ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਜੁਲਾਈ
ਪਿਛਲੇ ਕਾਫ਼ੀ ਦਿਨਾਂ ਤੋਂ ਕਹਿਰ ਦੀ ਗਰਮੀ ਦੀ ਮਾਰ ਝੱਲ ਰਹੇ ਸੰਗਰੂਰ ਇਲਾਕੇ ਦੇ ਲੋਕਾਂ ਨੂੰ ਅੱਜ ਬਾਅਦ ਦੁਪਹਿਰ ਮੌਸਮ ਠੰਢਾ ਹੋਣ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ। ਬਾਅਦ ਦੁਪਹਿਰ ਅਸਮਾਨ ਵਿੱਚ ਛਾਏ ਕਾਲੇ ਬੱਦਲਾਂ ਅਤੇ ਠੰਢੀਆਂ ਤੇਜ਼ ਹਵਾਵਾਂ ਵਗਣ ਕਾਰਨ ਕਈ ਇਲਾਕਿਆਂ ਵਿੱਚ ਬਾਰਸ਼ ਹੋਈ ਹੈ ਜਿਸ ਨਾਲ ਲੋਕਾਂ ਨੂੰ ਮੌਸਮ ਵਿਚ ਠੰਢਕ ਨਸੀਬ ਹੋਈ ਹੈ। ਸਥਾਨਕ ਸ਼ਹਿਰ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿੱਚ ਭਾਵੇਂ ਬਾਰਸ਼ ਪਈ ਹੈ ਪਰ ਸ਼ਹਿਰ ਲਗਭਗ ਸੁੱਕਾ ਹੀ ਰਹਿ ਗਿਆ। ਟੁੱਟਵੀਂ ਬਾਰਸ਼ ਅਤੇ ਮੌਸਮ ਦੀ ਤਬਦੀਲ ਕਾਰਨ ਕਿਸਾਨ ਖੁਸ਼ ਹਨ ਪਰ ਅਜੇ ਸੰਤੁਸ਼ਟੀ ਨਹੀਂ ਮਿਲੀ।
ਪਿਛਲੇ ਕਾਫ਼ੀ ਦਿਨਾਂ ਤੋਂ ਹਾੜ ਮਹੀਨੇ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਰੱਖੇ ਸਨ। ਤਪਦੀਆਂ ਧੁੱਪਾਂ ਅਤੇ ਗਰਮ ਹਵਾਵਾਂ ਕਾਰਨ ਲੋਕਾਂ ਦੇ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਸੀ। ਇਸ ਤੋਂ ਇਲਾਵਾ ਮੌਜੂਦਾ ਬਿਜਲੀ ਸੰਕਟ ਦੌਰਾਨ ਕਈ-ਕਈ ਘੰਟਿਆਂ ਦੇ ਲੱਗ ਰਹੇ ਬਿਜਲੀ ਕੱਟਾਂ ਨੇ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ ਸੀ। ਬਾਅਦ ਦੁਪਹਿਰ ਆਸਮਾਨ ਵਿਚ ਛਾਏ ਕਾਲੇ ਬੱਦਲ ਅਤੇ ਵਗੀਆਂ ਠੰਢੀਆਂ ਹਵਾਵਾਂ ਦੇ ਨਾਲ ਪਏ ਮੀਂਹ ਦੇ ਛਰਾਟਿਆਂ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਉਥੇ ਕਿਸਾਨਾਂ ਵੀ ਖੁਸ਼ ਨਜ਼ਰ ਆਏ ਪਰ ਅਜੇ ਸੰਤੁਸ਼ਟ ਨਹੀਂ ਹਨ। ਭਵਾਨੀਗੜ੍ਹ ਏਰੀਏ ਵਿੱਚ ਅੱਜ ਤੇਜ਼ ਬਾਰਸ਼ ਹੋਈ ਹੈ ਜਦੋਂ ਕਿ ਧੂਰੀ ਸ਼ਹਿਰ ਮੀਂਹ ਤੋਂ ਵਾਂਝਾ ਰਿਹਾ।
ਸੰਗਰੂਰ ਸ਼ਹਿਰ ’ਚ ਵੀ ਲੋਕਾਂ ਨੂੰ ਮੀਂਹ ਨਸੀਬ ਨਹੀਂ ਹੋਇਆ ਪਰੰਤੂ ਛਿਪਦੇ ਪਾਸੇ ਪੇਂਡੂ ਖੇਤਰ ਵਿਚ ਮੀਂਹ ਪਿਆ ਹੈ। ਲੌਂਗੋਵਾਲ ’ਚ ਵੀ ਬਾਰਸ਼ ਨਹੀਂ ਹੋਈ ਪਰੰਤੂ ਕੁੱਝ ਪਿੰਡਾਂ ’ਚ ਬਾਰਸ਼ ਹੋਈ ਹੈ। ਭਾਵੇਂ ਪੂਰੇ ਜ਼ਿਲ੍ਹੇ ’ਚ ਸਾਰੀਆਂ ਥਾਵਾਂ ’ਤੇ ਬਾਰਸ਼ ਨਹੀਂ ਹੋਈ ਪਰੰਤੂ ਕੁੱਲ ਮਿਲਾ ਕੇ ਆਸਮਾਨ ’ਚ ਕਾਲੇ ਬੱਦਲਾਂ ਦੀ ਆਮਦ ਅਤੇ ਠੰਡੀਆਂ ਹਵਾਵਾਂ ਵਗਣ ਕਾਰਨ ਜ਼ਿਲ੍ਹੇ ਦੇ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਰਾਹਤ ਮਿਲੀ ਹੈ।
ਪਟਿਆਲਾ (ਖੇਤਰੀ ਪ੍ਰਤੀਨਿਧ): ਸੋਮਵਾਰ ਨੂੰ ਪਏ ਮੀਂਹ ਨੇ ਕਈ ਦਿਨਾ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਦਿਵਾਈ। ਉਂਜ ਅੱਜ ਭਾਵੇਂ ਕਿ ਦਿਨ ਭਰ ਹੀ ਬੱਦਲ਼ ਛਾਏ ਰਹੇ ਪਰ ਬਾਰਸ਼ ਸ਼ਾਮ ਨੂੰ ਹੀ ਪਈ। ਅੱਜ ਦਿਨ ’ਚ ਤਾਪਮਾਨ 35 ਡਿਗਰੀ ਰਿਹਾ ਪਰ ਬਾਰਸ਼ ਪੈਣ ਨਾਲ਼ ਸ਼ਾਮ ਤੱਕ ਇਹ ਅੱਠ ਡਿਗਰੀ ਹੇਠਾਂ ਚਲਾ ਗਿਆ , ਭਾਵ ਕਰੀਬ 28 ਡਿਗਰੀ ’ਤੇ ਆ ਗਿਆ ਸੀ।
ਅੱਜ ਦੀ ਇਸ ਬਾਰਸ਼ ਨਾਲ਼ ਸ਼ਹਿਰ ਸਮੇਤ ਹੋਰ ਖੇਤਰਾਂ ਵਿੱਚ ਵੀ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹ ਗਿਆ। ਉਧਰ ਅੱਜ ਦੀ ਇਹ ਬਾਰਸ਼ ਖੇਤੀਬਾੜੀ, ਖਾਸ ਕਰਕੇ ਝੋਨੇ ਦੀ ਲਵਾਈ ਲਈ ਵੀ ਲਾਹੇਵੰਦੀ ਰਹੀ। ਭਾਵੇਂ ਬਾਰਸ਼ ਬਹੁਤੀ ਨਹੀਂ ਪਈ,ਪਰ ਫੇਰ ਵੀ ਇਸ ਨਾਲ਼ ਬਿਜਲੀ ’ਤੇ ਲੋਡ ਘਟੇਗਾ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਅਗਲੇ ਤਿੰਨ ਚਾਰ ਦਿਨ ਵੀ ਮੌਸਮ ’ਚ ਠੰਢਕ ਬਣੀ ਰਹੇਗੀ।