ਨਵੀਂ ਦਿੱਲੀ, 10 ਅਗਸਤ
ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਅੱਜ ਕਿਹਾ ਕਿ ਬਾਲਾਕੋਟ ਹਵਾਈ ਹਮਲੇ ਅਤੇ ਗਲਵਾਨ ਘਾਟੀ ਝੜਪਾਂ ਮਗਰੋਂ ਸਟੀਕਤਾ ਨਾਲ ਨਿਸ਼ਾਨਿਆਂ ਨੂੰ ਫੁੰਡਣ, ਸੰਪਤੀ ਦੀ ਰੱਖਿਆ ਕਰਨ ਅਤੇ ਨਵੀਂ ਤਕਨੀਕ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਭਾਰਤੀ ਹਵਾਈ ਫੌਜ ਦੀ ਸਮਰੱਥਾ ਕਾਫ਼ੀ ਵਧੀ ਹੈ।
ਹਵਾਈ ਫ਼ੌਜ ਮੁਖੀ ਨੇ ਇੱਕ ਪ੍ਰਮੁੱਖ ਥਿੰਕ ਟੈਂਕ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੱਛਮੀ ਅਤੇ ਉਤਰੀ ਮੋਰਚਿਆਂ ’ਤੇ ਤੇਜ਼ੀ ਨਾਲ ਪ੍ਰਤੀਕਿਰਿਆ ਦੇਣ, ਤੇਜ਼ੀ ਨਾਲ ਜਵਾਬ ਦੇਣ ਅਤੇ ਤੇਜ਼ੀ ਨਾਲ ਹਮਲਾ ਕਰਨ ਵਿੱਚ ਭਾਰਤ ਦਾ ਹੁਣ ‘ਹੱਥ ਉਪਰ’ ਹੈ। ਉਨ੍ਹਾਂ ਕਿਹਾ ਕਿ ਰਾਫਾਲ ਲੜਾਕੂ ਜਹਾਜ਼ਾਂ ਨੂੰ ਹਵਾਈ ਫੌਜ ਦੇ ਬੇੜੇ ਵਿੱਚ ਸ਼ਾਮਲ ਕਰਨ ਨਾਲ ਅਪਰੇਸ਼ਨ ਕਾਇਆਕਲਪ ਨੂੰ ਅਗਲੇ ਪੜਾਅ ਤੱਕ ਲਿਜਾਣ ਵਿੱਚ ਮਦਦ ਮਿਲੀ ਹੈ। ਜੰਮੂ ਏਅਰਬੇਸ ’ਤੇ ਹੋਏ ਡਰੋਨ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਇਸ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਗਲੀ ਪੀੜ੍ਹੀ ਦੇ ‘ਜੈਮਰ’ ਖ਼ਰੀਦਣ ਸਮੇਤ ਕਈ ਸਾਰੇ ਪਹਿਲੂਆਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਹਮਲਾ ਦੋ-ਤਿੰਨ ਬਾਅਦ ਕੀਤਾ ਜਾਂਦਾ ਤਾਂ ਇਹ ਸੰਭਵ ਨਹੀਂ ਹੋਣਾ ਸੀ। ਮਈ ਵਿੱਚ ਇਜ਼ਰਾਈਲ ਅਤੇ ਹਮਾਸ ਦਰਮਿਆਨ 11 ਦਿਨ ਦੇ ਟਕਰਾਅ ਦਾ ਹਵਾਲਾ ਦਿੰਦਿਆਂ ਹਵਾਈ ਫ਼ੌਜ ਮੁਖੀ ਭਦੌਰੀਆ ਨੇ ਕਿਹਾ ਕਿ ਇਜ਼ਰਾਈਲ ਨੇ ਕੱਟੜਪੰਥੀ ਗਰੁੱਪ ਖ਼ਿਲਾਫ਼ ਗਾਜ਼ਾ ਵਿੱਚ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਸਰਜੀਕਲ ਮੁਹਿੰਮ ਚਲਾਈ ਸੀ। ਇਜ਼ਰਾਈਲ ਨੇ ਘੱਟੋ ਘੱਟ ਨੁਕਸਾਨ ਯਕੀਨੀ ਬਣਾਉਂਦਿਆਂ ਅਜਿਹਾ ਕੀਤਾ ਸੀ, ਜੋ ਉਸ ਦੀ ਹਵਾਈ ਫ਼ੌਜ ਦੀਆਂ ਸਮਰੱਥਾ ਕਾਰਨ ਹੋ ਸਕਿਆ ਸੀ। -ਪੀਟੀਆਈ