ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਸਤੰਬਰ
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਊਗਰਾਹਾ ਬਲਾਕ ਲਹਿਰਾਗਾਗਾ ਵੱਲੋਂ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਵਿੱਚ ਪਿੰਡ ਸੰਗਤਪੁਰਾ ਵਿੱਚ ਨਹਿਰੀ ਵਿਭਾਗ ਦੀ ਕੋਠੀ ਦਾ ਵਾਰੰਟ ਕਬਜ਼ਾ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਇਸ ਨਹਿਰੀ ਵਿਭਾਗ ਦੀ ਕੋਠੀ ਅਤੇ ਜ਼ਮੀਨ ਦੀ ਸਰਕਾਰ ਵੱਲੋਂ ਨਿਲਾਮੀ ਕੀਤੀ ਗਈ ਸੀ ਤਾਂ ਕਿਸਾਨ ਇਸ ਦੀ ਬਣਦੀ ਕੀਮਤ ਚੈੱਕਾਂ ਰਾਹੀਂ ਦੇ ਚੁੱਕਿਆ ਹੈ। ਇਸ ਮੌਕੇ ਹੋਰ ਪਿੰਡਾਂ ਦੇ ਕਿਸਾਨ ਵੀ ਪਹੁੰਚੇ। ਬਲਾਕ ਆਗੂ ਦਰਸ਼ਨ ਕੋਟੜਾ ਬਲਜੀਤ ਗੋਬਿੰਦ ਗੜ੍ਹ ਜੇਜੀਆਂ ਅਤੇ ਬਿੰਦਰ ਖੋਖਰ, ਗੁਰਜੰਟ ਸੰਗਤਪੁਰਾ, ਬਿੱਕਰ ਖੋਖਰ, ਬਬਲੀ ਘੋੜੇਨਬ, ਨਛੱਤਰ ਕੋਟੜਾ ਕੁਲਦੀਪ ਰਾਮਗੜ੍ਹ ਵੀ ਹਾਜ਼ਰ ਸਨ। ਇਸ ਮਸਲੇ ਬਾਰੇ ਨਹਿਰੀ ਵਿਭਾਗ ਦਿਆਲਪੁਰਾ ਕੋਠੀ ਦੇ ਐੱਸਡੀਓ ਗੁਰਦੀਪ ਸਿੰਘ ਨੇ ਕਿਹਾ ਕਿ ਇਸ ਜ਼ਮੀਨ ਸਬੰਧੀ ਖਰੀਦਦਾਰ ਹਾਈ ਕੋਰਟ ’ਚ ਕੇਸ ਹਾਰ ਚੁੱਕੇ ਹਨ ਅਤੇ ਅਦਾਲਤ ਨੇ ਸਬੰਧਤ ਕਿਸਾਨ ਨੂੰ ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਜ਼ਮੀਨ ਨਹਿਰੀ ਵਿਭਾਗ ਦੀ ਹੈ ਅਤੇ ਅੱਜ ਇਸ ਦਾ ਕਬਜ਼ਾ ਲੈਣਾ ਸੀ ਪਰ ਮਾਲ ਵਿਭਾਗ ਅਨੁਸਾਰ ਸੁਰੱਖਿਆ ਲਈ ਪੁਲੀਸ ਨਾ ਮਿਲਣ ਕਰਕੇ ਇਹ ਅਗਲੀ ਵਾਰ ਕਬਜ਼ੇ ’ਚ ਲਈ ਜਾਵੇਗੀ।