ਰਵਿੰਦਰ ਰਵੀ
ਬਰਨਾਲਾ, 19 ਜਨਵਰੀ
ਲੱਖਾਂ ਰੁਪਏ ਦੇ ਕੀਮਤੀ ਗਹਿਣੇ ਕੌਡੀਆਂ ਦੇ ਭਾਅ ਖਰੀਦਣ ਦੇ ਦੋਸ਼ ਹੇਠ ਪੁਲੀਸ ਨੇ ਸ਼ਹਿਰ ਦੇ ਇੱਕ ਨਾਮੀ ਸਰਾਫ਼ ਨੂੰ ਨਾਮਜ਼ਦ ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਜ਼ਿਲ੍ਹਾ ਪੁਲੀਸ ਮੁਖੀ ਅਲਕਾ ਮੀਨਾ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਇੱਕ ਪਰਿਵਾਰ ਦੀ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਕੇਸ ਵਿੱਚ ਨਾਮਜ਼ਦ ਮੁਲਜ਼ਮ ਸ਼ਮਸ਼ੇਰ ਸਿੰਘ ਅਤੇ ਉਸਦੀ ਪਤਨੀ ਹਰਪ੍ਰੀਤ ਕੌਰ ਕੋਲੋਂ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਜਬਰ-ਜਨਾਹ ਪੀੜਤ ਲੜਕੀ ਤੋਂ 115 ਤੋਲੇ ਸੋਨੇ ਦੇ ਗਹਿਣੇ ਲੈ ਕੇ ਉਨ੍ਹਾਂ ਕਥਿਤ ਤੌਰ ’ਤੇ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਪੁਰਾਣੇ ਸਰਾਫ਼ ਕਰਤਾਰ ਜਿਊਲਰਜ਼ ਨੂੰ ਵੇਚੇ ਹਨ। ਪੁਲੀਸ ਨੇ ਕੇਸ ’ਚ ਕਰਤਾਰ ਜਿਊਲਰਜ਼ ਦੇ ਮਾਲਕ ਸਤੀਸ਼ ਖੀਪਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਕੇਸ ਦਰਜ ਹੋਣ ਮਗਰੋਂ ਕਰਤਾਰ ਜਿਊਲਰਜ਼ ਦੇ ਮਾਲਕ ਦੁਕਾਨ ਬੰਦ ਕਰਕੇ ਫ਼ਰਾਰ ਹੋ ਗਏ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਸਰਾਫ਼ ਵੱਲੋਂ ਜਿੱਥੇ ਅਗਾਊਂ ਜ਼ਮਾਨਤ ਲਈ ਵਕੀਲਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਉੱਥੇ ਪੁਲੀਸ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਦਰਜ ਕੇਸ ਅਨੁਸਾਰ ਸ਼ਹਿਰ ਦੇ ਇੱਕ ਦੁਕਾਨਦਾਰ ਦੀ ਧੀ ਨਾਲ ਮੁੱਖ ਮੁਲਜ਼ਮ ਸ਼ਮਸ਼ੇਰ ਸਿੰਘ ਨੇ ਫੇਸਬੁੱਕ ਰਾਹੀਂ ਦੋਸਤੀ ਕਰਕੇ ਉਸ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਅਤੇ ਜਬਰ-ਜਨਾਹ ਮਗਰੋਂ ਉਸ ਤੋਂ ਕਰੀਬ 10 ਲੱਖ ਦੀ ਨਕਦੀ ਅਤੇ 115 ਤੋਲੇ ਸੋਨੇ ਤੇ ਕੀਮਤੀ ਡਾਇਮੰਡ ਦੇ ਗਹਿਣੇ ਮੰਗਵਾ ਕੇ ਵੇਚ ਦਿੱਤੇ। ਮੁਲਜ਼ਮ ਦੇ ਇਸ ਅਪਰਾਧ ਵਿੱਚ ਉਸ ਦੀ ਪਤਨੀ ਹਰਪ੍ਰੀਤ ਕੌਰ ਨੇ ਪੂਰਾ ਸਾਥ ਦਿੱਤਾ।
ਇਸ ਸਬੰਧੀ ਥਾਣਾ ਸਿਟੀ ਇੰਚਾਰਜ ਗੁਰਮੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਸਤੀਸ਼ ਖੀਪਲ ਦੁਕਾਨ ਬੰਦ ਕਰਕੇ ਫਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।