ਪੱਤਰ ਪ੍ਰੇਰਕ
ਮਾਨਸਾ, 19 ਜਨਵਰੀ
ਇੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿੱਚ ਜ਼ਿਲ੍ਹਾ ਟੀਕਾਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਟੀਕਾਕਰਨ ਕੈਂਪ ਲਾਇਆ ਗਿਆ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਵੈਕਸੀਨ ਤੋਂ ਬਾਅਦ ਜੇਕਰ ਕਿਸੇ ਨੂੰ ਕੋਵਿਡ ਹੁੰਦਾ ਹੈ ਤਾਂ ਮਰੀਜ਼ ਨੂੰ ਹਸਪਤਾਲ ਦਾਖਲ ਹੋਣ ਦੀ ਬਹੁਤ ਘੱਟ ਲੋੜ ਹੁੰਦੀ ਹੈ ਅਤੇ ਜ਼ਿਆਦਾ ਗੰਭੀਰ ਹਾਲਾਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟੈਸਟ ਕਰਵਾਉਣ ਦਾ ਇਹ ਲਾਭ ਹੁੰਦਾ ਹੈ ਕਿ ਛੋਟੀ ਉਮਰ ਦੇ ਵਿਅਕਤੀ ਜੇਕਰ ਜਲਦੀ ਟੈਸਟ ਕਰਵਾਉਂਦੇ ਹਨ ਤਾਂ ਉਹ ਆਪਣੇ ਪਰਿਵਾਰ ਅਤੇ ਸਮਾਜ ਨੂੰ ਬਿਮਾਰੀ ਤੋਂ ਬਚਾਅ ਸਕਦੇ ਹਨ। ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਕੋਵਿਡ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਅੱਜ ਮਾਨਸਾ ਦੀਆਂ ਵੱਖ-ਵੱਖ ਥਾਵਾਂ ’ਤੇ ਟੀਕਾਕਰਨ ਕੈਂਪ ਲਗਾਏ ਗਏ, ਜਿਸ ਤਹਿਤ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਨਸਾ ਵਿੱਚ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਕਰੋਨਾ ਵੈਕਸੀਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 150 ਤੋਂ ਵੱਧ ਲੜਕੀਆਂ ਦੇ ਵੈਕਸੀਨ ਲਗਾਈ ਗਈ।
ਸ਼ਹਿਣਾ (ਪੱਤਰ ਪ੍ਰੇਰਕ): ਸਿਹਤ ਵਿਭਾਗ ਵੱਲੋਂ ਅੱਜ ਸਰਕਾਰੀ ਹਸਪਤਾਲ ਸ਼ਹਿਣਾ ਵਿੱਚ ਕੋਵਿਡ-19 ਤੋਂ ਬਚਾਅ ਲਈ ਕਰੋਨਾ ਰੋਕੂ ਵੈਕਸੀਨ ਲਾਈ ਗਈ। 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਦੇ ਬੂਸਟਰ ਡੋਜ਼ ਵੀ ਲਾਈ ਗਈ। ਸਬ-ਸੈਂਟਰ ਸ਼ਹਿਣਾ ਵਿੱਚ 60 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। ਮੈਡੀਕਲ ਅਫਸਰ ਡਾ. ਅਰਮਾਨਦੀਪ ਸਿੰਘ ਨੇ ਲੋਕਾਂ ਨੂੰ ਟੀਕਾਕਰਨ ਦਾ ਸੱਦਾ ਦਿੱਤਾ।