ਲਖਨਊ/ਕਾਨਪੁਰ, 16 ਫਰਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਮਾਜਵਾਦੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸਮੇਂ ਹੀ ਕੱਟੇ (ਦੇਸੀ ਪਸਤੌਲਾਂ) ਬਣਾਏ ਜਾਂਦੇ ਸਨ ਪਰ ਭਾਜਪਾ ਦੀ ਅਗਵਾਈ ਹੇਠ ਹੁਣ ਉਨ੍ਹਾਂ ਦੀ ਥਾਂ ਬ੍ਰਹਮੋਸ ਮਿਜ਼ਾਈਲਾਂ ਲੈਣਗੀਆਂ। ਮਲੀਹਾਬਾਦ ਅਤੇ ਬਾਬੂਪੁਰਵਾ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬ੍ਰਹਮੋਸ ਮਿਜ਼ਾਈਲ ਹੁਣ ਲਖਨਊ ’ਚ ਬਣਿਆ ਕਰੇਗੀ ਜਿਸ ਨੂੰ ਦੁਸ਼ਮਣ ’ਤੇ 400 ਤੋਂ 600 ਕਿਲੋਮੀਟਰ ਦੂਰ ਤੱਕ ਦਾਗ਼ਿਆ ਜਾ ਸਕਦਾ ਹੈ। ‘ਅਬ ਲਖਨਊ ਮੇਂ ਗੋਲੀ ਨਹੀਂ ਗੋਲਾ ਬਣੇਗਾ।’ ਉਨ੍ਹਾਂ ਕਿਹਾ ਕਿ ਇਹ ਭਾਜਪਾ ਦਾ ਕਿਰਦਾਰ ਹੈ ਕਿ ਉਹ ਜੋ ਕੁਝ ਆਖਦੇ ਹਨ, ਉਹ ਕਰਦੇ ਹਨ। ‘ਅਸੀਂ ਆਖਿਆ ਸੀ ਕਿ ਧਾਰਾ 370 ਖ਼ਤਮ ਕੀਤੀ ਜਾਵੇਗੀ ਅਤੇ ਜਦੋਂ ਸਾਨੂੰ ਸੰਸਦ ’ਚ ਬਹੁਮਤ ਮਿਲਿਆ ਤਾਂ ਇਸ ਨੂੰ ਮਨਸੂਖ ਕਰ ਦਿੱਤਾ ਗਿਆ।’ ਕਾਨਪੁਰ ’ਚ ਸਮਾਜਵਾਦੀ ਪਾਰਟੀ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਨਾਮ ਦੇ ਸਮਾਜਵਾਦੀ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਸਮਾਜਵਾਦੀ ਹਨ ਜੋ ਭੁੱਖ ਅਤੇ ਆਮ ਲੋਕਾਂ ਦੇ ਖ਼ਦਸ਼ਿਆਂ ਨੂੰ ਦੂਰ ਕਰ ਰਹੇ ਹਨ। ਉਨ੍ਹਾਂ ਭਾਰਤ ਨੂੰ ਬਦਨਾਮ ਕਰਨ ਲਈ ਕਾਂਗਰਸ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਰਾਹੁਲ ਗਾਂਧੀ ਤੇ ਕੁਝ ਹੋਰ ਪਾਰਟੀਆਂ ਜਵਾਨਾਂ ਦੀ ਬਹਾਦਰੀ ਅਤੇ ਉਨ੍ਹਾਂ ਦੇ ਹੌਸਲੇ ’ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ। -ਪੀਟੀਆਈ