ਜਗਮੋਹਨ ਸਿੰਘ
ਘਨੌਲੀ, 4 ਅਗਸਤ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਰੂਪਨਗਰ ਦੇ ਐੱਸਪੀ (ਡੀ) ਰਾਜਪਾਲ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ ਖੇਡ ਮੈਦਾਨ ਵਿੱਚ ਪੁੱਜ ਕੇ ਕ੍ਰਿਕਟ ਅਤੇ ਫੁੱਟਬਾਲ ਖੇਡ ਰਹੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਖਿਡਾਰੀਆਂ ਨਾਲ ਮਾਮੂਲੀ ਖਿਡਾਰੀ ਤੋਂ ਲੈ ਕੇ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਨ ਤੱਕ ਦੇ ਸਫਰ ਦਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਸਕੂਲੀ ਸਮੇਂ ਦੌਰਾਨ ਉਹ ਵੀ ਵਿਹਲੇ ਸਮੇਂ ਦੌਰਾਨ ਇਸੇ ਤਰ੍ਹਾਂ ਹੀ ਸ਼ਾਮ ਨੂੰ ਹਾਕੀ ਦੀ ਪ੍ਰੈਕਟਿਸ ਕਰਦੇ ਸਨ ਅਤੇ ਹੌਲੀ ਹੌਲੀ ਉਹ ਆਪਣੀ ਮੰਜ਼ਿਲ ਵੱਲ ਵਧਦੇ ਗਏ। ਉਨ੍ਹਾਂ ਕਿਹਾ ਕਿ ਜੇਕਰ ਖਿਡਾਰੀ ਕਿਸੇ ਟੀਚੇ ਨੂੰ ਮੁੱਖ ਰੱਖ ਕੇ ਖੇਡ ਦੀ ਤਿਆਰੀ ਕਰਨਗੇ ਤਾਂ ਉਨ੍ਹਾਂ ਦਾ ਧਿਆਨ ਸਿਰਫ ਆਪਣੀ ਮੰਜ਼ਿਲ ਵੱਲ ਹੀ ਕੇਂਦਰਿਤ ਰਹੇਗਾ ਤੇ ਉਹ ਨਸ਼ਾਖੋਰੀ ਦੇ ਮੱਕੜ ਜਾਲ ਤੋਂ ਵੀ ਮੁਕਤ ਰਹਿਣਗੇ। ਉਨ੍ਹਾਂ ਖਿਡਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਖਿਡਾਰੀਆਂ ਦੀ ਹਰ ਸੰਭਵ ਮਦਦ ਕਰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨਾਲ ਕੁੱਝ ਸਮਾਂ ਕ੍ਰਿਕਟ ਵੀ ਖੇਡੀ। ਇਸ ਮੌਕੇ ਪਰਮਪ੍ਰੀਤਇੰਦਰ ਸਿੰਘ ਵਿਰਕ,ਅਸ਼ੋਕ ਕੁਮਾਰ, ਲਾਲੀ, ਮਨੀ, ਪ੍ਰਦੀਪ, ਸੰਦੀਪ ਤੇ ਹੋਰ ਬਹੁਤ ਸਾਰੇ ਖਿਡਾਰੀ ਹਾਜ਼ਰ ਸਨ।