ਪੰਜਾਬ ਦੀ ਦੁਬਿਧਾ ਬਨਾਮ ਪੰਜਾਬ ਦਾ ਭਵਿੱਖ
22 ਦਸੰਬਰ ਨੂੰ ‘ਖਿਆਲ-ਦਰ-ਖਿਆਲ’ ਵਿਚ ਸਵਰਾਜਬੀਰ ਦਾ ਲੇਖ ‘ਪੰਜਾਬ ਦੀ ਦੁਬਿਧਾ’ ਪੜ੍ਹਿਆ। ਇਹ ਦੁਬਿਧਾ ਖ਼ਤਰਨਾਕ ਵੀ ਹੋ ਸਕਦੀ ਹੈ ਤੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਰਾਮ ਬਾਣ ਵੀ। ਇਤਿਹਾਸ ਵਿਚ ਵੀ ਦੁਬਿਧਾ ਵਾਲੇ ਅਜਿਹੇ ਮੌਕੇ ਆਏ ਹਨ। ਗੁਰਦੁਆਰਾ ਸੁਧਾਰ ਲਹਿਰ ਵੇਲੇ ਉੱਭਰੀ ਲੀਡਰਸ਼ਿਪ ਨੇ ਜਦੋਂ ਮੋਰਚਾ ਫਤਿਹ ਕਰ ਲਿਆ ਤਾਂ ਉਨ੍ਹਾਂ ਸਾਹਮਣੇ ਵੀ ਇਹੀ ਦੁਬਿਧਾ ਸੀ ਕਿ ਹੁਣ ਕੀ ਕੀਤਾ ਜਾਵੇ। ਉਨ੍ਹਾਂ ਫ਼ੈਸਲਾ ਕਰਕੇ ਦੁਬਿਧਾ ਦੂਰ ਕਰ ਲਈ ਤੇ ਸਾਰੀ ਲਹਿਰ ਦੀ ਲੀਡਰਸ਼ਿਪ ਦੇਸ਼ ਨੂੰ ਆਜ਼ਾਦ ਕਰਨ ਲਈ ਲੜੀ ਜਾ ਰਹੀ ਲੜਾਈ ਵੱਲ ਮੁੜ ਗਈ। ਅੱਜ ਵੀ ਪੰਜਾਬ ਲਈ ਕਿਸਾਨੀ ਸੰਘਰਸ਼ ਹੀ ਇਕੋ-ਇਕ ਆਸ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਰਲ ਕੇ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਂ ’ਤੇ ਰੋਟੀਆਂ ਸੇਕੀਆਂ ਹਨ। ਅੱਜ ਪੰਜਾਬ ਨੂੰ ਇਨ੍ਹਾਂ ਸਾਰਿਆਂ ਨੇ ਅਜਿਹੇ ਕੂਹਣੀ ਮੋੜ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਜਿੱਥੇ ਭਵਿੱਖ ਪੂਰੀ ਤਰ੍ਹਾਂ ਸੰਕਟ ਵਾਲਾ ਨਜ਼ਰ ਆ ਰਿਹਾ ਹੈ। ਇਸ ਲਈ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਅਗਵਾਈ ਕਰਨੀ ਚਾਹੀਦੀ ਹੈ ਤੇ ਪੰਜਾਬ ਦੀਆਂ ਸਾਰੀਆਂ ਸੁਹਿਰਦ ਧਿਰਾਂ ਨੂੰ ਨਾਲ ਲੈ ਕੇ ਵੱਡੇ ਸੰਘਰਸ਼ ਲਈ ਲਾਮਬੰਦ ਕਰਨਾ ਚਾਹੀਦਾ ਹੈ।
ਪਰਮਜੀਤ ਢੀਂਗਰਾ, ਮੁਕਤਸਰ
ਵੇਦਨਾ
22 ਦਸੰਬਰ ਦਾ ਸੰਪਾਦਕੀ ‘ਵਧ ਰਹੀ ਵੇਦਨਾ’ ਪੜ੍ਹਿਆ। ਬੇਅਦਬੀ ਮਾਮਲਿਆਂ ਕਾਰਨ ਸਿੱਖਾਂ ਦੀ ਵੇਦਨਾ ਦਾ ਵਧਣਾ ਕੁਦਰਤੀ ਹੈ। ਦੁਨੀਆ ਦੇ ਸਾਰੇ ਧਰਮਾਂ ਵਿਚੋਂ ਸਿੱਖ ਧਰਮ ਹੀ ਅਜਿਹਾ ਹੈ ਜੋ ਆਦਮੀ ਹੋਵੇ ਜਾਂ ਔਰਤ, ਗੋਰੇ ਹੋਣ ਜਾਂ ਕਾਲੇ, ਪੰਜਾਬੀ ਹੋਣ ਜਾਂ ਕਿਸੇ ਵੀ ਸੂਬੇ ਜਾਂ ਮੁਲਕ ਦੇ; ਮੁਸਲਿਮ, ਯਹੂਦੀ, ਪਾਰਸੀ, ਬੋਧੀ ਅਤੇ ਭਾਸ਼ਾ ਪੰਜਾਬੀ, ਹਿੰਦੀ ਜਾਂ ਸੰਸਕ੍ਰਿਤ ਵਗੈਰਾ ਸਭ ਨੂੰ ਬਰਾਬਰ ਸਮਝਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਇਸ ਦੀ ਮਿਸਾਲ ਹੈ। ਇਸ ਸੂਰਤ ਵਿਚ ਬੇਅਦਬੀਆਂ ਨਾਲ ਵੇਦਨਾ ਵਧਦੀ ਹੀ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਅੰਨਦਾਤੇ ਦੀ ਆਸਥਾ
18 ਦਸੰਬਰ ਨੂੰ ਡਾ. ਮੋਹਨ ਸਿੰਘ ਦੀ ਰਚਨਾ ‘ਕਿਸਾਨ ਅੰਦੋਲਨ ਦੀ ਜਿੱਤ ਅਤੇ ਨਵੀਂ ਵੰਗਾਰ’ ਅੰਨਦਾਤੇ ਦੀ ਆਸਥਾ ਅਤੇ ਦਰਿਆਦਿਲੀ ਨੂੰ ਦਰਸਾਉਣ ਵਾਲੀ ਹੈ। ਲੇਖਕ ਨੇ ਇਸ ਸੰਘਰਸ਼ ਨੂੰ 21ਵੀਂ ਸਦੀ ਦੇ ਕ੍ਰਿਸ਼ਮੇ ਵਜੋਂ ਨਵਾਜਿਆ ਹੈ। ਇਹ ਜਮਹੂਰੀਅਤ ਦੀ ਜਿੱਤ ਹੈ। ਇਸ ਕ੍ਰਾਂਤੀ ਨੇ ਸਮਾਜ ਵਿਚ ਵਿਚਰਦੇ ਹਰ ਵਰਗ ਦੇ ਸਵੈਮਾਣ ਨੂੰ ਜਗਾਇਆ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ, ਹਰਿਆਣਾ)
ਹਾਸੋਹੀਣੀ ਹਾਲਤ
18 ਦਸੰਬਰ ਨੂੰ ਪਹਿਲੇ ਪੰਨੇ ’ਤੇ ਲੱਗੀ ਖ਼ਬਰ ‘ਏਡਿਡ ਕਾਲਜਾਂ ਦੇ ਸਹਾਇਕ ਪ੍ਰੋਫ਼ੈਸਰ ਰੈਗੂਲਰ ਕਰਨ ਦੀ ਮਨਜ਼ੂਰੀ’ ਪੰਜਾਬ ਸਰਕਾਰ ਦੇ ਹਾਸੋਹੀਣੇ ਹਾਲਾਤ ਦੀ ਝਲਕ ਪੇਸ਼ ਕਰ ਰਹੀ ਹੈ। ਜਿਹੜੇ ਸਰਕਾਰੀ ਏਡਿਡ ਕਾਲਜਾਂ ਦੇ 1925 ਸਹਾਇਕ ਪ੍ਰੋਫ਼ੈਸਰਾਂ ਨੂੰ ਰੈਗੂਲਰ ਕਰਨ ਦੀ ਮਨਜ਼ੂਰੀ ਦੇ ਦਾਅਵੇ ਸਰਕਾਰ ਅੱਜ ਕਰ ਰਹੀ ਹੈ, ਉਨ੍ਹਾਂ ਨੂੰ ਅਸਲ ਵਿਚ ਸਰਕਾਰ 2 ਸਾਲ ਪਹਿਲਾਂ ਹੀ (ਜੁਲਾਈ 2019) ਵਿਚ ਰੈਗੂਲਰ ਕਰ ਚੁੱਕੀ ਹੈ। 2019 ਤੋਂ ਚੱਲ ਰਹੀ ਪ੍ਰਕਿਰਿਆ ਅਧੀਨ 3 ਸਾਲ ਪੂਰੇ ਕਰ ਚੁੱਕੇ ਸਹਾਇਕ ਪ੍ਰੋਫ਼ੈਸਰਾਂ ਦੇ ਕੇਸ ਬਣਾ ਕੇ ਕਾਲਜ ਵੱਲੋਂ ਡੀਪੀਆਈ ਦਫ਼ਤਰ ਨੂੰ ਭੇਜੇ ਜਾਂਦੇ ਹਨ। ਡੀਪੀਆਈ ਮੁਲੰਕਣ ਕਮੇਟੀ ਰਾਹੀਂ ਇਨ੍ਹਾਂ ਕੇਸਾਂ ਦੀ ਪੁਣ-ਛਾਣ ਕਰਕੇ ਫ਼ਾਇਨਾਂਸ ਵਿਭਾਗ ਦੇ ਕੈਬਨਿਟ ਦੀ ਮਨਜ਼ੂਰੀ ਲਈ ਭੇਜ ਦਿੰਦਾ ਹੈ। ਇਸ ਤਰ੍ਹਾਂ ਇਨ੍ਹਾਂ ਸਹਾਇਕ ਪ੍ਰੋਫ਼ੈਸਰਾਂ ਨੂੰ ਪੱਕੇ ਕੀਤਾ ਜਾਂਦਾ ਹੈ। ਕਈ ਏਡਿਡ ਕਾਲਜਾਂ ਦੇ ਸਹਾਇਕ ਪ੍ਰੋਫ਼ੈਸਰ ਪਹਿਲਾਂ ਹੀ ਪੂਰੇ ਗ੍ਰੇਡ ’ਚ ਤਨਖ਼ਾਹ ਲੈ ਰਹੇ ਹਨ। ਅਸਲ ਵਿਚ ਸਰਕਾਰ ਜਨਤਾ ਨੂੰ ਬਿਹਤਰ ਵਿੱਦਿਆ ਪ੍ਰਣਾਲੀ ਦੀ ਹਾਮੀ ਹੋਣ ਦਾ ਭੁਲੇਖਾ ਪਾ ਰਹੀ ਹੈ। ਇਹ ਦੂਹਰੀ ਮਨਜ਼ੂਰੀ ਦੀ ਬਜਾਇ ਸਰਕਾਰ ਨੂੰ ਸਹਾਇਕ ਪ੍ਰੋਫ਼ੈਸਰਾਂ ਨੂੰ ਰੈਗੂਲਰ ਕਰਨ ਦੀ ਗੁੰਝਲਦਾਰ ਪ੍ਰਕਿਰਿਆ ਵਿਚ ਢਿੱਲ ਦੇਣੀ ਚਾਹੀਦੀ ਸੀ, ਜਿਸ ਕਾਰਨ ਸਹਾਇਕ ਪ੍ਰੋਫ਼ੈਸਰ ਨੂੰ 3 ਸਾਲ ਪੂਰੇ ਕਰਨ ਤੋਂ ਬਾਅਦ ਵੀ ਰੈਗੂਲਰ ਹੋਣ ਲਈ ਘੱਟੋ-ਘੱਟ ਇਕ ਵਰ੍ਹਾ ਹੋਰ ਉਡੀਕ ਕਰਨੀ ਪੈਂਦੀ ਹੈ।
ਗੁਰਪ੍ਰਵੇਸ਼ ਸਿੰਘ ਢਿੱਲੋਂ, ਹਰਨਾਮ ਸਿੰਘ ਵਾਲਾ (ਬਠਿੰਡਾ)
ਬਦਲਦੀ ਦੁਨੀਆ
18 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਓਪਿੰਦਰ ਸਿੰਘ ਲਾਂਬਾ ਦੇ ਮਿਡਲ ‘ਟੇਵੇ ਵਾਲੀ ਜੁਗਤ’ ਦੀ ਇਹ ਗੱਲ ਬੜੀ ਵਧੀਆ ਲੱਗੀ ਕਿ ਬੰਦਾ ਹਮੇਸ਼ਾ ਆਪਣੇ ਕਰਮ, ਕਿਰਦਾਰ ਤੇ ਵਰਤਾਰੇ ਤੋਂ ਹੀ ਪਛਾਣਿਆ ਜਾਂਦਾ ਹੈ। ਅੱਜ ਦੇ ਸਮੇਂ ਵਿਚ ਅਜਿਹੇ ਬਹੁਤ ਘੱਟ ਲੋਕ ਰਹਿ ਗਏ ਹਨ ਜਿਨ੍ਹਾਂ ਦੇ ਕਿਰਦਾਰ ਅਤੇ ਕਰਮ, ਦੋਨੋਂ ਹੀ ਚੰਗੇ ਹੁੰਦੇ ਹਨ। ਤੇਜ਼ੀ ਨਾਲ ਬਦਲ ਰਹੇ ਵਕਤ ਨਾਲ ਸ਼ਾਇਦ ਦੁਨੀਆ ਵੀ ਤੇਜ਼ੀ ਨਾਲ ਬਦਲ ਰਹੀ ਹੈ। ਬਹੁਤੇ ਆਪਣੇ ਮਤਲਬ ਅਨੁਸਾਰ ਚੱਲਦੇ ਹਨ।
ਰੁਪਿੰਦਰ ਕੌਰ, ਸੱਦੋਮਾਜਰਾ (ਫਤਹਿਗੜ੍ਹ ਸਾਹਿਬ)
ਸਿਆਸੀ ਵਾਅਦੇ
17 ਦਸੰਬਰ ਨੂੰ ਵਿਪਨ ਜਲਾਲਾਬਾਦੀ ਦਾ ਮਿਡਲ ‘ਸੱਜਣ ਦੀ ਗੱਲ’ ਵੋਟਾਂ ਪੈਣ ਤੋਂ ਪਹਿਲਾਂ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਜਨਤਾ ਨਾਲ ਕੀਤੇ ਵਾਅਦਿਆਂ ਬਾਰੇ ਸਹੀ ਟਿੱਪਣੀ ਹੈ। ਜੇਤੂ ਉਮੀਦਵਾਰ ਚੋਣ ਮਗਰੋਂ ਜਨਤਾ ਦੇ ਦੁੱਖ-ਸੁੱਖ ਵਿਚ ਸ਼ਿਰਕਤ ਕਰਨ ਤੋਂ ਵੀ ਕੰਨੀ ਕੱਟਦੇ ਹਨ, ਆਪਣੇ ਹਲਕੇ ਦੇ ਪਿੰਡਾਂ ਦਾ ਵਿਕਾਸ ਤਾਂ ਦੂਰ ਦੀ ਗੱਲ ਹੈ।
ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)
ਵਿਦੇਸ਼ਾਂ ਵਿਚ ਸਫ਼ਲਤਾ
15 ਦਸੰਬਰ ਦੇ ਲੇਖ ‘ਪਰਵਾਸੀ ਭਾਰਤੀਆਂ ਦੀ ਸਫ਼ਲਤਾ ਦੇ ਯਤਨ ਅਤੇ ਅਣਗੌਲੇ ਸਵਾਲ ਵਿਚ ਟੀਐੱਨ ਨੈਨਾਨ ਨੇ ਭਾਰਤੀਆਂ ਦੀ ਵਿਦੇਸ਼ਾਂ ਵਿਚ ਜਾ ਕੇ ਸਫ਼ਲ ਹੋਣ ਬਾਰੇ ਗੱਲ ਕੀਤੀ ਹੈ। ਉਨ੍ਹਾਂ ਵੱਲੋਂ ਉਠਾਏ ਸਵਾਲ ਸੱਚਮੁੱਚ ਗੌਲਣ ਵਾਲੇ ਹਨ। ਉਂਜ ਇਕ ਗੱਲ ਹੋਰ ਧਿਆਨ ਮੰਗਦੀ ਹੈ ਕਿ ਇਨ੍ਹਾਂ ਜ਼ਹੀਨ, ਮਿਹਨਤੀ ਲੋਕਾਂ ਦੀ ਯੋਗਤਾ ਨੂੰ ਆਪਣੇ ਮੁਲਕ ਵਿਚ ਕਿਉਂ ਨਹੀਂ ਵਰਤਿਆ ਜਾ ਸਕਿਆ।
ਅਮਰਜੀਤ ਜੰਜੂਆ, ਈਮੇਲ
ਬੱਚਿਆਂ ਦੀ ਖੁਸ਼ੀ
ਅੰਜੂਜੀਤ ਪੰਜਾਬਣ ਦਾ ਲੇਖ ‘ਦੋਸਤੀ’ (ਨਜ਼ਰੀਆ, 15 ਦਸੰਬਰ) ਧਿਆਨ ਖਿੱਚਦਾ ਹੈ। ਅਸੀਂ ਜਿੱਥੇ ਮਰਜ਼ੀ ਚਲੇ ਜਾਈਏ, ਸਾਡੇ ਜਗੀਰੂ ਸੰਸਕਾਰ ਨਾਲ ਹੀ ਜਾਂਦੇ ਹਨ ਅਤੇ ਇਨ੍ਹਾਂ ਸੰਸਕਾਰਾਂ ਹੇਠ ਅਸੀਂ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਦਫ਼ਨ ਕਰ ਦਿੰਦੇ ਹਾਂ। ਇਹ ਲਿਖਤ ਮਾਪਿਆਂ ਨੂੰ ਪੜ੍ਹਨੀ ਅਤੇ ਹੋਰਾਂ ਨੂੰ ਪੜ੍ਹਾਉਣੀ ਚਾਹੀਦੀ ਹੈ।
ਖੁਸ਼ਬੀਰ ਕੌਰ ਸੰਧੂ, ਪਟਿਆਲਾ
(2)
‘ਦੋਸਤੀ’ ਹਕੀਕੀ ਰੂਪ ਵਿਚ ਦੋਸਤੀ ਬਿਆਨ ਕਰਦਾ ਲੇਖ ਹੈ। ਇਸ ਮਾਮਲੇ ਵਿਚ ਭਾਰਤ ਜਾਂ ਪੰਜਾਬ ਤੋਂ ਪੱਛਮੀ ਮੁਲਕਾਂ ਵਿਚ ਆਉਣ ਵਾਲੇ ਬਹੁਤ ਪਿੱਛੇ ਹਨ। ਮਾੜੀ ਗੱਲ ਇਹ ਹੈ ਕਿ ਅਸੀਂ ਪੱਛਮ ਵਾਲਿਆਂ ਦੀਆਂ ਚੰਗੀਆਂ ਗੱਲਾਂ ਸਿੱਖਦੇ ਹੀ ਨਹੀਂ ਹਾਂ ਸਗੋਂ ਆਪਣੇ ਰੀਤੀ-ਰਿਵਾਜ ਸਿਰਾਂ ਉਤੇ ਢੋਹ ਰਹੇ ਹਾਂ।
ਗੁਲਵੰਸ਼ ਸਿੰਘ, ਕੈਲਗਰੀ (ਕੈਨੇਡਾ)