ਪੱਤਰ ਪ੍ਰੇਰਕ
ਯਮੁਨਾਨਗਰ, 28 ਅਕਤੂਬਰ
ਇਥੇ ਰਾਦੌਰ ਮਾਰਗ ’ਤੇ ਸੀਐੱਮ ਉੱਡਣ ਦਸਤੇ ਨੇ ਛਾਪਾ ਮਾਰਕੇ ਸ਼ਰਾਬ ਨਾਲ ਭਰੇ ਤਿੰਨ ਟਰੱਕ ਕਾਬੂ ਕੀਤੇ ਹਨ, ਜੋ ਬਗੈਰ ਪਰਮਿਟ ਦੀ ਸ਼ਰਾਬ ਠੇਕਿਆਂ ’ਤੇ ਲਿਜਾ ਰਹੇ ਸਨ ਅਤੇ ਇਸ ਮਾਮਲੇ ਵਿੱਚ ਸੀਆਈਏ ਵਨ ਦੇ ਦਫ਼ਤਰ ਵਿੱਚ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਪਿਛਲੇ ਕਈ ਦਿਨਾਂ ਤੋਂ ਸੀਐੱਮ ਉੱਡਣ ਦਸਤੇ ਵੱਲੋਂ ਗੈਰ ਕਾਨੂੰਨੀ ਚੱਲ ਰਹੇ ਕੰਮਾਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੂੰ ਜੌੜੀਆਂ ਨਾਕੇ ਲਾਗੇ ਰਾਦੌਰ ਵੱਲੋਂ ਸ਼ਰਾਬ ਨਾਲ ਭਰੇ ਤਿੰਨ ਟਰੱਕ ਆਉਂਦੇ ਦਿਸੇ, ਜਿਨ੍ਹਾਂ ਦੀ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਟਰੱਕ ਡਰਾਈਵਰਾਂ ਕੋਲ ਸ਼ਰਾਬ ਬਾਰੇ ਕੋਈ ਕਾਗਜ਼ਾਤ ਨਹੀਂ ਸਨ, ਜਿਹੜੇ ਸਨ ਉਹ ਪੁਰਾਣੇ ਸਨ। ਦਸਤੇ ਦੇ ਅਧਿਕਾਰੀ ਦਿਨੇਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਬਕਾਰੀ ਵਿਭਾਗ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ ਅਤੇ ਉਸ ਦੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।