ਰਾਮਦੇਵ ਦੀ ਹਕੀਕਤ
29 ਮਈ ਦਾ ਸੰਪਾਦਕੀ ‘ਗ਼ੈਰ-ਵਿਗਿਆਨਕ ਪ੍ਰਚਾਰ’ ਵਿਚ ਯੋਗ ਦੇ ਜ਼ਰੀਏ ਮਸ਼ਹੂਰ ਹੋਏ ਰਾਮਦੇਵ ਦੀ ਗ਼ਲਤ ਬਿਆਨੀ ਨੂੰ ਵਿਗਿਆਨਕ ਨਜ਼ਰੀਏ ਤੋਂ ਰੱਦ ਕੀਤਾ ਗਿਆ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਰਾਮਦੇਵ ਨਾ ਤਾਂ ਕੋਈ ਲੋਕ ਪੱਖੀ ਬਾਬਾ ਜਾਂ ਸਵਾਮੀ ਹੈ ਅਤੇ ਨਾ ਹੀ ਉਸ ਅੰਦਰ ਸਹੀ ਯੋਗਾਚਾਰੀਆ ਵਰਗੀ ਨੈਤਿਕਤਾ ਹੈ ਬਲਕਿ ਉਹ ਵੱਡਾ ਪੂੰਜੀਪਤੀ ਅਤੇ ਭਾਜਪਾ ਪੱਖੀ ਸਿਆਸੀ ਪ੍ਰਚਾਰਕ ਜ਼ਿਆਦਾ ਹੈ। ਉਸ ਦਾ ਮੁੱਖ ਮਕਸਦ ਯੋਗ ਦੇ ਬਹਾਨੇ ਰੂੜੀਵਾਦੀ ਏਜੰਡੇ ਦਾ ਪ੍ਰਸਾਰ ਕਰਨ ਅਤੇ ਆਪਣਾ ਵਪਾਰ ਵਧਾਉਣ ਦਾ ਹੈ। ਇਸੇ ਏਜੰਡੇ ਅਤੇ ਭਾਜਪਾ ਦੀ ਸਰਪ੍ਰਸਤੀ ਹੇਠ ਹੀ ਉਸ ਨੇ ਐਲੋਪੈਥੀ ਪ੍ਰਣਾਲੀ ਅਤੇ ਡਾਕਟਰਾਂ ਖ਼ਿਲਾਫ਼ ਟਿੱਪਣੀਆਂ ਕੀਤੀਆਂ ਹਨ। ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਭਾਵੇਂ ਰਾਮਦੇਵ ਖ਼ਿਲਾਫ਼ ਦਿੱਲੀ ਵਿਚ ਸ਼ਿਕਾਇਤ ਦਰਜ ਕਰਵਾਉਣ ਤੋਂ ਇਲਾਵਾ ਉਸ ਨੂੰ ਮਾਣਹਾਨੀ ਨੋਟਿਸ ਭੇਜਿਆ ਪਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਵੱਲੋਂ ਜਾਰੀ ਬਿਆਨ ਕਿ ‘ਜੇਕਰ ਰਾਮਦੇਵ ਵਿਵਾਦ ਵਾਲੀਆਂ ਟਿੱਪਣੀਆਂ ਵਾਪਸ ਲਵੇ ਤਾਂ ਸ਼ਿਕਾਇਤ ਵਾਪਸ ਲਈ ਜਾ ਸਕਦੀ ਹੈ, ਉਨ੍ਹਾਂ ਦੇ ਮਨ ਵਿਚ ਰਾਮਦੇਵ ਖ਼ਿਲਾਫ਼ ਕੁਝ ਵੀ ਨਹੀਂ ਹੈ’ ਵਿਚ ਕੇਂਦਰੀ ਸਿਹਤ ਮੰਤਰੀ ਅਤੇ ਕੇਂਦਰ ਸਰਕਾਰ ਦੇ ਦਬਾਅ ਦੀ ਸਮਝੌਤਾਵਾਦੀ ਸੰਭਾਵਨਾ ਸਾਫ਼ ਨਜ਼ਰ ਆਉਂਦੀ ਹੈ। ਭਾਰਤੀ ਮੈਡੀਕਲ ਐਸੋਸੀਏਸ਼ਨ ਨੂੰ ਵਿਗਿਆਨ ਅਤੇ ਵਿਗਿਆਨਕ ਸੋਚ ਨੂੰ ਬਚਾਉਣ ਅਤੇ ਲੋਕਤੰਤਰ ਦੇ ਵਡੇਰੇ ਹਿੱਤਾਂ ਦੀ ਰਾਖੀ ਲਈ ਹੋਰਨਾਂ ਲੋਕ ਪੱਖੀ ਜਮਹੂਰੀ ਧਿਰਾਂ ਨੂੰ ਨਾਲ ਲੈ ਕੇ ਆਪਣੇ ਸਟੈਂਡ ਉੱਤੇ ਅੱਗੇ ਵਧਣ ਦੀ ਲੋੜ ਹੈ। ਇਸ ਤੋਂ ਬਿਨਾਂ ਹੁਣ ਹੋਰ ਕੋਈ ਚਾਰਾ ਨਹੀਂ।
ਦਮਨਜੀਤ ਕੌਰ, ਧੂਰੀ (ਸੰਗਰੂਰ)
ਦੋ ਕਮੀਜ਼ਾਂ ਵਾਲਾ ਅਫ਼ਸਰ
29 ਮਈ ਦੇ ਅੰਕ ਵਿਚ ਜਗਜੀਤ ਪੁਰੀ ਦਾ ਮਿਡਲ ‘ਦੋ ਕਮੀਜ਼ਾਂ ਵਾਲਾ ਡੀਸੀ’ ਜਿਸ ਵਿਚ ਉਸ ਨੇ ਪੰਜਾਬ ਦੇ ਰਿਟਾਇਰਡ ਆਈਏਐੱਸ ਅਫ਼ਸਰ ਜੇਐੱਨਐੱਲ ਸ੍ਰੀਵਾਸਤਵ ਨੂੰ ਸ਼ਰਧਾ ਨਾਲ ਯਾਦ ਕੀਤਾ ਹੈ, ਦਿਲ ਦੀਆਂ ਗਹਿਰਾਈਆਂ ਨੂੰ ਛੂਹ ਗਿਆ। ਜਦੋਂ ਇਹ ਪੜ੍ਹਿਆ ਕਿ 1980 ਵਿਚ ਉਨ੍ਹਾਂ ਨੇ ਇਕ ਸਾਲ ਲਈ ਸਟੇਟ ਟਰਾਂਸਪੋਰਟ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ ਤਾਂ ਇਹ ਪੰਜਾਬ ਰੋਡਵੇਜ਼ ਦੇ ਇਤਿਹਾਸ ਵਿਚ ਉਹ ਵਿਰਲਾ ਸਮਾਂ ਸੀ ਜਦੋਂ ਇਸ ਅਦਾਰੇ ਨੇ ਮੁਨਾਫ਼ਾ ਕਮਾਇਆ ਤਾਂ ਇਸ ਅਫ਼ਸਰ ਪ੍ਰਤੀ ਸ਼ਰਧਾ ਤੇ ਪਿਆਰ ਨਾਲ ਸਿਰ ਝੁਕ ਗਿਆ। ਅੱਜ ਦੇ ਭਾਰਤੀ ਨਿਜ਼ਾਮ ਦੀ ਤ੍ਰਾਸਦੀ ਇਹੋ ਹੈ ਕਿ ਬਹੁਤ ਸਾਰੇ ਅਫ਼ਸਰ ਜਾਂ ਤਾਂ ਸਿਆਸਤਦਾਨਾਂ ਤੋਂ ਡਰਦੇ ਹਨ, ਜਾਂ ਹੋਰ ਕਾਰਨਾਂ ਕਾਰਨ ਉਨ੍ਹਾਂ ਦੇ ਥੱਲੇ ਲੱਗੇ ਹੋਏ ਹਨ, ਜਾਂ ਉਨ੍ਹਾਂ ਨਾਲ ਘਿਓ ਖਿਚੜੀ ਹਨ। ਜੇਕਰ ਸ੍ਰੀਵਾਸਤਵ ਜੀ ਵਰਗੇ ਅਫ਼ਸਰ ਹੋਣ ਤਾਂ ਮੁਲਕ ਨੂੰ ਸਹੀ ਦਿਸ਼ਾ ਮਿਲ ਸਕਦੀ ਹੈ।
ਸੁਖਪਾਲ ਸਿੰਘ ਹੁੰਦਲ, ਮੁਹਾਲੀ
(2)
ਜਗਜੀਤ ਪੁਰੀ ਦਾ ਮਿਡਲ ‘ਦੋ ਕਮੀਜ਼ਾਂ ਵਾਲਾ ਡੀਸੀ’ ਪੜ੍ਹਿਆ। ਉੱਚ ਅਹੁਦੇ ’ਤੇ ਰਹਿ ਕੇ ਵੀ ਇਹੋ ਜਿਹੀਆਂ ਸ਼ਖ਼ਸੀਅਤਾਂ ਹੰਕਾਰ ਤੋਂ ਹਮੇਸ਼ਾਂ ਦੂਰ ਰਹਿ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਦੀਆਂ ਹਨ। ਸਮਾਜ ਅਤੇ ਮੁਲਕ ਨੂੰ ਖੁਸ਼ਹਾਲੀ ਅਤੇ ਕਾਮਯਾਬੀ ਲਈ ਅਜਿਹੇ ਇਮਾਨਦਾਰ ਲੋਕਾਂ ਦੀ ਜ਼ਰੂਰਤ ਹੈ।
ਅਨਿਲ ਕੌਸ਼ਿਕ, ਪਿੰਡ ਕਿਓੜਕ (ਕੈਥਲ, ਹਰਿਆਣਾ)
(3)
ਜਗਜੀਤ ਪੁਰੀ ਨੇ ਆਪਣੀ ਰਚਨਾ ‘ਦੋ ਕਮੀਜ਼ਾਂ ਵਾਲਾ ਡੀਸੀ’ ਵਿਚ ਬਹੁਤ ਸੁੰਦਰ ਢੰਗ ਨਾਲ ਸੇਵਾਮੁਕਤ ਆਈਏਐਸ ਅਫ਼ਸਰ ਜੀਐੱਨਐੱਲ ਸ੍ਰੀਵਾਸਤਵ ਦੇ ਜੀਵਨ ਅਤੇ ਇਮਾਨਦਾਰੀ ਬਾਰੇ ਲਿਖਿਆ ਹੈ। ਅਦਾਰੇ ਵੱਲੋਂ ਸੇਵਾਮੁਕਤ ਅਫ਼ਸਰਾਂ ਅਤੇ ਸਿਆਸਤਦਾਨਾਂ ਦੇ ਕਿਰਦਾਰ ਅਤੇ ਜਾਇਦਾਦ ਬਾਰੇ ਗੁਪਤ ਰੂਪ ਵਿਚ ਲੋਕਾਂ ਤੋਂ ਸੂਚਨਾ ਇਕੱਠੀ ਕਰ ਕੇ ਲੜੀ ਚਾਲੂ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਲੋਕਾਂ ਨੂੰ ਸਮਾਜ ਦੀ ਸੇਵਾ ਕਰਨ ਵਾਲਿਆਂ ਅਤੇ ਲੁੱਟਣ ਵਾਲਿਆਂ ਦਾ ਝਲਕਾਰਾ ਮਿਲੇ ਸਕੇਗਾ।
ਹਰਬੰਸ ਸਿੰਘ ਸੰਧੂ, ਮੈਲਬਰਨ (ਆਸਟਰੇਲੀਆ)
ਬਰਾਬਰੀ ਕਿੱਥੇ ਹੈ?
ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਠਾਲਾ ’ਚ ਪਰਿਵਾਰ ਦੀਆਂ ਤਿੰਨ ਔਰਤਾਂ ਵੱਲੋਂ ਖ਼ੁਦਕੁਸ਼ੀ ਕਰਨਾ ਰਾਜ ਤੇ ਕੇਂਦਰ ਸਰਕਾਰ ਦੀ ਨਾਲਾਇਕੀ ਹੈ ਜੋ ਬੇਰੁਜ਼ਗਾਰੀ, ਵਿਧਵਾ ਤੇ ਬੁਢਾਪਾ ਪੈਨਸ਼ਨ ਨਾ ਹੋਣ ਜਾਂ ਨਾਂਮਾਤਰ ਹੋਣ ਕਾਰਨ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਸਨ। ਅਜਿਹੀਆਂ ਖ਼ਬਰਾਂ ਆਮ ਛਪਦੀਆਂ ਹਨ। ਸਿਤਮਜ਼ਰੀਫੀ ਦੇਖੋ ਕਿ ਸਾਬਕਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਕਰੋੜਪਤੀ ਹੁੰਦਿਆਂ ਭਾਰੀ ਪੈਨਸ਼ਨ ਤਾਂ ਮਿਲਦੀ ਹੈ। ਇਸ ਤੋਂ ਬਿਨਾਂ ਹਾਕਮ ਪਾਰਟੀ ਦੇ ਮੈਂਬਰਾਂ ਨੂੰ ਚੇਅਰਪਰਸਨ ਵਜੋਂ ਭਾਰੀ ਤਨਖ਼ਾਹ, ਭੱਤੇ, ਸਰਕਾਰੀ ਗੱਡੀ, ਗੰਨਮੈਨ ਅਤੇ ਡਰਾਈਵਰ ਦੀਆਂ ਸਹੂਲਤਾਂ ਵੀ ਮਿਲਦੀਆਂ ਹਨ। ਇਹ ਸੰਵਿਧਾਨ ਅਨੁਸਾਰ ਸਮਾਨਤਾ ਦੀ ਸ਼ਰ੍ਹੇਆਮ ਬੇਅਦਬੀ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਖੇਤੀ ਦਾ ਬਦਲਵਾਂ ਮਾਡਲ
29 ਮਈ ਨੂੰ ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਕਿਸਾਨੀ ਸੰਕਟ ਦਾ ਹੱਲ ਖੇਤੀ ਦਾ ਬਦਲਵਾਂ ਮਾਡਲ’ ਪੜ੍ਹਿਆ। ਜੈਵਿਕ ਖੇਤੀ ਜਾਂ ਅਜਿਹਾ ਕੁਝ ਹੋਰ ਇੰਨਾ ਸੌਖਾ ਕਾਰਜ ਨਹੀਂ ਹੈ ਕਿਉਂਕਿ ਹਰੀ ਕ੍ਰਾਂਤੀ ਤੋਂ ਬਾਅਦ ਅਸੀਂ ਆਪਣੀ ਧਰਤੀ ਵਿਚ ਰਸਾਇਣਕ ਖਾਦਾਂ, ਕੀਟਨਾਸ਼ਕ ਅਤੇ ਨਦੀਨਨਾਸ਼ਕ ਇਸਤੇਮਾਲ ਕਰ ਕਰ ਕੇ ਧਰਤੀ ਨੂੰ ਬਰਬਾਦ ਕਰ ਦਿੱਤਾ ਹੈ। ਕਿਸਾਨ ਇਨ੍ਹਾਂ ਚੀਜ਼ਾਂ ਦੇ ਆਦੀ ਹੋ ਚੁੱਕੇ ਹਨ। ਇਨ੍ਹਾਂ ਤੋਂ ਬਗ਼ੈਰ ਫ਼ਸਲ ਦੀ ਪੈਦਾਵਾਰ ਨਹੀਂ ਹੁੰਦੀ ਅਤੇ ਕਾਰਪੋਰੇਟ ਘਰਾਣੇ ਵਾਲੇ ਰਸਾਇਣਕ ਖਾਦਾਂ, ਕੀਟਨਾਸ਼ਕ, ਨਦੀਨਨਾਸ਼ਕ ਹਰ ਸਾਲ ਮਹਿੰਗਾ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਕਿਸਾਨਾਂ ਨੇ ਇਹ ਖਰੀਦਣਾ ਹੀ ਹੈ। ਬਦਲਵੇਂ ਖੇਤੀ ਮਾਡਲ ਜਿਵੇਂ ਜੈਵਿਕ ਖੇਤੀ ਲਈ ਜ਼ਮੀਨ ਤਿਆਰ ਕਰਨ ਲਈ 3 ਸਾਲ ਦਾ ਸਮਾਂ ਲੱਗਦਾ ਹੈ। ਇਸ ਕਰ ਕੇ ਕਿਸਾਨ ਦੀ ਆਮਦਨੀ ’ਤੇ ਅਸਰ ਪੈਂਦਾ ਹੈ ਪਰ ਜੇ ਕਿਸਾਨਾਂ ਨੇ ਜੈਵਿਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿਸਾਨਾਂ ਦਾ ਰਸਾਇਣਕ ਖਾਦਾਂ, ਕੀਟਨਾਸ਼ਕ ਅਤੇ ਨਦੀਨਨਾਸ਼ਕ ਦਾ ਖ਼ਰਚ ਨਹੀਂ ਹੋਣਾ। ਇਹੀ ਨਹੀਂ, ਧਰਤੀ ਦੀ ਉਪਜਾਊ ਸ਼ਕਤੀ ਵੀ ਵਧੇਗੀ, ਇਸ ਨਾਲ ਮਨੁੱਖ ਦੀਆਂ ਬਿਮਾਰੀਆਂ ਵੀ ਘਟ ਜਾਣਗੀਆਂ ਅਤੇ ਸਿਹਤ ਵੀ ਠੀਕ ਰਹਿਣੀ ਹੈ। ਉਂਜ ਜੈਵਿਕ ਖੇਤੀ ਨੂੰ ਇਕੱਲਾ ਕਿਸਾਨ ਨਹੀਂ ਸ਼ੁਰੂ ਕਰ ਸਕਦਾ ਬਲਕਿ ਇਸ ਵਿਚ ਸਰਕਾਰੀ ਮਹਿਕਮਿਆਂ ਅਤੇ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਹੈ। ਸਭ ਦੀਆਂ ਕੋਸ਼ਿਸ਼ਾਂ ਨਾਲ ਹੀ ਬਦਲਾਓ ਹੋ ਸਕਦਾ ਹੈ।
ਹਰਦੇਵ ਸਿੰਘ, ਪਿੱਪਲੀ (ਕੁਰੂਕਸ਼ੇਤਰ, ਹਰਿਆਣਾ)
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd