ਜਗਤਾਰ ਿਸੰਘ ਲਾਂਬਾ
ਅੰਮ੍ਰਿਤਸਰ, 2 ਸਤੰਬਰ
ਝਾਰਖੰਡ ਸੂੁਬੇ ਦੇ ਜਮਸ਼ੇਦ ਨਗਰ ਵਿਚ ਵਸੇ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਹੈ ਕਿ ਸੂਬੇ ਵਿਚ ਸਿੱਖ ਧਰਮ ਦੇ ਪ੍ਰਚਾਰ-ਪਸਾਰ ਵਾਸਤੇ ਸਿੱਖ ਮਿਸ਼ਨ ਕੇਂਦਰ ਸਥਾਪਤ ਕੀਤਾ ਜਾਵੇ। ਇਹ ਸਿੱਖਾਂ ਦਾ ਇਕ ਵੱਡਾ ਜਥਾ ਇੱਥੇ ਸ੍ਰੀ ਹਰਿਮੰਦਰ ਸਾਹਿਬ ਪੁੱਜਾ ਹੈ ਜੋ ਭਲਕੇ 3 ਸਤੰਬਰ ਨੂੰ ਬਾਬਾ ਜੀਵਨ ਸਿੰਘ ਦੇ ਜਨਮ ਦਿਵਸ ਦੇ ਸਬੰਧ ਵਿੱਚ ਕੱਢੇ ਜਾਣ ਵਾਲੇ ਚੇਤਨਾ ਮਾਰਚ ਵਿਚ ਸ਼ਾਮਲ ਹੋਣਗੇ।
ਰੰਗਰੇਟਾ ਮਹਾਸਭਾ ਜਮਸ਼ੇਦਪੁਰ ਨਾਲ ਸਬੰਧਤ ਇਹ ਜਥਾ ਮਨਜੀਤ ਸਿੰਘ ਦੀ ਅਗਵਾਈ ਹੇਠ ਇੱਥੇ ਪੁੱਜਾ ਹੈ ਜਿਸ ਵਿਚ 100 ਤੋਂ ਵੱਧ ਸ਼ਰਧਾਲੂ ਸ਼ਾਮਲ ਹਨ ਅਤੇ ਇਨ੍ਹਾਂ ਵਿੱਚ ਲਗਪਗ 60 ਬੀਬੀਆਂ ਵੀ ਸ਼ਾਮਲ ਹਨ। ਇਹ ਜਥਾ ਪਹਿਲੀ ਵਾਰ ਇਸ ਸਮਾਗਮ ਵਿਚ ਸ਼ਾਮਲ ਹੋਣ ਆਇਆ ਹੈ। ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਰੰਗਰੇਟਾ ਮਹਾਸਭਾ ਦਾ ਗਠਨ 2017 ਵਿਚ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਜਮਸ਼ੇਦਪੁਰ ਵਿੱਚ ਬਾਬਾ ਜੀਵਨ ਸਿੰਘ ਦੇ ਜੀਵਨ ਅਤੇ ਕੁਰਬਾਨੀ ਬਾਰੇ ਵੱਡੇ ਪੱਧਰ ’ਤੇ ਪ੍ਰਚਾਰ ਕੀਤਾ ਗਿਆ, ਜਿਸ ਦਾ ਸਿੱਟਾ ਹੈ ਕਿ ਇਸ ਵਾਰ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸਿੱਖਾਂ ਦਾ ਵੱਡਾ ਜਥਾ ਇੱਥੇ ਆਇਆ ਹੈ। ਇਹ ਚੇਤਨਾ ਮਾਰਚ ਭਲਕੇ ਸ੍ਰੀ ਅਕਾਲ ਤਖਤ ਤੋਂ ਰਵਾਨਾ ਹੋਵੇਗਾ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਪੁੱਜੇਗਾ।
ਜਮਸ਼ੇਦਪੁਰ ਵਿੱਚ ਸਿੱਖਾਂ ਦੀ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਸਾਰੇ ਝਾਰਖੰਡ ਸੂਬੇ ਵਿਚ ਸਿੱਖਾਂ ਦੀ ਅਬਾਦੀ ਲਗਪਗ 3 ਲੱਖ ਹੈ ਪਰ ਵਧੇਰੇ ਸਿੱਖ ਜਮਸ਼ੇਦਪੁਰ ਵਿਚ ਹਨ ਅਤੇ ਇਨ੍ਹਾਂ ਵਿੱਚੋਂ ਵਧੇਰੇ ਨੌਕਰੀਪੇਸ਼ਾ ਹਨ, ਜੋ ਉਥੇ ਟਾਟਾ ਦੀਆਂ ਸਨਅਤਾਂ ਵਿੱਚ ਕੰਮ ਕਰਦੇ ਹਨ। ਇਨ੍ਹਾਂ ਵਿਚ 50 ਫੀਸਦ ਸਿੱਖ ਦਲਿਤ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਦਲਿਤ ਸਿੱਖਾਂ ਦੇ ਵਿਕਾਸ ਤੇ ਤਰੱਕੀ ਬਾਰੇ ਸੋਚਨ ਦੀ ਲੋੜ ਹੈ। ਇਕੱਲੇ ਜਮਸ਼ੇਦਪੁਰ ਵਿੱਚ 34 ਗੁਰਦੁਆਰੇ ਹਨ। ਉਨ੍ਹਾਂ ਦੱਸਿਆ ਕਿ ਉਥੇ ਸਿੱਖ ਪੂਰੇ ਕੇਸਧਾਰੀ ਅਤੇ ਦਸਤਾਰਧਾਰੀ ਹਨ। ਇੱਥੇ ਸਿੱਖੀ ਦੇ ਪ੍ਰਚਾਰ ਪਸਾਰ ਲਈ ਯਤਨ ਕਰਨ ਦੀ ਲੋੜ ਹੈ। ਨਵੀਂ ਪੀੜ੍ਹੀ ਨੂੰ ਆਪਣੀ ਮਾਤਭਾਸ਼ਾ ਗੁਰਮੁੱਖੀ ਦਾ ਗਿਆਨ ਦੇਣਾ ਜ਼ਰੂਰੀ ਹੈ। ਉਹ ਚਾਹੁੰਦੇ ਹਨ ਕਿ ਸ਼੍ਰੋਮਣੀ ਕਮੇਟੀ ਇਕ ਸਿੱਖ ਮਿਸ਼ਨ ਕੇਂਦਰ ਉੱਧਰ ਵੀ ਸਥਾਪਤ ਕਰੇ, ਜਿੱਥੇ ਸਿੱਖਾਂ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਮਿਲ ਸਕੇ। ਉਹ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਵੀ ਸੌਂਪਣਗੇ।
ਟਰੱਸਟ ਦੇ ਆਗੂ ਜਸਵੰਤ ਸਿੰਘ ਨੇ ਦੱਸਿਆ ਕਿ ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਤੇ ਭਲਾਈ ਟਰੱਸਟ ਵੱਲੋਂ 3 ਸਤੰਬਰ ਨੂੰ ਸਵੇਰੇ 8 ਵਜੇ ਸ੍ਰੀ ਅਕਾਲ ਤਖਤ ਤੋਂ ਇਕ ਚੇਤਨਾ ਮਾਰਚ ਕੱਢਿਆ ਜਾਵੇਗਾ। ਇਹ ਚੇਤਨਾ ਮਾਰਚ ਭਲਕੇ ਰਾਤ ਭਦੌੜ ’ਚ ਠਹਿਰਾਅ ਕਰੇਗਾ ਅਤੇ 4 ਸਤੰਬਰ ਨੂੰ ਸੰਗਰੂਰ, ਬਰਨਾਲਾ ਆਦਿ ਰਸਤਿਓਂ ਪਟਿਆਲਾ ਪੁੱਜੇਗਾ, ਜਿੱਥੇ 5 ਸਤੰਬਰ ਨੂੰ ਬਾਬਾ ਜੀਵਨ ਸਿੰਘ ਦੇ ਜਨਮ ਦਿਵਸ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ।