ਨਵੀਂ ਦਿੱਲੀ, 25 ਅਕਤੂਬਰ
ਮੁੱਖ ਅੰਸ਼
- ਭਾਜਪਾ ਨੇ ਕਈ ਹਵਾਲਿਆਂ ਨਾਲ ਵਿਰੋਧੀ ਧਿਰਾਂ ਦੇ ਆਗੂਆਂ ਦੀਆਂ ਟਿੱਪਣੀਆਂ ਖਾਰਜ ਕੀਤੀਆਂ
ਰਿਸ਼ੀ ਸੂਨਕ ਦੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਨ ’ਤੇ ਜਿੱਥੇ ਵਿਰੋਧੀ ਧਿਰਾਂ ਨੇ ਭਾਰਤ ਵਿਚ ਕਥਿਤ ਬਹੁਗਿਣਤੀਆਂ ਦੇ ਰਸੂਖ਼-ਪ੍ਰਭਾਵ ਅਤੇ ਵੰਡਪਾਊ ਏਜੰਡੇ ਦਾ ਮੁੱਦਾ ਉਭਾਰਿਆ, ਉੱਥੇ ਭਾਜਪਾ ਨੇ ਵਿਰੋਧੀ ਧਿਰਾਂ ਨੂੰ ਜਵਾਬ ਦੇਣ ਲਈ ਏਪੀਜੇ ਅਬਦੁਲ ਕਲਾਮ ਅਤੇ ਮਨਮੋਹਨ ਸਿੰਘ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਬਣਨ ਦਾ ਹਵਾਲਾ ਦਿੱਤਾ। ਕੁਝ ਸਾਲ ਪਹਿਲਾਂ ਸੋਨੀਆ ਗਾਂਧੀ ਦਾ ਨਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉੱਭਰਨ ਮੌਕੇ ਉੱਠੇ ਵਿਰੋਧ ਨੂੰ ਭਾਜਪਾ ਨੇ ਸੂਨਕ ਦੇ ਉਭਾਰ ਨਾਲ ਜੋੜੇ ਜਾਣ ਨੂੰ ਵੀ ਖਾਰਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਦੇ ਇਟਲੀ ਤੋਂ ਹੋਣ ਕਾਰਨ ਉਨ੍ਹਾਂ ਦਾ ਨਾਂ ਪ੍ਰਧਾਨ ਮੰਤਰੀ ਲਈ ਵਿਚਾਰੇ ਜਾਣ ਦਾ ਕਾਫ਼ੀ ਵਿਰੋਧ ਹੋਇਆ ਸੀ। ਕਾਂਗਰਸ ਆਗੂਆਂ ਸ਼ਸ਼ੀ ਥਰੂਰ ਤੇ ਪੀ. ਚਿਦੰਬਰਮ ਨੇ ਸੂਨਕ ਬਾਰੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਕ ਦਿਨ ਭਾਰਤ ਵਿਚ ਵੀ ਇਸ ਤਰ੍ਹਾਂ ਦੇ ਕਦਮ ਨੂੰ ਸਵੀਕਾਰ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਭਾਰਤ ਵੀ ਰਿਸ਼ੀ ਸੂਨਕ ਦੀ ਉਦਾਹਰਨ ਤੋਂ ਸਬਕ ਸਿੱਖੇਗਾ ਤੇ ਕਿਸੇ ਦਿਨ ਘੱਟਗਿਣਤੀਆਂ ’ਚੋਂ ਕਈ ਸਿਖ਼ਰਲੇ ਅਹੁਦੇ ਉਤੇ ਪਹੁੰਚੇਗਾ। ਦੱਸਣਯੋਗ ਹੈ ਕਿ ਚਿਦੰਬਰਮ ਨੇ ਟਵੀਟ ਕਰਦਿਆਂ ਨਾਲ ਹੀ ਕਮਲਾ ਹੈਰਿਸ ਦਾ ਜ਼ਿਕਰ ਵੀ ਕੀਤਾ ਸੀ। ਥਰੂਰ ਨੇ ਕਿਹਾ ਕਿ, ‘ਬਰਤਾਨਵੀ ਲੋਕਾਂ ਨੇ ਵਿਲੱਖਣ ਕੰਮ ਕੀਤਾ ਹੈ। ਘੱਟਗਿਣਤੀ ਮੈਂਬਰ ਨੂੰ ਤਾਕਤਵਰ ਅਹੁਦਾ ਦਿੱਤਾ ਹੈ। ਕੀ ਇਹ ਇੱਥੇ ਹੋ ਸਕਦਾ ਹੈ?’ ਭਾਜਪਾ ਦੇ ਵਿਦੇਸ਼ੀ ਮਾਮਲਿਆਂ ਬਾਰੇ ਵਿਭਾਗ ਦੇ ਮੁਖੀ ਵਿਜੇ ਚੌਥਾਈਵਾਲੇ ਨੇ ਟਵਿੱਟਰ ਉਤੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ, ‘ਇਟਲੀ ਦੀ ਜੰਮਪਲ ਸੋਨੀਆ ਤੇ ਯੂਕੇ ਦੇ ਜੰਮਪਲ ਰਿਸ਼ੀ ਸੂਨਕ ਦੀ ਤੁਲਨਾ ਨਹੀਂ ਹੋ ਸਕਦੀ। ਰਿਸ਼ੀ ਦੇ ਵੰਸ਼ਜ ਭਾਰਤ ਤੋਂ ਹਨ।’ ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਨੇ ਰਾਜੀਵ ਗਾਂਧੀ ਨਾਲ ਵਿਆਹ ਤੋਂ ਬਾਅਦ ਕਈ ਦਹਾਕਿਆਂ ਤੱਕ ਭਾਰਤੀ ਨਾਗਰਿਕਤਾ ਨਹੀਂ ਲਈ ਸੀ। ਸੂਨਕ ਦੇ ਪ੍ਰਧਾਨ ਮੰਤਰੀ ਬਣਨ ਦਾ ਹਵਾਲਾ ਦੇ ਕੇ ਕਾਂਗਰਸ ਸਣੇ ਵਿਰੋਧੀ ਧਿਰਾਂ ਦੇ ਕਈ ਹੋਰ ਆਗੂਆਂ ਨੇ ਵੀ ਭਾਜਪਾ ’ਤੇ ਵਿਅੰਗ ਕਸਿਆ। ਪੀਡੀਪੀ ਦੀ ਪ੍ਰਧਾਨ ਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫ਼ਤੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਭਾਰਤੀ ਮੂਲ ਦੇ ਸੂਨਕ ਯੂਕੇ ਦੇ ਪ੍ਰਧਾਨ ਮੰਤਰੀ ਬਣੇ ਹਨ ਪਰ ਇਹ ਨਾਲ ਹੀ ਯਾਦ ਕਰਾਉਂਦਾ ਹੈ ਕਿ ਬਰਤਾਨੀਆ ਨੇ ਇਕ ਨਸਲੀ ਘੱਟਗਿਣਤੀ ਮੈਂਬਰ ਨੂੰ ਆਪਣੇ ਪ੍ਰਧਾਨ ਮੰਤਰੀ ਵਜੋਂ ਸਵੀਕਾਰ ਕੀਤਾ ਹੈ, ਪਰ ਅਸੀਂ ‘ਹਾਲੇ ਵੀ ਐੱਨਆਰਸੀ ਤੇ ਸੀਏਏ ਜਿਹੇ ਪੱਖਪਾਤੀ-ਵੰਡਪਾਊ ਕਾਨੂੰਨਾਂ ਦੇ ਸ਼ਿਕੰਜੇ ਵਿਚ ਜਕੜੇ ਹੋਏ ਹਾਂ।’ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਆਸ ਜਤਾਈ ਕਿ ਭਾਰਤ ਵੀ ਹੋਰ ਸਹਿਣਸ਼ੀਲ ਬਣੇਗਾ।
ਭਾਜਪਾ ਦੇ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਮੁਫ਼ਤੀ ’ਤੇ ਵਿਅੰਗ ਕਸਦਿਆਂ ਕਿਹਾ ਕਿ, ‘ਕੀ ਉਹ ਜੰਮੂ ਕਸ਼ਮੀਰ ਵਿਚ ਘੱਟਗਿਣਤੀ ਮੁੱਖ ਮੰਤਰੀ ਨੂੰ ਪ੍ਰਵਾਨ ਕਰਨਗੇ?’ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਭਾਰਤ ਵਿਚ ਤਿੰਨ ਮੁਸਲਿਮ ਤੇ ਇਕ ਸਿੱਖ ਰਾਸ਼ਟਰਪਤੀ ਬਣਿਆ ਹੈ। ਜਦਕਿ ਇਕ ਹੋਰ ਸਿੱਖ ਦਸ ਸਾਲਾਂ ਤੱਕ ਪ੍ਰਧਾਨ ਮੰਤਰੀ ਰਿਹਾ ਹੈ। ਘੱਟਗਿਣਤੀਆਂ ਹੋਰ ਵੀ ਕਈ ਚੋਟੀ ਦੇ ਅਹੁਦਿਆਂ ਉਤੇ ਤਾਇਨਾਤ ਹਨ। -ਪੀਟੀਆਈ
ਭਾਰਤ ਨੂੰ ਕਿਸੇ ਹੋਰ ਮੁਲਕ ਤੋਂ ਸਬਕ ਸਿੱਖਣ ਦੀ ਲੋੜ ਨਹੀਂ: ਕਾਂਗਰਸ
ਨਵੀਂ ਦਿੱਲੀ: ਰਿਸ਼ੀ ਸੂਨਕ ਦੇ ਪ੍ਰਧਾਨ ਮੰਤਰੀ ਬਣਨ ’ਤੇ ਸ਼ਸ਼ੀ ਥਰੂਰ ਅਤੇ ਪੀ. ਚਿਦੰਬਰਮ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਕਾਂਗਰਸ ਨੇ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ ਹੈ। ਕਾਂਗਰਸ ਨੇ ਕਿਹਾ ਕਿ ਭਾਰਤ ਨੂੰ ਕਿਸੇ ਹੋਰ ਮੁਲਕ ਤੋਂ ਸਬਕ ਸਿੱਖਣ ਦੀ ਲੋੜ ਨਹੀਂ ਹੈ, ਕਈ ਘੱਟਗਿਣਤੀ ਮੈਂਬਰ ਭਾਰਤ ਵਿਚ ਰਾਸ਼ਟਰਪਤੀ ਤੇ ਮੁੱਖ ਮੰਤਰੀ ਬਣ ਚੁੱਕੇ ਹਨ। ਇਸ ਟਿੱਪਣੀ ਰਾਹੀਂ ਪਾਰਟੀ ਨੇ ਪੀ. ਚਿਦੰਬਰਮ ਤੇ ਸ਼ਸ਼ੀ ਥਰੂਰ ਨੂੰ ਇਕ ਤਰ੍ਹਾਂ ਫਟਕਾਰ ਪਾਈ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਵਿਭਿੰਨਤਾ ਦਾ ਸਤਿਕਾਰ ਸਾਲਾਂ ਤੋਂ ਭਾਰਤ ਦੀ ਤਰਜੀਹ ਰਿਹਾ ਹੈ। ਉਨ੍ਹਾਂ ਜ਼ਾਕਿਰ ਹੁਸੈਨ, ਫ਼ਖਰੂਦੀਨ ਅਲੀ ਅਹਿਮਦ ਤੇ ਏਪੀਜੇ ਅਬਦੁਲ ਕਲਾਮ ਦੀ ਉਦਾਹਰਨ ਦਿੱਤੀ ਜੋ ਕਿ ਰਾਸ਼ਟਰਪਤੀ ਬਣੇ ਹਨ। ਕਾਂਗਰਸ ਆਗੂਆਂ ਦੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ’ਤੇ ਰਮੇਸ਼ ਨੇ ਕਿਹਾ, ‘ਤੁਸੀਂ ਉਨ੍ਹਾਂ ਨੂੰ ਪੁੱਛੋ। ਮੈਂ ਭਾਰਤ ਜੋੜੋ ਯਾਤਰਾ ਬਾਰੇ ਗੱਲ ਕਰ ਰਿਹਾ ਹਾਂ। ਮੈਂ ਹੋਰਾਂ ਆਗੂਆਂ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਨਹੀਂ ਦੇਵਾਂਗਾ। ਕਾਂਗਰਸ ਇਕ ਲੋਕਤੰਤਰਿਕ ਪਾਰਟੀ ਹੈ।’ ਰਮੇਸ਼ ਨੇ ਕਿਹਾ ਕਿ ਜਿਸ ਨੂੰ ਬਹੁਮਤ ਮਿਲੇਗਾ, ਉਹ ਪ੍ਰਧਾਨ ਮੰਤਰੀ ਬਣੇਗਾ। ਲੋਕਤੰਤਰਿਕ ਢੰਗ ਨਾਲ ਜੇ ਕੋਈ ਚੁਣਿਆ ਜਾਂਦਾ ਹੈ ਤਾਂ ਕਿਸੇ ਨੂੰ ਸਮੱਸਿਆ ਨਹੀਂ ਹੋਣੀ ਚਾਹੀਦੀ। ਕਾਂਗਰਸ ਆਗੂ ਨੇ ਕਿਹਾ ਕਿ ਇੰਗਲੈਂਡ ਦੀ ਪਾਰਟੀ ਨੇ ਸੂਨਕ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ। ਕਾਂਗਰਸ ਇਸ ਦਾ ਸਵਾਗਤ ਕਰਦੀ ਹੈ। ਰਮੇਸ਼ ਨੇ ਇਸ ਮੌਕੇ ਕਿਹਾ ਕਿ ਵਿਭਿੰਨਤਾ ਦਾ ਸਤਿਕਾਰ ਹੀ ਸਾਡੀ ਤਾਕਤ ਹੈ। -ਪੀਟੀਆਈ