ਜਗਤਾਰ ਸਮਾਲਸਰ/ਪ੍ਰਭੂ ਦਿਆਲ
ਏਲਨਾਬਾਦ/ਸਿਰਸਾ, 9 ਅਪਰੈਲ
ਕਾਂਗਰਸ ਪਾਰਟੀ ਦੀ ਸੂਬਾਈ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਏਲਨਾਬਾਦ ਦੇ ਆਪਣੇ ਦੋ ਰੋਜ਼ਾ ਦੌਰੇ ਦੌਰਾਨ ਅੱਜ ਸਿਰਸਾ ਸਮੇਤ ਭੁਰਟਵਾਲਾ, ਪੋਹੜਕਾ, ਸੁਰੇਰਾ, ਨੀਮਲਾ, ਤਲਵਾੜਾ ਸਹਿਤ ਅਨੇਕ ਪਿੰਡਾਂ ਅਤੇ ਏਲਨਾਬਾਦ ਅਨਾਜ ਮੰਡੀ ਦਾ ਦੌਰਾ ਕਰਕੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ। ਏਲਨਾਬਾਦ ਅਨਾਜ ਮੰਡੀ ਸਥਿਤ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਖੋਸਾ ਦੀ ਦੁਕਾਨ ’ਤੇ ਗੱਲਬਾਤ ਕਰਦਿਆਂ ਕੁਮਾਰੀ ਸ਼ੈਲਜਾ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਖ ਵੱਖ ਸਕੀਮਾਂ ਲਿਆ ਕੇ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਅਨਾਜ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਧਾ ਨਾ ਕਰਕੇ ਉਨ੍ਹਾਂ ਦਾ ਸੋਸ਼ਣ ਕਰ ਰਹੀ ਹੈ। ਸਰਕਾਰ ਵਲੋਂ ਆੜ੍ਹਤੀ ਅਤੇ ਕਿਸਾਨ ਦੇ ਰਿਸ਼ਤੇ ਨੂੰ ਵੀ ਤੋੜਨ ਦਾ ਯਤਨ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਅਭੈ ਸਿੰਘ ਚੌਟਾਲਾ ਨੂੰ ਅਸਤੀਫ਼ਾ ਨਾ ਦੇ ਕੇ ਸਗੋਂ ਸਰਕਾਰ ਖ਼ਿਲਾਫ਼ ਵੋਟਿੰਗ ਕਰਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ।