ਜੋਗਿੰਦਰ ਸਿੰਘ ਮਾਨ
ਮਾਨਸਾ, 19 ਜਨਵਰੀ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਧਿਰਾਂ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਹਨ, ਜਿਨ੍ਹਾਂ ਵਿੱਚ ਇਸ ਵਾਰ ਔਰਤਾਂ ਨੂੰ ਪਹਿਲਾਂ ਦੇ ਮੁਕਾਬਲੇ ਵੀ ਘੱਟ ਟਿਕਟਾਂ ਦਿੱਤੀਆਂ ਗਈਆਂ ਹਨ। ਹੁਣ ਤੱਕ ਪੰਜਾਬ ਵਿੱਚ ਸਾਰੀਆਂ ਸਿਆਸੀ ਧਿਰਾਂ ਵੱਲੋਂ ਐਲਾਨੇ ਗਏ 322 ਉਮੀਦਵਾਰਾਂ ਵਿੱਚੋਂ ਸਿਰਫ਼ 26 ਮਹਿਲਾ ਉਮੀਦਵਾਰ ਐਲਾਨੇ ਗਏ ਹਨ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਕਾਂਗਰਸ ਪਾਰਟੀ ਦੇ ਐਲਾਨੇ 86 ਉਮੀਦਵਾਰਾਂ ਵਿੱਚੋਂ 9 ਔਰਤਾਂ ਨੂੰ ਟਿਕਟ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਡਾ. ਰਣਬੀਰ ਕੌਰ ਮੀਆਂ, ਮੌੜ ਹਲਕੇ ਤੋਂ ਮਾਨਸਾ ਵਾਸੀ ਡਾ. ਮਨੋਜ ਬਾਲਾ, ਮੋਗਾ ਤੋਂ ਮਾਲਵਿਕਾ ਸੂਦ, ਲਹਿਰਾਗਾਗਾ ਤੋਂ ਰਾਜਿੰਦਰ ਕੌਰ ਭੱਠਲ, ਮਲੋਟ ਤੋਂ ਰੁਪਿੰਦਰ ਕੌਰ ਰੂਬੀ, ਬੱਲੂਆਣਾ ਤੋਂ ਰਾਜਿੰਦਰ ਕੌਰ, ਮੁਕੇਰੀਆਂ ਤੋਂ ਇੰਦੂ ਬਾਲਾ, ਮਾਲੇਰਕੋਟਲਾ ਤੋਂ ਰਜ਼ੀਆ ਸੁਲਤਾਨਾ ਅਤੇ ਦੀਨਾਨਗਰ ਤੋਂ ਅਰੁਣਾ ਚੌਧਰੀ ਨੂੰ, ਬੁਢਲਾਡਾ ਤੋਂ ਡਾ. ਰਣਬੀਰ ਕੌਰ ਮੀਆਂ, ਮਲੋਟ ਤੋਂ ਰੁਪਿੰਦਰ ਕੌਰ ਰੂਬੀ ਅਤੇ ਮੋਗਾ ਤੋਂ ਮਾਲਵਿਕਾ ਸੂਦ ਨੂੰ ਟਿਕਟ ਦਿੱਤੀ ਗਈ ਹੈ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਹਿੱਸੇ ਦੀਆਂ 97 ਵਿੱਚੋਂ 94 ਸੀਟਾਂ ’ਤੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ ਅਤੇ ਜਿਨ੍ਹਾਂ ਵਿੱਚੋਂ ਸਿਰਫ਼ 4 ਸੀਟਾਂ ’ਤੇ ਮਹਿਲਾ ਉਮੀਦਵਾਰਾਂ ਭੁੱਲਥ ਤੋਂ ਬੀਬੀ ਜਗੀਰ ਕੌਰ, ਖੰਨਾ ਤੋਂ ਜਸਦੀਪ ਕੌਰ, ਬਲਾਚੌਰ ਤੋਂ ਸੁਨੀਤਾ ਚੌਧਰੀ, ਸ਼ੁਤਰਾਣਾ ਤੋਂ ਵਰਿੰਦਰ ਕੌਰ ਲੂੰਬਾ ਨੂੰ ਟਿਕਟ ਦਿੱਤੀ ਹੈ।
ਇਸੇ ਤਰ੍ਹਾਂ ‘ਆਪ’ ਨੇ ਸਿਰਫ਼ 12 ਔਰਤਾਂ ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ, ਮਲੋਟ ਤੋਂ ਬਲਜੀਤ ਕੌਰ, ਮੋਗਾ ਤੋਂ ਅਮਨਦੀਪ ਕੌਰ ਅਰੋੜਾ, ਸੰਗਰੂਰ ਤੋਂ ਨਰਿੰਦਰ ਕੌਰ, ਖਰੜ ਤੋਂ ਅਨਮੋਲ ਗਗਨ ਮਾਨ, ਜਗਰਾਉਂ ਤੋਂ ਸਰਬਜੀਤ ਕੌਰ ਮਾਣੂੰਕੇ, ਬਲਾਚੌਰ ਤੋਂ ਸੰਤੋਸ਼ ਕਟਾਰੀਆ, ਰਾਜਪੁਰਾ ਤੋਂ ਨੀਨਾ ਮਿੱਤਲ, ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਕਪੂਰਥਲਾ ਤੋਂ ਮੰਜੂ ਰਾਣਾ, ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ, ਲੁਧਿਆਣਾ ਦੱਖਣੀ ਤੋਂ ਰਾਜਿੰਦਰਪਾਲ ਕੌਰ ਛੀਨਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਸੰਯੁਕਤ ਸਮਾਜ ਮੋਰਚੇ ਵੱਲੋਂ ਐਲਾਨੇ ਗਏ 39 ਉਮੀਦਵਾਰਾਂ ’ਚੋਂ ਸਿਰਫ ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਅਨੁਰੂਪ ਕੌਰ ਨੂੰ ਟਿਕਟ ਦਿੱਤੀ ਗਈ ਹੈ।
ਪੜ੍ਹੀਆਂ-ਲਿਖੀਆਂ ਕੁੜੀਆਂ ਅੱਗੇ ਆਉਣ ਲੱਗੀਆਂ: ਰੂਬੀ
ਮਲੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਹੁਣ ਕਾਂਗਰਸ ਵਿੱਚ ਨੌਜਵਾਨ ਪੜ੍ਹੀਆਂ-ਲਿਖੀਆਂ ਕੁੜੀਆਂ ਵੀ ਟਿਕਟ ਹਾਸਲ ਕਰਨ ਲਈ ਅੱਗੇ ਆਉਣ ਲੱਗੀਆਂ ਹਨ, ਜਿਸ ਤਹਿਤ ਉਨ੍ਹਾਂ ਟਿਕਟ ਮਿਲੀ ਹੈ।
ਅਗਲੀ ਸੂਚੀ ’ਚ ਹੋਰ ਔਰਤਾਂ ਸ਼ਾਮਲ ਕੀਤੀਆਂ ਜਾਣਗੀਆਂ: ਡਾ. ਬਾਲਾ
ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਮਨੋਜ ਬਾਲਾ ਨੇ ਕਿਹਾ ਕਿ ਅਗਲੀ ਸੂਚੀ ਵਿੱਚ ਔਰਤਾਂ ਦੀ ਹੋਰ ਸ਼ਮੂਲੀਅਤ ਬਣਾਈ ਜਾਵੇਗੀ ਅਤੇ ਔਰਤਾਂ ਨੂੰ ਚੋਣ ਮੈਦਾਨ ਵਿੱਚ ਨਿੱਤਰਨ ਲਈ ਪਾਰਟੀ ਵੱਲੋਂ ਹੌਸਲਾ ਵਧਾਇਆ ਜਾਵੇਗਾ।
ਔਰਤਾਂ ਸਿਆਸੀ ਖੇਤਰ ’ਚ ਅੱਗੇ ਆਉਣ ਦਾ ਹੀਆ ਕਰਨ ਲੱਗੀਆਂ: ਡਾ. ਮੀਆਂ
ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ. ਰਣਬੀਰ ਕੌਰ ਮੀਆਂ ਨੇ ਕਿਹਾ ਕਿ ਹੁਣ ਰਾਜਸੀ ਖੇਤਰ ਵਿੱਚ ਔਰਤਾਂ ਦਲੇਰੀ ਨਾਲ ਅੱਗੇ ਆਉਣ ਦਾ ਹੀਆ ਕਰਨ ਲੱਗੀਆਂ ਹਨ, ਜਿਸ ਕਰਕੇ ਸਿਆਸੀ ਧਿਰਾਂ ਨੂੰ ਮੈਦਾਨ ਵਿੱਚ ਉਤਰਾਨਾ ਜ਼ਰੂਰੀ ਬਣ ਜਾਵੇਗਾ।