੇ 14, ਇੱਕ ਆਜ਼ਾਦ ਕੌਂਸਲਰ ਵੱਲੋਂ ਹੱਥ ਚੁੱਕ ਕੇ ਸਹਿਮਤੀ ਦਿੱਤੀ ਗਈ।
ਮੀਟਿੰਗ ਮਗਰੋਂ ਕੌਂਸਲ ਦਫ਼ਤਰ ਪਹੁੰਚੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਰਣਜੀਤ ਸਿੰਘ ਰੈਡੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੰਮੇਂ ਸਮੇਂ ਬਾਅਦ ਕਾਂਗਰਸ ਦੀ ਕੌਂਸਲ ਵਿਚ ਵਾਪਸੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਚੁਣੀ ਗਈ ਨਵੀਂ ਟੀਮ ਨਾਲ ਸ਼ਹਿਰ ਦਾ ਬਿਨਾਂ ਪੱਖਪਾਤ ਤੋਂ ਵਿਕਾਸ ਕੀਤਾ ਜਾਵੇਗਾ। ਜ਼ੀਰਕਪੁਰ ਦੇ ਨਾਲ ਡੇਰਾਬੱਸੀ ਤੱਕ ਕਜੋਲੀ ਵਾਟਰ ਵਰਕਸ ਤੋਂ ਨਹਿਰੀ ਪਾਣੀ ਲਿਆਉਣਾ ਅਤੇ ਸ਼ਹਿਰ ਦਾ ਅਤਿ ਆਧੁਨਿਕ ਬੱਸ ਸਟੈਂਡ ਬਣਾਉਣਾ ਮੁੱਖ ਏਜੰਡੇ ਰਹਿਣਗੇ। ਸ੍ਰੀ ਢਿੱਲੋਂ ਨੇ ਕਿਹਾ ਕਿ ਕੌਂਸਲ ਵਿੱਚ ਪਹੁੰਚੇ ਹੋਰਨਾਂ ਪਾਰਟੀਆਂ ਦੇ ਕੌਂਸਲਰਾਂ ਦੇ ਵਾਰਡਾਂ ਵਿੱਚ ਬਿਨਾਂ ਪੱਖਪਾਤ ਤੋਂ ਵਿਕਾਸ ਕੀਤਾ ਜਾਏਗਾ। ਸ੍ਰੀ ਰੈਡੀ ਨੇ ਕਿਹਾ ਕਿ ਪ੍ਰਧਾਨ ਬਣਨ ਮਗਰੋਂ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਸਾਰੇ ਸ਼ਹਿਰ ਦਾ ਚਹੁਤਰਫ਼ਾ ਵਿਕਾਸ ਕੀਤਾ ਜਾਵੇਗਾ। ਸ੍ਰੀ ਢਿੱਲੋਂ ਨੇ ਕਿਹਾ ਕਿ ਛੇਤੀ ਹੀ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਵਾਈ ਜਾਵੇਗੀ।