ਨਵੀਂ ਦਿੱਲੀ, 2 ਸਤੰਬਰ
ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਇਕ ਹੀ ਘਟਨਾ ਲਈ ਪੁਲੀਸ ਪੰਜ ਐੱਫਆਈਆਰਜ਼ ਦਰਜ ਨਹੀਂ ਕਰ ਸਕਦੀ ਹੈ। ਇਹ ਕਹਿੰਦੇ ਹੋਏ ਅਦਾਲਤ ਨੇ ਪਿਛਲੇ ਸਾਲ ਉੱਤਰ-ਪੂਰਬੀ ਦਿੱਲੀ ਵਿਚ ਹੋਏ ਦੰਗਿਆਂ ਦੌਰਾਨ ਲੁੱਟ-ਖੋਹ ਕਰਨ ਅਤੇ ਅੱਗ ਲਗਾਉਣ ਦੇ ਦੋਸ਼ਾਂ ਹੇਠ ਦਰਜ ਕੀਤੀਆਂ ਗਈਆਂ ਚਾਰ ਨਵੀਆਂ ਐੱਫਆਈਆਰਜ਼ ਰੱਦ ਕਰ ਦਿੱਤੀਆਂ।
ਹਾਈ ਕੋਰਟ ਨੇ ਕਿਹਾ ਕਿ ਇਕ ਹੀ ਅਪਰਾਧ ਲਈ ਦੂਜੀ ਐੱਫਆਈਆਰ ਅਤੇ ਨਵੀਂ ਜਾਂਚ ਨਹੀਂ ਹੋ ਸਕਦੀ। ਅਦਾਲਤ ਨੇ ਕਿਹਾ ਕਿ ਇਕ ਹੀ ਘਟਨਾ ਸਬੰਧੀ ਪੰਜ ਵੱਖ-ਵੱਖ ਐੱਫਆਈਆਰਜ਼ ਦਰਜ ਨਹੀਂ ਹੋ ਸਕਦੀਆਂ ਕਿਉਂਕਿ ਇਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਉਲਟ ਹੈ। ਹਾਈ ਕੋਰਟ ਨੇ ਇਕ ਹੀ ਐੱਫਆਈਆਰ ਬਹਾਲ ਰੱਖਦਿਆਂ ਉਨ੍ਹਾਂ ਹੀ ਮੁਲਜ਼ਮਾਂ ਖ਼ਿਲਾਫ਼ ਪਿਛਲੇ ਸਾਲ ਮਾਰਚ ਵਿਚ ਜਫ਼ਰਾਬਾਦ ਪੁਲੀਸ ਥਾਣੇ ਵਿਚ ਦਰਜ ਕੀਤੀਆਂ ਗਈਆਂ ਬਾਕੀ ਚਾਰ ਐੱਫਆਈਆਰਜ਼ ਰੱਦ ਕਰ ਦਿੱਤੀਆਂ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਕਿਹਾ, ‘‘ਇਹ ਨਹੀਂ ਕਿਹਾ ਜਾ ਸਕਦਾ ਕਿ ਘਟਨਾਵਾਂ ਵੱਖੋ-ਵੱਖ ਸਨ ਜਾਂ ਅਪਰਾਧ ਵੱਖ ਸਨ। ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ, ਸਬੰਧਤ ਐੱਫਆਈਆਰਜ਼ ਵਿਚ ਦਾਇਰ ਦੋਸ਼ ਪੱਤਰਾਂ ਦੀ ਪੜਚੋਲ ਕਰਨ ਤੋਂ ਪਤਾ ਲੱਗਦਾ ਹੈ ਕਿ ਅਪਰਾਧ ਇਕ ਵਰਗੇ ਹਨ ਅਤੇ ਮੁਲਜ਼ਮ ਵੀ ਉਹੀ ਹਨ। ਹਾਲਾਂਕਿ, ਜੇਕਰ ਮੁਲਜ਼ਮਾਂ ਖ਼ਿਲਾਫ਼ ਕੋਈ ਸਮੱਗਰੀ ਮਿਲਦੀ ਹੈ ਤਾਂ ਉਸ ਨੂੰ ਐੱਫਆਈਆਰ ਵਿਚ ਦਰਜ ਕੀਤਾ ਜਾ ਸਕਦਾ ਹੈ। ਅਦਾਲਤ ਨੇ ਇਸ ਮਾਮਲੇ ਵਿਚ ਮੁਲਜ਼ਮ ਅਤੀਰ ਦੀਆਂ ਚਾਰ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਇਹ ਫ਼ੈਸਲਾ ਸੁਣਾਇਆ। ਦਿੱਲੀ ਪੁਲੀਸ ਵੱਲੋਂ ਇਕ ਹੀ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਦੀਆਂ ਸ਼ਿਕਾਇਤਾਂ ’ਤੇ ਦਰਜ ਪੰਜ ਐੱਫਆਈਆਰਜ਼ ਵਿਚ ਮੁਲਜ਼ਮਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੋਸ਼ ਹੈ ਕਿ ਜਦੋਂ ਪੀੜਤ 24 ਫਰਵਰੀ ਦੀ ਸ਼ਾਮ ਨੂੰ ਮੌਜਪੁਰ ਇਲਾਕੇ ਵਿਚ ਆਪਣੇ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦਾ ਘਰ ਅੱਗ ਹਵਾਲੇ ਕਰ ਦਿੱਤਾ ਗਿਆ ਹੈ ਜਿਸ ਨਾਲ 7 ਤੋਂ 10 ਲੱਖ ਰੁਪਏ ਦੀ ਸੰਪਤੀ ਦਾ ਨੁਕਸਾਨ ਹੋਇਆ। -ਪੀਟੀਆਈ