ਜੋਗਿੰਦਰ ਸਿੰਘ ਮਾਨ
ਮਾਨਸਾ, 12 ਜੁਲਾਈ
ਇੱਥੋਂ ਨੇੜਲੇ ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਬੰਦ ਪਏ ਤਿੰਨੋਂ ਯੂਨਿਟਾਂ ਵਿਚੋਂ ਇੱਕ ਯੂਨਿਟ ਦੇ ਲਾਈਨ ਅੱਪ ਹੋਣ ਤੋਂ ਬਾਅਦ ਉਸ ਨੇ ਉਤਪਾਦਨ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਦੂਸਰੇ ਯੂਨਿਟ ਵੱਲੋਂ ਅੱਧੀ ਰਾਤ ਤੋਂ ਬਾਅਦ ਲਾਈਨ ਅੱਪ ਹੋ ਕੇ ਸਵੇਰੇ ਉਤਪਾਦਨ ਦੇਣ ਦੀ ਪ੍ਰਬੰਧਕਾਂ ਵੱਲੋਂ ਹਾਮੀ ਭਰੀ ਗਈ ਹੈ। ਤਾਪ ਘਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਚਾਲੂ ਹੋਏ ਇੱਕ ਯੂਨਿਟ ਵੱਲੋਂ 603 ਮੈਗਾਵਾਟ ਬਿਜਲੀ ਉਤਪਾਦਨ ਉੱਤਰੀ ਗਰਿੱਡ ਨੂੰ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ, ਪਰ ਬਾਅਦ ਦੁਪਹਿਰ ਮੀਂਹ ਪੈਣ ਤੋਂ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਲੋਡ ਘੱਟ ਕਰਨ ਦੀ ਕੀਤੀ ਗਈ ਹਦਾਇਤ ਤੋਂ ਬਾਅਦ ਇਸ ਯੂਨਿਟ ਨੰਬਰ-2 ਵੱਲੋਂ 330 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਤਾਪ ਘਰ ਦਾ ਬੰਦ ਪਿਆ ਇਕ ਹੋਰ ਯੂਨਿਟ ਅੱਧੀ ਰਾਤ ਤੱਕ ਚੱਲਣ ਦੀ ਉਮੀਦ ਹੈ, ਜਿਸ ਤੋਂ 660 ਤੋਂ ਵੱਧ ਮੈਗਾਵਾਟ ਬਿਜਲੀ ਪੈਦਾ ਹੋਣ ਦੀ ਉਮੀਦ ਬੱਝ ਜਾਵੇਗੀ। ਤਾਪ ਘਰ ਦੇ ਦੋਨੋਂ ਯੂਨਿਟਾਂ ਦੇ ਚਾਲੂ ਹੋਣ ਨਾਲ ਪੰਜਾਬ ਵਿੱਚੋਂ ਬਿਜਲੀ ਸੰਕਟ ਦੂਰ ਹੋਣ ਦੀ ਵੱਡੀ ਆਸ ਪੈਦਾ ਹੋ ਜਾਵੇਗੀ। ਤਾਪ ਘਰ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਤੀਜਾ ਯੂਨਿਟ ਵੀ ਇਸੇ ਮਹੀਨੇ ਦੇ ਅੰਤ ਤੱਕ ਚਾਲੂ ਹੋ ਜਾਵੇਗਾ, ਜਿਸ ਲਈ ਵਿਦੇਸ਼ ਵਿੱਚੋਂ ਮਸ਼ੀਨਰੀ ਪੁਹੰਚ ਗਈ ਹੈ, ਜਿਸ ਨੂੰ ਵਿਦੇਸ਼ੀ ਮਾਹਿਰ ਠੀਕ ਕਰਨ ਲਈ ਜੁਟੇ ਹੋਏ ਹਨ। ਇਸੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਵਿੱਚ ਮੌਨਸੂਨ ਵੱਲੋਂ ਦਸਤਕ ਦੇਣ ਤੋਂ ਬਾਅਦ ਹੁਣ ਬਿਜਲੀ ਵਾਧੂ ਹੋਣ ਦੀ ਉਮੀਦ ਪੈਦਾ ਹੋ ਗਈ ਹੈ।
ਮੁੱਖ ਮੰਤਰੀ ਵੱਲੋਂ ਪਾਵਰਕੌਮ ਨੂੰ ਬੰਦਸ਼ਾਂ ਹਟਾਉਣ ਦੇ ਹੁਕਮ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਸੰਕਟ ਦੇ ਮੱਦੇਨਜ਼ਰ ਸਨਅਤੀ ਖੇਤਰਾਂ ’ਤੇ ਲਾਈਆਂ ਬਿਜਲੀ ਬੰਦਿਸ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਅੱਜ ਬਿਜਲੀ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਇਸ ਮੌਕੇ ਪਾਵਰਕੌਮ ਨੂੰ ਨਿਰਦੇਸ਼ ਦਿੱਤੇ ਕਿ ਪੰਜਾਬ ਭਰ ਵਿਚ ਉਦਯੋਗਾਂ ’ਤੇ ਬਿਜਲੀ ਵਰਤੋਂ ਬਾਰੇ ਲਾਈਆਂ ਸਾਰੀਆਂ ਬੰਦਸ਼ਾਂ ਨੂੰ ਤੁਰੰਤ ਹਟਾਇਆ ਜਾਵੇ। ਮੁੱਖ ਮੰਤਰੀ ਨੇ ਅੱਜ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਬੰਦ ਪਏ ਤਿੰਨ ਯੂਨਿਟਾਂ ਵਿੱਚੋਂ ਇਕ ਯੂਨਿਟ ਦੇ ਚੱਲਣ ਉਪਰੰਤ ਇਹ ਫ਼ੈਸਲਾ ਲਿਆ। ਮੁੱਖ ਮੰਤਰੀ ਦੇ ਦਖ਼ਲ ਤੋਂ ਬਾਅਦ ਸੂਬੇ ਭਰ ਦੇ ਸਾਰੇ ਉਦਯੋਗ ਹੁਣ ਪੂਰੀ ਸਮਰੱਥਾ ਨਾਲ ਕੰਮ ਕਰ ਸਕਦੇ ਹਨ।
ਮੌਨਸੂਨ ਨੇ ਪਾਵਰਕੌਮ ਨੂੰ ਰਾਹਤ ਦਿਵਾਈ
ਪਟਿਆਲਾ (ਰਵੇਲ ਸਿੰਘ ਭਿੰਡਰ):ਪੰਜਾਬ ਦੇ ਬਹੁਤ ਸਾਰੇ ਖਿੱਤਿਆਂ ਵਿੱਚ ਅੱਜ ਭਰਵੀਂ ਬਾਰਸ਼ ਪੈਣ ਮਗਰੋਂ ਬਿਜਲੀ ਸੰਕਟ ਨਾਲ ਜੂਝ ਰਹੇ ਪਾਵਰਕੌਮ ਨੂੰ ਵੱਡੀ ਰਾਹਤ ਮਿਲੀ ਹੈ। ਮੌਸਮ ਦੇ ਬਦਲੇ ਮਿਜ਼ਾਜ ਮਗਰੋਂ ਬਿਜਲੀ ਦੀ ਮੰਗ ਵਿੱਚ ਵੱਡੀ ਗਿਰਾਵਟ ਦਰਜ ਹੋਈ ਹੈ ਤੇ ਪਾਵਰਕੌਮ ਨੇ ਉਦਯੋਗਾਂ ਸਮੇਤ ਹਰ ਤਰ੍ਹਾਂ ਦੇ ਪਾਵਰ ਕੱਟਾਂ ਨੂੰ ਹਟਾ ਲਿਆ ਹੈ। ਦਫ਼ਤਰਾਂ ਵਿੱਚ ਏਸੀ ’ਤੇ ਲਾਈਆਂ ਪਾਬੰਦੀਆਂ ਨੂੰ ਵੀ ਵਾਪਸ ਲੈ ਲਿਆ ਹੈ। ਪਾਵਰਕੌਮ ਲਈ ਅੱਜ ਦਿਨ ਵਧੀਆ ਚੜ੍ਹਿਆ ਮੰਨਿਆ ਜਾਂਦਾ ਹੈ, ਜਿਥੇ ਤੜਕੇ ਕਈ ਦਿਨਾਂ ਤੋਂ ਬੰਦ ਤਲਵੰਡੀ ਸਾਬੋ ਥਰਮਲ ਦੀ ਇੱਕ ਯੂਨਿਟ ਸ਼ੁਰੂ ਹੋ ਗਈ ਉਥੇ ਲੌਢੇ ਵੇਲੇ ਤੱਕ ਸੂਬੇ ਵਿੱਚ ਮੌਨਸੂਨ ਨੇ ਵੀ ਦਸਤਕ ਦੇ ਦਿੱਤੀ ਤੇ ਸੂਬੇ ਦੇ ਵੱਖ-ਵੱਖ ਖਿੱਤਿਆਂ ਵਿੱਚ ਭਰਵੀ ਬਾਰਸ਼ ਸ਼ੁਰੂ ਹੋ ਗਈ। ਪਾਵਰਕੌਮ ਦੇ ਸੀਐੱਮਡੀ ਇੰਜੀ.ਏ.ਵੇਣੂ ਪ੍ਰਸਾਦ ਨੇ ਦੱਸਿਆ ਕਿ ਪਾਵਰਕੌਮ ਬਿਜਲੀ ਸੰਕਟ ਤੋਂ ਬਾਹਰ ਆ ਗਿਆ ਹੈ। ਇਸ ਕਾਰਨ ਪਾਵਰਕੌਮ ਨੇ ਜਿਹੜੇ ਪਾਵਰ ਕੱਟ ਜਾਂ ਬਿਜਲੀ ਨਾਗੇ ਲਾਏ ਸਨ ਉਹ ਸਾਰੇ ਸਮੁੱਚੇ ਰੂਪ ਵਿੱਚ ਹਟਾ ਦਿੱਤੇ ਗਏ ਹਨ। ਸਨਅਤੀ ਖੇਤਰ ਨੂੰ ਵੀ ਹਫਤਾਵਾਰੀ ਨਾਗਿਆਂ ਤੋਂ ਮੁਕਤ ਕਰ ਦਿੱਤਾ ਹੈ।