ਨਵੀਂ ਦਿੱਲੀ, 30 ਮਈ
ਮੋਦੀ ਸਰਕਾਰ ਦੀ ਸੱਤਵੀਂ ਵਰ੍ਹੇਗੰਢ ਮੌਕੇ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਇਹ ਸਰਕਾਰ ਮੁਲਕ ਲਈ ਹਾਨੀਕਾਰਕ ਹੈ ਕਿਉਂਂਕਿ ਉਹ ਹਰ ਮੋਰਚੇ ’ਤੇ ਨਾਕਾਮ ਰਹੀ ਹੈ ਅਤੇ ਉਸ ਨੇ ਲੋਕਾਂ ਦੇ ਭਰੋਸੇ ਨੂੰ ਤੋੜਿਆ ਹੈ। ਕਾਂਗਰਸ ਨੇ ਇਸ ਮੌਕੇ ਸਰਕਾਰ ਵੱਲੋਂ ਕੀਤੀਆਂ ਗਈਆਂ ਸੱਤ ‘ਵੱਡੀਆਂ ਭੁੱਲਾਂ’ ਦੀ ਸੂਚੀ ਜਾਰੀ ਕੀਤੀ ਅਤੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਲੋਕਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਛੱਡ ਦਿੱਤਾ ਹੈ। ਕਾਂਗਰਸ ਨੇ ਸਰਕਾਰ ਦੀਆਂ ਸੱਤ ‘ਵੱਡੀਆਂ ਨਾਕਾਮੀਆਂ’ ਦੀ ਸੂਚੀ ਬਣਾਈ ਹੈ ਜਿਸ ’ਚ ਨਿਘਾਰ ਵੱਲ ਅਰਥਚਾਰਾ, ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਅਤੇ ਕੋਵਿਡ-19 ਪ੍ਰਬੰਧਨ ਸ਼ਾਮਲ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੇ ਟਵੀਟ ’ਚ ਕਿਹਾ, ‘‘ਸਰਕਾਰ ਨੂੰ ਕਰੋਨਾ ਨਾਲ ਲੜਨ ਲਈ ਸਹੀ ਇਰਾਦਾ, ਨੀਤੀ ਅਤੇ ਨਿਸ਼ਚਾ ਚਾਹੀਦਾ ਹੈ। ਨਾ ਕਿ ਮਹੀਨੇ ’ਚ ਇਕ ਵਾਰ ਫਾਲਤੂ ਦੀ ਬਾਤ।’’ ਰਾਹੁਲ ਦੀ ਇਹ ਟਿੱਪਣੀ ਉਸ ਦਿਨ ਆਈ ਹੈ ਜਦੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ’ਚ ਮੁਲਕ ਨੂੰ ਸੰਬੋਧਨ ਕੀਤਾ।’’