ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਜਨਵਰੀ
ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਲ 2017 ਦੀਆਂ ਚੋਣਾਂ ਤੱਕ ਮੋਗਾ ਵਿਧਾਨ ਸਭਾ ਹਲਕੇ ’ਚ 15 ਵਾਰ ਹੋਈਆਂ ਚੋਣਾਂ ਸਮੇਤ ਉਪ ਚੋਣ ’ਚ ਨੌਂ ਵਾਰ ਕਾਂਗਰਸ, ਚਾਰ ਵਾਰ ਅਕਾਲੀ ਦਲ ਅਤੇ ਇੱਕ-ਇੱਕ ਵਾਰ ਸੰਯੁਕਤ ਸੋਸ਼ਲਿਸਟ ਪਾਰਟੀ ਤੇ ਜਨਤਾ ਪਾਰਟੀ ਜਿੱਤ ਚੁੱਕੀ ਹੈ। ਇਸ ਹਲਕੇ ਤੋਂ ਹਾਕਮ ਧਿਰ ਕਾਂਗਰਸ ਦਾ ਕਬਜ਼ਾ ਤੋੜਨ ਲਈ ਆਮ ਆਦਮੀ ਪਾਰਟੀ, ਅਕਾਲੀ ਦਲ, ਭਾਜਪਾ ਤੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਦਾਅ-ਪੇਚ ਵਰਤ ਰਹੇ ਹਨ। ਕਾਂਗਰਸ ਨੇ ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਦੀ ਟਿਕਟ ਕੱਟ ਕੇ ਫਿਲਮ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਅਤੇ ‘ਆਪ’ ਨੇ ਨਵਦੀਪ ਸਿੰਘ ਸੰਘਾ ਦੀ ਟਿਕਟ ਕੱਟ ਕੇ ਡਾ. ਅਮਨਦੀਪ ਕੌਰ ਅਰੋੜਾ ’ਤੇ ਦਾਅ ਖੇਡਿਆ ਹੈ। ਅਕਾਲੀ ਦਲ ਨੇ ਸਿਆਸੀ ਘੁਲਾਟੀਏ ਵਜੋਂ ਜਾਣੇ ਜਾਂਦੇ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਚੋਣ ਪਿੜ ’ਚ ਉਤਾਰਿਆ ਹੈ ਅਤੇ ਭਾਜਪਾ ਬੀਤੇ ਦਿਨੀਂ ਪਾਰਟੀ ਵਿੱਚ ਸ਼ਾਮਲ ਹੋਏ ਵਿਧਾਇਕ ਡਾ. ਹਰਜੋਤ ਕਮਲ ਦੇ ਨਾਂ ’ਤੇ ਮੋਹਰ ਲਾ ਸਕਦੀ ਹੈ।
ਧੜੇਬੰਦੀ ’ਚ ਵੰਡੀ ਕਾਂਗਰਸ ਦੀ ਉਮੀਦਵਾਰ ਮਾਲਵਿਕਾ ਸੂਦ ਨੂੰ ਭਰਾ ਸੋਨੂ ਸੂਦ ਦੀ ਸਮਾਜ ਸੇਵਾ ਦਾ ਲਾਹਾ ਮਿਲਣ ਦੀ ਉਮੀਦ ਹੈ। ਅਕਾਲੀ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਲਈ ਚੋਣ ਪਿੜ ਨਵਾਂ ਨਹੀਂ। ਉਹ ਆਪਣੇ ਪਿਤਾ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਲਈ ਵਿਧਾਨ ਸਭਾ ਚੋਣਾਂ ’ਚ ਸੁਚੱਜੇ ਢੰਗ ਨਾਲ ਚੋਣ ਮੁਹਿੰਮ ਚਲਾਉਂਦੇ ਰਹੇ ਹਨ। ‘ਆਪ’ ਉਮੀਦਵਾਰ ਡਾ. ਅਮਨਦੀਪ ਕੌਰ ਪੇਸ਼ੇ ਵਜੋਂ ਡਾਕਟਰ ਹੈ ਤੇ ਵਿਧਾਨ ਸਭਾ ਚੋਣਾਂ ਲਈ ਨਵਾਂ ਚਿਹਰਾ ਹੈ। ਉਹ ਖੁਦ ਤਾਂ ਟਿਕਟ ਲੈਣ ਵਿੱਚ ਸਫ਼ਲ ਹੋ ਗਏ ਪਰ ਹੁਣ ਪਾਰਟੀ ਦੇ ਰੁੱਸੇ ਆਗੂਆਂ ਨੂੰ ਮਨਾਉਣ ਲੱਗੇ ਹੋਏ ਹਨ।
ਇਸੇ ਤਰ੍ਹਾਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਨਵਦੀਪ ਸਿੰਘ ਸੰਘਾ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਤੇ ‘ਆਪ’ ਦੇ ਹਲਕਾ ਇੰਚਾਰਜ ਰਹਿ ਚੁੱਕੇ ਹਨ। ਉਹ ਕਿਸਾਨ ਅੰਦੋਲਨ ਦਾ ਲਾਹਾ ਲੈ ਕੇ ਵਿਧਾਨ ਸਭਾ ਦੀ ਪੌੜੀਆਂ ਚੜ੍ਹਨ ਦੀ ਉਮੀਦ ਵਿੱਚ ਹਨ। ਭਾਜਪਾ ਵੱਲੋਂ ਕਾਂਗਰਸ ਦੇ ਬਾਗੀ ਵਿਧਾਇਕ ਡਾ. ਹਰਜੋਤ ਕਮਲ ਚੋਣ ਪਿੜ ’ਚ ਹਨ ਪਰ ਹਾਲੇ ਟਿਕਟ ਦਾ ਐਲਾਨ ਨਹੀਂ ਹੋਇਆ। ਟਿਕਟ ਮਿਲਣ ’ਚ ਹੋ ਰਹੀ ਦੇਰੀ ਕਾਰਨ ਉਹ ਚੋਣ ਪ੍ਰਚਾਰ ਵਿੱਚ ਦੂਜੇ ਉਮੀਦਵਾਰਾਂ ਨਾਲੋਂ ਪੱਛੜ ਗਏ ਹਨ।