ਨਵੀਂ ਦਿੱਲੀ, 28 ਸਤੰਬਰ
ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਦੇ ਪਾਰਟੀ ਵਿਚ ਸ਼ਾਮਲ ’ਤੇ ਆਪਣੀ ਪਾਰਟੀ ‘ਤੇ ਵਿਅੰਗ ਕੀਤਾ ਹੈ। ਉਨ੍ਹਾਂ ਨੇ ਕਮਿਊਨਿਸਟ ਵਿਚਾਰਧਾਰਕ ਕੁਮਾਰਮੰਗਲਮ ਦੀ ਕਿਤਾਬ ‘ਕਮਿਊਨਿਸਟਸ ਇਨ ਕਾਂਗਰਸ’ ਦਾ ਹਵਾਲਾ ਦਿੱਤਾ। ਇਸ ਤੋਂ ਸਪਸ਼ਟ ਹੈ ਕਿ ਉਹ ਪਾਰਟੀ ’ਤੇ ਵਿਅੰਗ ਕਰ ਰਹੇ ਹਨ। ਲੋਕ ਸਭਾ ਮੈਂਬਰ ਤਿਵਾੜੀ ਨੇ ਟਵੀਟ ਕੀਤਾ, ‘ਕੁਝ ਕਮਿਊਨਿਸਟ ਆਗੂਆਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਕਿਆਸ ਹਨ। ਹੁਣ ਸ਼ਾਇਦ 1973 ਦੀ ਪੁਸਤਕ ‘ਕਮਿਊਨਿਸਟਸ ਇਨ ਕਾਂਗਰਸ’ ਦੇ ਪੰਨੇ ਦੁਬਾਰਾ ਪਲਟੇ ਜਾਣ। ਇੰਝ ਜਾਪਦਾ ਹੈ ਕਿ ਜਿੰਨੀ ਜ਼ਿਆਦਾ ਚੀਜ਼ਾਂ ਬਦਲਦੀਆਂ ਹਨ, ਉਹ ਉਨੀਆਂ ਹੀ ਪਹਿਲਾਂ ਵਾਂਗ ਰਹਿੰਦੀਆਂ ਹਨ। ਮੈਂ ਇਸ ਨੂੰ ਅੱਜ ਮੁੜ ਪੜ੍ਹਾਂਗਾ।’ ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਮੰਗਲਵਾਰ ਸ਼ਾਮ ਨੂੰ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ।