ਨਵੀਂ ਦਿੱਲੀ, 16 ਫਰਵਰੀ
ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਆਪੋ-ਆਪਣੇ ਖੇਤਰ ਵਿੱਚ ਕਰੋਨਾ ਲਾਗ ਦੇ ਨਵੇਂ ਕੇਸਾਂ ਅਤੇ ਲਾਗ ਦਰ ’ਤੇ ਵਿਚਾਰ ਕਰਨ ਮਗਰੋਂ ਕਰੋਨਾ ਦੀਆਂ ਵਾਧੂ ਪਾਬੰਦੀਆਂ ਦੀ ਸਮੀਖਿਆ ਕਰਨ, ਸੋਧ ਕਰਨ ਜਾਂ ਉਨ੍ਹਾਂ ਨੂੰ ਖਤਮ ਕਰਨ ਲਈ ਆਖਿਆ ਹੈ। ਸਰਕਾਰ ਵੱਲੋਂ ਇਹ ਗੱਲ ਕਰੋਨਾ ਮਾਮਲਿਆਂ ਵਿੱਚ ਦੇਸ਼ਿਵਆਪੀ ਕਮੀ ਦਾ ਜ਼ਿਕਰ ਕਰਦਿਆਂ ਆਖੀ ਗਈ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਵੱਲੋਂ ਮੰਗਲਵਾਰ ਨੂੰ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ’ਚ ਕਿਹਾ ਗਿਆ ਕਿ ਸ਼ੁਰੂਆਤੀ ਮਹੀਨਿਆਂ ਵਿੱਚ ਵੱਧ ਮਾਮਲੇ ਆਉਣ ਦੇ ਮੱਦੇਨਜ਼ਰ ਕੁਝ ਰਾਜਾਂ ਨੇ ਆਪਣੀ ਹੱਦ ਅਤੇ ਹਵਾਈ ਅੱਡਿਆਂ ’ਤੇ ਵਾਧੂ ਪਾਬੰਦੀਆਂ ਲਾਈਆਂ ਸਨ। ਉਨ੍ਹਾਂ ਕਿਹਾ, ‘‘ਕਿਉਂਕਿ, ਹੁਣ ਪੂਰੇ ਦੇਸ਼ ਵਿੱਚ ਕਰੋਨਾ ਲਾਗ ਦੇ ਮਾਮਲੇ ਘਟ ਰਹੇ ਹਨ, ਅਜਿਹੇ ਵਿੱਚ ਜੇਕਰ ਸੂਬੇ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਵਾਧੂ ਪਾਬੰਦੀਆਂ ਦੀ ਸਮੀਖਿਆ ਜਾਂ ਸੋਧ ਕਰਦੇ ਹਨ, ਜਾਂ ਉਨ੍ਹਾਂ ਨੂੰ ਹਟਾਉਂਦੇ ਹਨ ਤਾਂ ਇਹ ਲਾਭਦਾਇਕ ਹੋਵੇਗਾ।’’ ਕੇਂਦਰੀ ਸਿਹਤ ਸਕੱਤਰ ਨੇ ਕਰੋਨਾ ਲਾਗ ਦੇ ਫੈਲਾਅ ’ਤੇ ਨਿਗਰਾਨੀ ਰੱਖਣ ਦੀ ਅਪੀਲ ਵੀ ਕੀਤੀ ਹੈ। -ਪੀਟੀਆਈ