ਲੰਡਨ, 5 ਮਈ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਬਰਤਾਨੀਆ ਆਏ ਵਫ਼ਦ ਦੇ ਦੋ ਮੈਂਬਰ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਨਾਲ ਵਿਦੇਸ਼ ਮੰਤਰੀ ਨੂੰ ਆਪਣੇ ਬਕਾਇਆ ਪ੍ਰੋਗਾਰਮ, ਜਿਸ ਵਿੱਚ ਉਨ੍ਹਾਂ ਦੀਆਂ ਜੀ-7 ਸਮੂਹ ਨਾਲ ਮੀਟਿੰਗਾਂ ਦੀ ਵੀ ਸ਼ਾਮਲ ਹਨ, ਵਿੱਚ ਫੇਰਬਦਲ ਕਰਨਾ ਪਿਆ ਹੈ। ਸ੍ਰੀ ਜੈਸ਼ੰਕਰ ਨੇ ਬੁੱਧਵਾਰ ਨੂੰ ਟਵੀਟ ਕੀਤਾ, ‘ਮੈਨੂੰ ਮੰਗਲਵਾਰ ਸ਼ਾਮ ਨੂੰ ਸੰਭਾਵਿਤ ਕਰੋਨਾ ਪਾਜ਼ੇਟਿਵ ਕੇਸਾਂ ਬਾਰੇ ਪਤਾ ਲੱਗਿਆ।’ ਉਨ੍ਹਾਂ ਕਿਹਾ, ‘ਇਹਤਿਆਤ ਵਜੋਂ ਅਤੇ ਹੋਰਨਾਂ ਲੋਕਾਂ ਨਾਲ ਸਲਾਹ ਮਸ਼ਵਰੇ ਮਗਰੋਂ ਮੈਂ ਆਪਣੇ ਪ੍ਰੋਗਰਾਮ ਡਿਜੀਟਲ ਤਰੀਕੇ ਨਾਲ ਕਰਨ ਦਾ ਫ਼ੈਸਲਾ ਕੀਤਾ ਹੈ। ਅੱਜ ਦੀ ਜੀ-7 ਬੈਠਕ ਵਿੱਚ ਵੀ ਮੈਂ ਡਿਜੀਟਲ ਤਰੀਕੇ ਨਾਲ ਹੀ ਸ਼ਾਮਲ ਹੋਵਾਂਗਾ।’ ਸੂਤਰਾਂ ਮੁਤਾਬਕ ਵਫ਼ਦ ਦੇ ਦੋ ਮੈਂਬਰ ਮੰਗਲਵਾਰ ਨੂੰ ਕਰੋਨਾ ਪਾਜ਼ੇਟਿਵ ਪਾਏ ਗਏ ਅਤੇ ਹੋਰ ਟੈਸਟ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੀ-7 ਗਰੁੱਪ ਦੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਵਿਕਾਸ ਮੰਤਰੀਆਂ ਦੀ ਬੈਠਕ ’ਚ ਬਤੌਰ ਮਹਿਮਾਨ ਹਿੱਸਾ ਲੈਣ ਲਈ ਬਰਤਾਨੀਆ ਦੇ ਵਿਦੇਸ਼ ਮੰਤਰੀ ਡੌਮੀਨਿਕ ਰਾਬ ਦੇ ਸੱਦੇ ’ਤੇ ਸੋਮਵਾਰ ਨੂੰ ਲੰਡਨ ਪਹੁੰਚੇ ਸਨ। -ਪੀਟੀਆਈ
ਭਾਰਤੀ ਵਫ਼ਦ ਦੀਆਂ ਕਰੋਨਾ ਨੈਗੇਟਿਵ ਰਿਪੋਰਟਾਂ ਉੱਤੇ ਸਵਾਲ ਉੱਠੇ
ਨਵੀਂ ਦਿੱਲੀ (ਟਨਸ): ਲੰਡਨ ’ਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਦੇ ਕੁਝ ਘੰਟਿਆਂ ਮਗਰੋਂ ਹੀ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤੀ ਵਫ਼ਦ ਦੇ ਦੋ ਮੈਂਬਰਾਂ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਤੁਰੰਤ ਬਾਅਦ ਭਾਰਤੀ ਵਫ਼ਦ ਦੇ ਮੈਂਬਰਾਂ ਦੇ ‘ਕਰੋਨਾ ਨੈਗੇਟਿਵ ਸਰਟੀਫਿਕੇਟਾਂ’ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਬਰਤਾਨਵੀ ਮੀਡੀਆ ਆਊਟਲੈੱਟ ‘ਦਿ ਸਨ’ ਵੱਲੋਂ ਇਹ ਖੁਲਾਸਾ ਕੀਤੇ ਜਾਣ, ਕਿ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਆਏ ਭਾਰਤੀ ਵਫ਼ਦ ਦੇ ਦੋ ਮੈਂਬਰ ਕਰੋਨਾ ਪਾਜ਼ੇਟਿਵ ਪਾਏ ਗਏ ਹਨ, ਦੇ ਤੁਰੰਤ ਮਗਰੋਂ ਭਾਰਤੀ ਵਿਦੇਸ਼ ਮੰਤਰੀ ਨੇ ਮੰਨਿਆ ਕਿ ਉਨ੍ਹਾਂ ਨੂੰ ਮੰਗਲਵਾਰ ਸ਼ਾਮ ਨੂੰ ਹੀ ਸੰਭਾਵਿਤ ਕਰੋਨਾ ਪਾਜ਼ੇਟਿਵ ਕੇਸਾਂ ਬਾਰੇ ਦੱਸਿਆ ਗਿਆ ਸੀ। ਬਰਤਾਨਵੀ ਮੀਡੀਆ ਨੇ ਹੁਣ ਹੋਰ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ।