ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਥਰਮਲ ਪਲਾਂਟਾਂ ’ਤੇ ਕੋਲੇ ਦੀ ਕਿੱਲਤ ਨੂੰ ਲੈ ਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬਣੇ ਬਿਜਲੀ ਸੰਕਟ ਨੂੰ ਲੈ ਕੇ ਅੱਜ ਇਥੇ ਕੋਲਾ, ਬਿਜਲੀ ਤੇ ਰੇਲਵੇ ਮੰਤਰਾਲੇ ਦੇ ਸਿਖਰਲੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ, ਬਿਜਲੀ ਮੰਤਰੀ ਆਰ.ਕੇ.ਸਿੰਘ ਤੇ ਹੋਰ ਕਈ ਸਿਖਰਲੇ ਅਧਿਕਾਰੀ ਮੌਜੂਦ ਸਨ। ਸ਼ਾਹ ਨੇ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਤੇ ਬਿਜਲੀ ਪੈਦਾਵਾਰ ਦੇ ਹਾਲਾਤ ਦੀ ਸਮੀਖਿਆ ਕੀਤੀ। ਅੰਕੜਿਆਂ ਮੁਤਾਬਕ ਕੇਂਦਰੀ ਬਿਜਲੀ ਅਥਾਰਿਟੀ ਦੀ ਨਿਗਰਾਨੀ ਵਾਲੇ 147 ਗੈਰ-ਪਿਟਹੈੱਡ ਪਲਾਂਟਾਂ, ਜਿਨ੍ਹਾਂ ਦੀ ਬਿਜਲੀ ਪੈਦਾਵਾਰ ਦੀ ਸਮਰਥਾ 164 ਗੀਗਾਵਾਟ ਹੈ, ਵਿੱਚ ਪਹਿਲੀ ਮਈ ਨੂੰ ਕੋਲੇ ਦਾ ਭੰਡਾਰਨ 26 ਫੀਸਦ ਹੈ। -ਪੀਟੀਆਈ