ਸ੍ਰੀਨਗਰ, 16 ਫਰਵਰੀ
ਜੰਮੂ ਕਸ਼ਮੀਰ ਪੁਲੀਸ ਦੇ ਨਵੇਂ ਉਸਾਰੇ ਵਿੰਗ ਸਟੇਟ ਇਨਵੈਸਟੀਗੇਸ਼ਨ ਏਜੰਸੀ (ਐੱਸਆਈਏ) ਨੇ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਲਈ ਜੰਮੂ ਕਸ਼ਮੀਰ ਵਿੱਚ ਕਥਿਤ ਤੌਰ ’ਤੇ ਖੁੱਲ੍ਹੇ ਰੂਪ ਵਿੱਚ ਕੰਮ ਕਰਨ ਵਾਲੇ ਦਸ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਸੀਆਈਏ ਅਧਿਕਾਰੀਆਂ ਨੇ ਵੱਖ-ਵੱਖ ਥਾਵਾਂ ’ਤੇ ਸਾਰੀ ਰਾਤ ਛਾਪੇ ਮਾਰੇ ਅਤੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ। ਅਧਿਕਾਰੀਆਂ ਮੁਤਾਬਕ ਏਜੰਸੀ ਵੱਲੋਂ ਗ੍ਰਿਫ਼ਤਾਰ ਦਸ ਵਿਅਕਤੀਆਂ ਦੀ ਪਛਾਣ ਜਾਂਚ ਦੌਰਾਨ ਕੀਤੀ ਗਈ ਹੈ। ਇਹ ਸਾਰੇ ਇੱਕ-ਦੂਜੇ ਦੀਆਂ ਸਰਗਰਮੀਆਂ ਤੋਂ ਅਣਜਾਣ ਸਨ ਅਤੇ ਉਨ੍ਹਾਂ ਨੂੰ ਜੈਸ਼-ਏ-ਮੁਹੰਮਦ ਦੇ ਕਮਾਂਡਰਾਂ ਤੋਂ ਸਿੱਧੀਆਂ ਹਦਾਇਤਾਂ ਮਿਲ ਰਹੀਆਂ ਸਨ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਮੋਬਾਈਲ ਫੋਨ, ਸਿਮ ਕਾਰਡ, ਬੈਂਕਿੰਗ ਚੈਨਲਾਂ ਦੀ ਵਰਤੋਂ ਦਿਖਾਉਣ ਵਾਲਾ ਰਿਕਾਰਡ ਅਤੇ ਇੱਕ ਡੰਮੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। -ਪੀਟੀਆਈ