ਜੈਪੁਰ, 16 ਫਰਵਰੀ
ਜੈਸਲਮੇਰ ਵਿੱਚ ਸਾਉਣੀ ਦੀ ਫਸਲ ਵਿੱਚ ਸੋਕੇ ਦੀ ਸਥਿਤ ਕਾਰਨ ਹੋਏ ਨੁਕਸਾਨ ਦੇ ਮੁਲਾਂਕਣ ਲਈ ਅੰਤਰ ਮੰਤਰਾਲੇ ਕੇਂਦਰੀ ਦਲ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਦਿਹਾਤੀ ਇਲਾਕਿਆਂ ਦਾ ਦੌਰਾ ਕੀਤਾ ਹੈ। ਕੇਂਦਰੀ ਦਲ ਨੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਸੋਕੇ ਦੇ ਸਥਿਤੀ ਦਾ ਨਿਰੀਖਣ ਕਰਕੇ ਅਸਲ ਹਾਲਾਤ ਬਾਰੇ ਪਤਾ ਕੀਤਾ। ਕੇਂਦਰੀ ਦਲ ਵਿੱਚ ਕੇਂਦਰੀ ਜਲ ਕਮਿਸ਼ਨ ਦੇ ਡਾਇਰੈਕਟਰ ਐੱਚ.ਐੱਸ. ਸੇਂਗਰ ਅਤੇ ਯੋਜਨਾ ਕਮਿਸ਼ਨ ਦੇ ਸਹਾਇਕ ਡਾਇਰੈਕਟਰ ਸ਼ਿਵਚਰਨ ਮੀਨਾ ਸ਼ਾਮਲ ਹਨ। ਇੱਕ ਸਰਕਾਰੀ ਬਿਆਨ ਮੁਤਾਬਕ ਕੇਂਦਰੀ ਦਲ ਦੇ ਅਧਿਕਾਰੀਆਂ ਨੇ ਭੋਪਾ ਵਿੱਚ ਪਿੰਡ ਵਾਸੀਆਂ ਦੇ ਖੇਤਾਂ ਵਿੱਚ ਜਾ ਕੇ ਸੋਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਮਿਲ ਕੇ ਜਾਣਕਾਰੀ ਹਾਸਲ ਕੀਤੀ। ਬਿਆਨ ਮੁਤਾਬਕ ਲੋਕਾਂ ਨੇ ਦੱਸਿਆ ਕਿ ਜਲਾਈ ਦੇ ਤੀਜੇ ਹਫ਼ਤੇ ਮੀਂਹ ਪਏ ਸਨ। ਉਸ ਸਮੇਂ ਫ਼ਸਲਾਂ ਬੀਜੀਆਂ ਗਈਆਂ ਸਨ ਪਰ ਉਸ ਤੋਂ ਲੈ ਕੇ ਲਗਪਗ 45 ਦਿਨ ਤੱਕ ਮੀਂਹ ਨਾ ਪੈਣ ਕਾਰਨ ਪੂਰੀ ਫਸਲ ਖਰਾਬ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਵੀ ਮੁਸ਼ਕਲ ਹੈ, ਅਤੇ ਪੀਣ ਲਈ ਪਾਣੀ ਪੈਸੇ ਖਰਚ ਕੇ ਟੈਂਕਰਾਂ ਰਾਹੀਂ ਮੰਗਵਾਉਣਾ ਪੈਂਦਾ ਹੈ। ਲੋਕਾਂ ਨੇ ਟੀਮ ਨੂੰ ਦੱਸਿਆ ਕਿ ਸੋਕੇ ਕਾਰਨ ਪਸ਼ੂਆਂ ਲਈ ਚਾਰੇ ਦਾ ਵੀ ਮੁਸ਼ਕਲ ਹੈ। -ਪੀਟੀਆਈ