ਡਾ. ਸੁਰਿੰਦਰ ਕੁਮਾਰ ਜਿੰਦਲ
ਮੁੱਢ ਕਦੀਮ ਤੋਂ ਹੀ ਗ੍ਰਹਿਣੀ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੀ ਆ ਰਹੀ ਹੈ। ਇਤਿਹਾਸ ’ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ‘ਚਿਪਕੋ ਅੰਦੋਲਨ’ ਹੋਵੇ ਜਾਂ ‘ਹਰੀ ਪੇਟੀ ਅੰਦੋਲਨ’ ਸੁਆਣੀ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ। ਇਸ ਯੋਗਦਾਨ ਲਈ ਉਸ ਨੂੰ ਆਪਣੇ ਘਰ/ਰਸੋਈ ਦਾ ਕੰਮ ਛੱਡ ਕੇ ਵੀ ਬਾਹਰ ਜਾਣਾ ਪਿਆ। ਇਸ ਦਾ ਅਰਥ ਕਈ ਵਾਰੀ ਅੱਜ ਦੀ ਨਾਰੀ ਇਹ ਕੱਢ ਬੈਠਦੀ ਹੈ ਕਿ ਜੇ ਵਾਤਾਵਰਨ ਦੀ ਸੰਭਾਲ ਜਾਂ ਸੁਰੱਖਿਆ ਕਰਨੀ ਹੈ ਤਾਂ ਉਸ ਨੂੰ ਘਰੋਂ ਬਾਹਰ ਨਿਕਲਣਾ ਹੀ ਪੈਣਾ ਹੈ। ਜੇਕਰ ਉਹ ਘਰੋਂ ਬਾਹਰ ਜਾ ਕੇ ਇਹ ਕੁਝ ਨਹੀਂ ਕਰ ਸਕਦੀ ਤਾਂ ਉਹ ਵਾਤਾਵਰਨ ਦੀ ਸੰਭਾਲ/ਸੁਰੱਖਿਆ ਵਿੱਚ ਕੋਈ ਯੋਗਦਾਨ ਨਹੀਂ ਪਾ ਸਕੇਗੀ।
ਜੇਕਰ ਥੋੜ੍ਹਾ ਜਿਹਾ ਵੀ ਧਿਆਨ ਨਾਲ ਦੇਖਿਆ ਜਾਵੇ ਤਾਂ ਸੁਆਣੀ ਘਰ ਦੇ ਅੰਦਰ ਰਹਿੰਦੇ ਹੋਏ ਅਤੇ ਆਪਣਾ ਕੰਮ-ਕਾਜ ਕਰਦੇ ਹੋਏ ਵੀ ਵਾਤਾਵਰਨ ਦੀ ਸੰਭਾਲ ਵਿੱਚ ਚੰਗਾ-ਚੋਖਾ ਯੋਗਦਾਨ ਪਾ ਸਕਦੀ ਹੈ। ‘ਚਿਪਕੋ ਅੰਦੋਲਨ’ ਵਰਗੀਆਂ ਗਤੀਵਿਧੀਆਂ ਤਾਂ ਵਾਤਾਵਰਨ ਸੰਭਾਲ ਦੀਆਂ ਮੁਹਿੰਮਾਂ ਦਾ ਇੱਕ ਹਿੱਸਾ ਹੁੰਦੀਆਂ ਹਨ ਜਿਨ੍ਹਾਂ ਵਿੱਚ ਹਰ ਸੁਆਣੀ ਹਰ ਦਿਨ ਯੋਗਦਾਨ ਨਹੀਂ ਪਾ ਸਕਦੀ। ਦੂਜੇ ਪਾਸੇ ਘਰ/ਰਸੋਈ ਦੇ ਅੰਦਰ ਵਿਚਰਦੇ ਹੋਏ ਹੀ ਉਹ ਅਜਿਹੇ ਕਈ ਕੰਮ ਹਰ ਰੋਜ਼ ਅਤੇ ਹਰ ਵਕਤ ਕਰ ਸਕਦੀ ਹੈ ਜੋ ਵਾਤਾਵਰਨ ਦੀ ਸੰਭਾਲ/ਸੁਰੱਖਿਆ ਕਰਨ ਵਾਲੇ ਹੋਣ। ਸੁਆਣੀ ਨੂੰ ਫਰਿੱਜ ਵਿੱਚ ਰੱਖਿਆ ਦੁੱਧ/ਸਬਜ਼ੀ ਅਕਸਰ ਗਰਮ ਕਰਨੇ ਪੈਂਦੇ ਹਨ। ਅਜਿਹਾ ਕਰਨ ਲਈ ਜੇਕਰ ਉਹ ਦੁੱਧ, ਸਬਜ਼ੀ ਆਦਿ ਨੂੰ ਫਰਿੱਜ ਵਿੱਚੋਂ ਕੱਢ ਕੇ ਸਿੱਧੇ ਹੀ ਅੱਗ ਉੱਪਰ ਰੱਖਦੀ ਹੈ ਤਾਂ ਪਹਿਲੇ 5-7 ਮਿੰਟ ਬਲਿਆ ਬਾਲਣ ਬੇਕਾਰ ਚਲਾ ਜਾਂਦਾ ਹੈ ਕਿਉਂਕਿ ਐਨੇ ਕੁ ਸਮੇਂ ਦੌਰਾਨ ਤਾਂ ਬਰਤਨ ਦੀ ਕੇਵਲ ਠੰਢਕ ਹੀ ਦੂਰ ਹੁੰਦੀ ਹੈ। ਸੁਆਣੀ ਫਰਿੱਜ ਵਿੱਚੋਂ ਸਾਮਾਨ ਕੱਢ ਕੇ ਅੱਧੇ ਤੋਂ ਪੌਣੇ ਘੰਟੇ ਲਈ ਉਸ ਨੂੰ ਰਸੋਈ ਵਿੱਚ ਇਸ ਤਰ੍ਹਾਂ ਹੀ ਪਿਆ ਰਹਿਣ ਦੇਵੇ। ਕੁਦਰਤੀ ਵਿਗਿਆਨ ਦੇ ਨਿਯਮ ਅਨੁਸਾਰ ਇਸ ਸਮੇਂ ਦੌਰਾਨ ਠੰਢਾ ਬਰਤਨ ਰਸੋਈ-ਘਰ ਦੀ ਗਰਮ ਹਵਾ ਵਿੱਚੋਂ ਗਰਮੀ ਸੋਖ ਕੇ ਆਮ ਤਾਪਮਾਨ ’ਤੇ ਆ ਜਾਵੇਗਾ। ਹੁਣ ਉਸ ਨੂੰ ਗਰਮ ਕਰਨ ਲਈ ਬਾਲਣ ਘੱਟ ਲੱਗੇਗਾ। ਬਾਲਣ ਦੀ ਬੱਚਤ ਵਾਤਾਵਰਨ ਦੀ ਬੱਚਤ ਹੀ ਹੁੰਦੀ ਹੈ।
ਫਰਿੱਜ ਦੀ ਗੱਲ ਨੂੰ ਹੀ ਅੱਗੇ ਤੋਰੀਏ ਤਾਂ ਫਰਿੱਜ ਨੂੰ ਕੰਧ ਤੋਂ ਇੱਕ ਗਿੱਠ ਦੂਰ ਰੱਖਣਾ ਚਾਹੀਦਾ ਹੈ। ਫਰਿੱਜ ਦੇ ਉੱਪਰ ਵੀ ਘੱਟੋ-ਘੱਟ ਇੱਕ ਗਿੱਠ ਦੀ ਖੁੱਲ੍ਹੀ ਥਾਂ ਹੋਣੀ ਚਾਹੀਦੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਫਰਿੱਜ ਬਿਜਲੀ ਵਰਤੇਗਾ ਤਾਂ ਵੱਧ, ਪਰ ਠੰਢਕ ਪੈਦਾ ਕਰੇਗਾ ਘੱਟ। ਬਿਜਲੀ ਚਾਹੇ ਮੁਫ਼ਤ ਹੀ ਮਿਲ ਰਹੀ ਹੋਵੇ, ਜੇਕਰ ਇਸ ਦੀ ਬੱਚਤ ਨਾ ਕੀਤੀ ਜਾਵੇ ਤਾਂ ਅਸੀਂ ਵਾਤਾਵਰਨ ਦੋਖੀ ਹੀ ਕਹਾਵਾਂਗੇ। ਸਾਡੇ ਮੁਲਕ ਵਿੱਚ ਬਿਜਲੀ ਪੈਦਾ ਕਰਨ ਦੇ ਸਾਰੇ ਤਰੀਕੇ ਵਾਤਾਵਰਨ ਦੇ ਵਿਗਾੜ ਲਈ ਜ਼ਿੰਮੇਵਾਰ ਹਨ।
ਇਸ ਤੋਂ ਇਲਾਵਾ ਕਈ ਵਾਰ ਫ਼ਲ/ਸਬਜ਼ੀਆਂ ਨੂੰ ਧੋ ਕੇ ਫਰਿੱਜ ਵਿੱਚ ਲਾਉਣ ਲੱਗੇ ਸੁਆਣੀ ਫਰਿੱਜ ਦਾ ਦਰਵਾਜ਼ਾ ਖੋਲ੍ਹ ਕੇ ਇੱਕ-ਇੱਕ ਫ਼ਲ/ਸਬਜ਼ੀ ਨੂੰ ਕੱਪੜੇ ਨਾਲ ਪੂੰਝ ਕੇ ਫਰਿੱਜ ਅੰਦਰ ਲਗਾਉਣਾ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਇਲਾਵਾ ਗਰਮੀਆਂ ਵਿੱਚ ਠੰਢਾ ਪਾਣੀ ਪੀਣ ਲਈ ਕਈ ਘਰਾਂ ਵਿੱਚ ਹਰ ਵਿਅਕਤੀ ਹਰ ਵਾਰ ਫਰਿੱਜ ਖੋਲ੍ਹ ਕੇ ਪਾਣੀ ਦੀ ਬੋਤਲ ਕੱਢਦਾ ਹੈ ਅਤੇ ਪਾਣੀ ਪੀਣ ਉਪਰੰਤ ਫਿਰ ਬੋਤਲ ਅੰਦਰ ਰੱਖਣ ਲਈ ਫਰਿੱਜ ਦਾ ਦਰਵਾਜ਼ਾ ਖੋਲ੍ਹਦਾ ਹੈ। ਇੱਕ ਸਿਆਣੀ ਸੁਆਣੀ ਇਨ੍ਹਾਂ ਦੋਵੇਂ ਥਾਵਾਂ ’ਤੇ ਫਰਿੱਜ ਦਾ ਵਾਰ-ਵਾਰ ਖੁੱਲ੍ਹਣਾ ਕਾਫ਼ੀ ਘਟਾ ਦਿੰਦੀ ਹੈ। ਉਹ ਫਰਿੱਜ ਵਿੱਚ ਰੱਖਣ ਵਾਲਾ ਸਾਰਾ ਸਾਮਾਨ ਫਰਿੱਜ ਖੋਲ੍ਹਣ ਤੋਂ ਪਹਿਲਾਂ ਇਕੱਠਾ ਕਰ ਕੇ ਰੱਖ ਸਕਦੀ ਹੈ ਅਤੇ ਇੱਕੋ ਝਟਕੇ ਫਰਿੱਜ ’ਚ ਸਾਮਾਨ ਜਮ੍ਹਾਂ ਕਰਕੇ ਦਰਵਾਜ਼ਾ ਬੰਦ ਕਰ ਸਕਦੀ ਹੈ। ਇਸੇ ਪ੍ਰਕਾਰ ਉਹ ਦਿਨ ’ਚ ਦੋ ਜਾਂ ਤਿੰਨ ਡੰਗ ਬਰਫ਼ ਦਾ ਇੱਕ ਡੱਬਾ ਕੈਂਪਰ ਵਿੱਚ ਭਰੇ ਪਾਣੀ ’ਚ ਪਾ ਕੇ ਰੱਖ ਸਕਦੀ ਹੈ ਤਾਂ ਜੋ ਠੰਢਾ ਪਾਣੀ ਪੀਣ/ਪਿਲਾਉਣ ਲਈ ਫਰਿੱਜ ਦਾ ਦਰਵਾਜ਼ਾ ਵਾਰ-ਵਾਰ ਨਾ ਖੋਲ੍ਹਣਾ ਪਵੇ। ਯਾਦ ਰੱਖਣਾ ਚਾਹੀਦਾ ਹੈ ਕਿ ਫਰਿੱਜ ਵਿੱਚੋਂ ਕੋਈ ਵਸਤੂ ਕੱਢਣ ਲਈ ਅਸੀਂ ਜਦੋਂ ਵੀ ਇਸ ਨੂੰ ਖੋਲ੍ਹਦੇ ਹਾਂ ਤਾਂ ਇੱਕ ਵਾਰ ਵਿੱਚ ਐਨੀ ਕੁ ਬਿਜਲੀ-ਊਰਜਾ ਬੇਕਾਰ ਹੋ ਜਾਂਦੀ ਹੈ ਜਿਸ ਨਾਲ 40 ਵਾਟ ਦਾ ਬਲਬ 1 ਘੰਟਾ ਜਗਦਾ ਰਹਿ ਸਕੇ।
ਇਸੇ ਪ੍ਰਕਾਰ ਸੁਆਣੀ ਨੂੰ ਚਾਹੀਦਾ ਹੈ ਕਿ ਉਹ ਸਥਾਨਕ ਤੌਰ ’ਤੇ ਪੈਦਾ ਹੋਣ ਵਾਲੇ ਫ਼ਲ/ਸਬਜ਼ੀਆਂ ਵਰਤੇ। ਬਾਹਰਲੇ ਖੇਤਰਾਂ/ਮੁਲਕਾਂ ਵਿੱਚ ਪੈਦਾ ਹੋਣ ਵਾਲੇ ਉਤਪਾਦ ਜਦੋਂ ਤੱਕ ਸਾਡੇ ਤੱਕ ਅੱਪੜਦੇ ਹਨ ਤਾਂ ਇਨ੍ਹਾਂ ਦੇ ਉਤਪਾਦਨ, ਭੰਡਾਰਨ ਅਤੇ (ਕੋਲਡ-ਚੇਨ ਰਾਹੀਂ ਹੋਣ ਵਾਲੀ) ਢੁਆਈ ਉੱਪਰ ਬਹੁਤ ਸਾਰੇ ਸਰੋਤ ਵਰਤੇ ਜਾ ਚੁੱਕੇ ਹੁੰਦੇ ਹਨ। ਇਸ ਦੇ ਉਲਟ ਜੇਕਰ ਸੁਆਣੀ ਸਥਾਨਕ ਫ਼ਲ/ਸਬਜ਼ੀਆਂ ਦੇ ਉਤਪਾਦਕਾਂ ਤੋਂ ਮਾਲ ਖਰੀਦੇ ਤਾਂ ਉਹ ਬਾਲਣਾਂ/ਬਿਜਲੀ ਦੀ ਉਕਤ ਖਪਤ ਘਟਾਉਣ ਵਿੱਚ ਤਾਂ ਚੋਖਾ ਯੋਗਦਾਨ ਪਾ ਹੀ ਰਹੀ ਹੋਵੇਗੀ, ਨਾਲੋ-ਨਾਲ ਪਰਿਵਾਰਕ ਸਿਹਤ ਦੀ ਸੁਰੱਖਿਆ ਵੀ ਕਰ ਰਹੀ ਹੋਵੇਗੀ।
ਫ਼ਲ/ਸਬਜ਼ੀਆਂ ਨਾਲ ਜੁੜੇ ਇੱਕ ਹੋਰ ਨੁਕਤੇ ਰਾਹੀਂ ਵੀ ਸੁਆਣੀ ਵਾਤਾਵਰਨ ਪੱਖੀ ਬਣ ਸਕਦੀ ਹੈ। ਇਨ੍ਹਾਂ ਚੀਜ਼ਾਂ ਦੇ ਛਿਲਕਿਆਂ ਨੂੰ ਕੂੜੇ ਵਿੱਚ ਨਾ ਸੁੱਟ ਕੇ ਉਹ ਵਧੀਆ ਜੈਵਿਕ ਖਾਦ ਤਿਆਰ ਕਰ ਸਕਦੀ ਹੈ ਜਿਸ ਦੀ ਵਰਤੋਂ ਘਰ ਵਿੱਚ ਉਗਾਏ ਹੋਏ ਸਜਾਵਟੀ/ਫ਼ਲਦਾਰ ਪੌਦਿਆਂ ਦੀ ਖੁਰਾਕ ਵਜੋਂ ਕੀਤੀ ਜਾ ਸਕਦੀ ਹੈ। ਖਾਦ ਤਿਆਰ ਕਰਨ ਲਈ ਕੱਚੀ ਥਾਂ ’ਚ ਇੱਕ ਟੋਆ ਪੁੱਟ ਕੇ ਉਸ ਵਿੱਚ ਇਹ ਛਿਲਕੇ ਪਾਉਂਦੇ ਰਹੋ। ਕੋਈ ਟੋਆ ਨਾ ਮਿਲ ਸਕੇ ਤਾਂ ਕੋਈ ਲੱਕੜ ਦੀ ਪੇਟੀ ਜਾਂ ਪੁਰਾਣੀ ਬਾਲਟੀ ਵਿੱਚ ਵੀ ਇਹ ਕੰਮ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਕੂੜੇ ਦੇ ਵੱਡੇ ਢੇਰਾਂ ਵਿੱਚੋਂ ਉੱਠਣ ਵਾਲੀ ਬਦਬੂ ਵੀ ਘਟੇਗੀ ਤੇ ਹਰ ਘਰ ਆਪਣੇ ਲਈ ਇੱਕ ਵਧੀਆ ਖਾਦ ਵੀ ਤਿਆਰ ਕਰ ਸਕੇਗਾ।
ਇਸ ਤੋਂ ਅੱਗੇ ਚੱਲਦੇ ਹੋਏ ਸੁਆਣੀ ਨੂੰ ਚਾਹੀਦਾ ਹੈ ਕਿ ਉਹ ਕੱਪੜੇ ਦੇ ਥੈਲੇ ਬਣਾ ਕੇ ਰੱਖੇ। ਜਦੋਂ ਵੀ ਕੋਈ ਬਾਜ਼ਾਰ ਜਾਂਦਾ ਹੈ ਤਾਂ ਉਹ ਥੈਲੇ ਲੈ ਕੇ ਜਾਵੇ ਤਾਂ ਜੋ ਪੌਲੀਥੀਨ ਦੇ ਲਿਫ਼ਾਫ਼ਿਆਂ ਉੱਪਰ ਨਿਰਭਰਤਾ ਘਟ ਸਕੇ। ਜੋ ਕੁਝ ਪੌਲੀਥੀਨ ਦੇ ਲਿਫ਼ਾਫ਼ੇ ਖਰੀਦਦਾਰੀ ਕਰਨ ’ਤੇ ਘਰ ਆਉਂਦੇ ਹਨ, ਉਨ੍ਹਾਂ ਨੂੰ ਤਹਿ ਲਗਾ ਕੇ ਉਹ ਸਾਂਭਦੀ ਰਹੇ ਅਤੇ ਇਕੱਠੇ ਕਰਕੇ ਰੇਹੜੀ-ਫੜ੍ਹੀ ਵਾਲਿਆਂ ਨੂੰ ਸੌਂਪਦੀ ਰਹੇ। ਇਸ ਨਾਲ ਜਿੱਥੇ ਪੌਲੀਥੀਨ ਦਾ ਪੁਨਰ-ਚੱਕਰਨ/ਮੁੜ-ਵਰਤੋਂ ਹੁੰਦੀ ਹੈ, ਉੱਥੇ ਹੀ ਇਹ ਲਿਫ਼ਾਫ਼ੇ ਸੀਵਰੇਜ-ਪ੍ਰਣਾਲੀ ਨੂੰ ਰੋਕਣ ਤੋਂ ਬਚਦੇ ਹਨ। ਐਨਾ ਹੀ ਨਹੀਂ, ਕੂੜੇ ਵਿੱਚ ਪਏ ਇਹ ਲਿਫ਼ਾਫ਼ੇ ਜਦੋਂ ਜਾਨਵਰਾਂ ਦੁਆਰਾ ਖਾ ਲਏ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਆਂਦਰਾਂ ਰੁਕ ਜਾਂਦੀਆਂ ਹਨ।
ਇਸੇ ਪ੍ਰਕਾਰ ਸੁਆਣੀ ਨੂੰ ਚਾਹੀਦਾ ਹੈ ਕਿ ਉਹ ਰਸੋਈ ਜਾਂ ਘਰ ਦੇ ਕਿਸੇ ਹੋਰ ਹਿੱਸੇ ਵਿੱਚ ਬਿਜਲੀ ਜਾਂ ਪਾਣੀ ਦੀ ਬਰਬਾਦੀ ਨਾ ਹੋਣ ਦੇਵੇ। ਹਰ ਪ੍ਰਕਾਰ ਦਾ ਬੇਕਾਰ ਕਾਗਜ਼, ਅਖ਼ਬਾਰ, ਗੱਤਾ, ਪਲਾਸਟਿਕ, ਕੱਚ, ਲੋਹਾ ਆਦਿ ਕਿਤੇ ਸਾਂਭਦੀ ਰਹੇ ਅਤੇ ਹਰ 2-4 ਮਹੀਨੇ ਬਾਅਦ ਉਸ ਨੂੰ ਕਬਾੜ ਵਾਲੇ ਕੋਲ ਵੇਚਦੀ ਰਹੇ। ਅਜਿਹਾ ਕਰਨ ਪਿੱਛੇ ਮੁੱਖ ਮਕਸਦ ਪੈਸੇ ਕਮਾਉਣਾ ਨਹੀਂ ਸਗੋਂ ਵਾਤਾਵਰਨ ਦੀ ਸੰਭਾਲ ਦੇ ‘ਥ੍ਰੀ ਆਰ (3R) ਸਿਧਾਂਤ’ ਵਿੱਚ ਯੋਗਦਾਨ ਪਾਉਣਾ ਹੁੰਦਾ ਹੈ। ਨਾਲ ਹੀ ਗ੍ਰਹਿਣੀ ਨੂੰ ਚਾਹੀਦਾ ਹੈ ਕਿ ਉਹ ਪਲਾਸਟਿਕ, ਕੱਚ ਆਦਿ ਦੇ ਡੱਬਿਆਂ, ਬੋਤਲਾਂ ਆਦਿ ਨੂੰ ਖਾਲੀ ਹੋਣ ’ਤੇ ਸੁੱਟੇ ਨਾ ਸਗੋਂ ਉਨ੍ਹਾਂ ਦੀ ਮੁੜ ਵਰਤੋਂ ਕਰੇ। ਛੋਟੇ ਹੋਏ/ਫਟੇ ਕੱਪੜੇ ਕੂੜੇ ਵਿੱਚ ਸੁੱਟਣ ਦੀ ਥਾਂ ਉਨ੍ਹਾਂ ਵੀ ਢੁਕਵੀਂ ਮੁੜ-ਵਰਤੋਂ ਕੀਤੀ ਜਾਵੇ।
ਇਸ ਤੋਂ ਇਲਾਵਾ ਘਰਾਂ ’ਚ ਫਰਸ਼ਾਂ ’ਤੇ ਪੋਚਾ ਲਾਉਣ ਲਈ ਫਿਨਾਇਲ ਦੀ ਵਰਤੋਂ ਕਰਨੀ ਵੀ ਪੂਰੀ ਤਰ੍ਹਾਂ ਗ਼ੈਰ-ਜ਼ਰੂਰੀ ਅਤੇ ਵਾਤਾਵਰਨ ਦੋਖੀ ਹੈ। ਫਿਨਾਇਲ ਵਰਗ ਦੇ ਵਾਸ਼ਪਸ਼ੀਲ ਯੋਗਿਕ ਕੈਂਸਰ ਕਾਰਕ ਹੁੰਦੇ ਹਨ। ਸੁਆਣੀ ਘਰੇ ਪੋਚਾ ਲਾਉਣ ਲਈ ਜੇਕਰ ਪਾਣੀ ਦੀ ਬਾਲਟੀ ਵਿੱਚ ਦੋ ਕੁ ਚੁਟਕੀ ਸਾਧਾਰਨ ਨਮਕ ਪਾ ਲਵੇ ਤਾਂ ਫਿਨਾਇਲ ਦੀ ਲੋੜ ਹੀ ਨਹੀਂ ਰਹਿੰਦੀ, ਪਰ ਕੰਪਨੀਆਂ ਆਪਣੇ ਉਤਪਾਦ ਵੇਚਣ ਲਈ ਸਾਡੇ ਦਿਮਾਗ਼ ਦੀ ਕੜ੍ਹੀ ਬਣਾਉਣ ਵਿੱਚ ਲੱਗੀਆਂ ਰਹਿੰਦੀਆਂ ਹਨ।
ਸੁਆਣੀ ਨੂੰ ਚਾਹੀਦਾ ਹੈ ਕਿ ਉਹ ਤਾਕੀਆਂ ਨੂੰ ਬੇਵਜ੍ਹਾ ਪਰਦਿਆਂ ਨਾਲ ਨਾ ਢਕ ਕੇ ਕੁਦਰਤੀ ਰੋਸ਼ਨੀ ਨੂੰ ਕਮਰਿਆਂ/ਰਸੋਈ ਅੰਦਰ ਆਉਣ ਦੇਵੇ। ਇਸ ਨਾਲ ਜਿੱਥੇ ਬਿਜਲੀ ਦੀ ਬੱਚਤ ਹੋਵੇਗੀ, ਉੱਥੇ ਹੀ ਕੁਦਰਤੀ ਰੋਸ਼ਨੀ ਘਰ ਨੂੰ ਰੋਗਾਣੂ ਮੁਕਤ ਵੀ ਕਰਦੀ ਰਹੇਗੀ।
ਸੁਆਣੀ ਨੂੰ ਚਾਹੀਦਾ ਹੈ ਕਿ ਉਹ ਘਰ ਵਿੱਚ ਬੇਵਜ੍ਹਾ ਆਰ.ਓ. ਫਿਲਟਰ ਨਾ ਵਰਤੇ। ਇਹ ਇੱਕ ਲਿਟਰ ਪੀਣ ਯੋਗ ਪਾਣੀ ਤਿਆਰ ਕਰਨ ਲੱਗਿਆਂ ਘੱਟੋ-ਘੱਟ 3 ਲਿਟਰ ਪਾਣੀ ਅਜਾਈਂ ਰੋੜ੍ਹ ਦਿੰਦਾ ਹੈ। ਬਿਜਲੀ ਦੀ ਖਪਤ ਅਲੱਗ। ਪੰਜਾਬ ਦੀ ਮੌਜੂਦਾ ਸਥਿਤੀ ਅਨੁਸਾਰ ਕਰੀਬ 75% ਜ਼ਿਲ੍ਹਿਆਂ ਵਿੱਚ ਆਰ.ਓ. ਫਿਲਟਰ ਲਾਉਣ ਦੀ ਕੋਈ ਲੋੜ ਨਹੀਂ। ਅਸੀਂ ਬਸ ਦੇਖੋ ਦੇਖੀ ਲੱਗੇ ਪਏ ਹਾਂ। ਅਜਿਹੇ ਛੋਟੇ-ਛੋਟੇ ਉਪਾਅ ਕਰਕੇ ਸੁਆਣੀ ਘਰ ਰਹਿੰਦਿਆਂ ਹੀ ਵਾਤਾਵਰਨ ਦੀ ਸੰਭਾਲ ਵਿੱਚ ਚੋਖਾ ਯੋਗਦਾਨ ਪਾ ਸਕਦੀ ਹੈ।
ਸੰਪਰਕ: 98761-35823