ਪੀ.ਪੀ. ਵਰਮਾ
ਪੰਚਕੂਲਾ, 28 ਅਕਤੂਬਰ
ਇਥੇ ਮਾਤਾ ਮਨਸਾ ਦੇਵੀ ਗੌਧਾਮ (ਗਊਸ਼ਾਲਾ) ਵਿੱਚ ਅੱਜ ਸਵੇਰੇ ਭੇਤਭਰੀ ਹਾਲਤ ਵਿੱਚ 70 ਗਊਂਆਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਮੌਕੇ ’ਤੇ ਪਹੁੰਚੇ ਅਤੇ ਗਊਸ਼ਾਲਾ ਦੇ ਪ੍ਰਬੰਧਕਾਂ ਤੋਂ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ।
ਸ੍ਰੀ ਗੁਪਤਾ ਨੇ ਕਿਹਾ ਕਿ ਇਹ ਦਰਦਨਾਕ ਘਟਨਾ ਹੈ ਤੇ ਪਸ਼ੂਆ ਦੀ ਮੌਤ ਦੀ ਜਾਂਚ ਵਾਸਤੇ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਜਿਹੜੀ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰੇਗੀ। ਇਸ ਕਮੇਟੀ ਵਿੱਚ ਜ਼ਿਲ੍ਹਾ ਪਰਿਸ਼ਦ ਦੀ ਪ੍ਰਧਾਨ ਰੀਤੂ ਸਿੰਗਲਾ, ਡੀਐੱਸਪੀ ਅਤੇ ਡਿਪਟੀ ਡਾਇਰੈਕਟਰ (ਪਸ਼ੂ ਪਾਲਣ ਵਿਭਾਗ) ਸ਼ਾਮਲ ਹੋਣਗੇ। ਊਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀ ਟੀਮ ਰੋਜ਼ਾਨਾ ਪੰਚਕੂਲਾ ਜ਼ਿਲ੍ਹੇ ਦੀਆਂ ਹੋਰਨਾਂ ਗਊਸ਼ਾਲਾਵਾਂ ਵਿੱਚ ਚਾਰੇ ਦੀ ਜਾਂਚ ਕਰਨਗੀਆਂ ਜਿਸ ਮਗਰੋਂ ਹੀ ਪਸ਼ੂਆਂ ਨੂੰ ਚਾਰਾ ਦਿੱਤਾ ਜਾਵੇਗਾ। ਮਾਤਾ ਮਨਸਾ ਦੇਵੀ ਗੌਧਾਮ ਵਿੱਚ ਕਥਿਤ ਤੌਰ ’ਤੇ ਜ਼ਹਿਰੀਲਾ ਚਾਰਾ ਖਾਣ ਨਾਲ ਕਈ ਗਊਆਂ ਤੜਫ ਰਹੀਆਂ ਸਨ ਜਿਨ੍ਹਾਂ ਨੂੰ ਬਚਾਊਣ ਲਈ ਵੈਟਰਨਰੀ ਡਾਕਟਰ ਕੋਸ਼ਿਸ਼ਾਂ ਕਰ ਰਹੇ ਸਨ।।
ਜ਼ਹਿਰੀਲਾ ਚਾਰਾ ਖਾਣ ਨਾਲ ਮੌਤਾਂ ਦਾ ਖ਼ਦਸ਼ਾ
ਡਿਪਟੀ ਡਾਇਰੈਕਟਰ (ਵੈਟਰਨਰੀ ਵਿਭਾਗ) ਡਾ. ਅਨਿਲ ਕੁਮਾਰ ਨੇ ਦੱਸਿਆ ਕਿ ਚਾਰੇ ਵਿੱਚ ਜ਼ਹਿਰ ਕਾਰਨ ਪਸ਼ੂਆਂ ਦੀ ਮੌਤ ਹੋਈ ਜਾਪਦੀ ਹੈ। ਵੈਟਰਨਰੀ ਟੀਮ ਨੇ ਦੱਸਿਆ ਕਿ ਤੜਫ਼ ਰਹੀਆਂ ਗਊਆਂ ਦੇ ਮੂੰਹ, ਕੰਨ, ਅੱਖਾਂ ਅਤੇ ਨੱਕ ਵਿਚੋਂ ਲਹੂ ਵਗ ਰਿਹਾ ਸੀ। ਇਸੇ ਦੌਰਾਨ ਪਸ਼ੂ ਪਾਲਣ ਵਿਭਾਗ ਨੇ ਚਾਰੇ ਅਤੇ ਮਰੀਆਂ ਗਾਵਾਂ ਦੇ ਸੈਂਪਲ ਵੀ ਲਏ ਹਨ। ਪ੍ਰਸ਼ਾਸਨਿਕ ਅਧਿਕਾਰੀ ਗਊਸ਼ਾਲਾ ਦੀ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੇ ਹਨ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਗਊਆਂ ਨੂੰ ਚਾਰਾ ਕਿਸ ਨੇ ਦਿੱਤਾ ਸੀ।