ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਦਸੰਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਥੇ ਰੇਲਵੇ ਸਟੇਸ਼ਨ ’ਤੇ ਧਰਨਾ ਦੇ ਕੇ ਰੇਲਾਂ ਰੋਕੀਆਂ ਗਈਆਂ। ਇਸ ਮੌਕੇ ਕਾਂਗਰਸ ਸਰਕਾਰ ਦੇ ਚੋਣ ਵਾਅਦੇ ਚੇਤੇ ਕਰਵਾਏ ਗਏ। ਜਥੇਬੰਦੀ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਲਈ ਜੋ ਵਾਅਦੇ ਕੀਤੇ ਸਨ ਉਹ ਅਜੇ ਤੱਕ ਪੂਰੇ ਨਹੀਂ ਕੀਤੇ। ਇਨ੍ਹਾਂ ਨੂੰ ਲੈ ਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਵਿੱਚ ਸਰਕਾਰ ਖ਼ਿਲਾਫ਼ ਰੇਲ ਰੋਕੋ ਮੋਰਚਾ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੰਨੀਆਂ ਮੰਗਾ ਲਾਗੂ ਕਰਨ, ਅੰਦੋਲਨ ਦੌਰਾਨ ਸਹੀਦਾਂ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ ਵੀ ਦੇਣ ਤੋਂ ਟਾਲ ਮਟੋਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਹੁਣ ਚੋਣ ਵਾਅਦਿਆਂ ਤੋਂ ਵੀ ਮੁੱਕਰ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਾਉਣ, ਪਹਿਲਾਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ, ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀ ਦਿਵਾਉਣ ਲਈ ਚੋਣ ਵਾਅਦਿਆਂ ਤੋਂ ਮੁੱਕਰ ਚੁੱਕੀ ਚੰਨੀ ਸਰਕਾਰ ਖ਼ਿਲਾਫ਼ ਰੇਲਾਂ ਰੋਕੀਆਂ ਗਈਆਂ ਹਨ। ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਅਬਾਦਕਾਰ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦੇਣ, ਬਿਜਲੀ ਸਮਝੌਤੇ ਰੱਦ ਕਰਨ, ਸਹੀਦ ਪਰਿਵਾਰਾਂ ਨੂੰ ਨੌਕਰੀ ਦੇਣ, ਦਿੱਲੀ ਮੋਰਚੇ ਦੇ ਸਹੀਦਾਂ ਨੂੰ ਨੌਕਰੀ ਅਤੇ ਮੁਆਵਜਾ ਦੇਣ, ਦੀ ਮੰਗ ਕੀਤੀ।
ਇਸ ਮੌਕੇ ਹਰਬੰਸ ਸਿੰਘ ਸ਼ਾਹਵਾਲਾ, ਸਾਰਜ ਸਿਘ ਬ੍ਰਾਹਮਕੇ, ਗੁਰਦੇਵ ਸਿੰਘ, ਜਗਜੀਤ ਸਿੰਘ ਖੋਸਾ, ਜਸਬੀਰ ਸਿੰਘ ਪਿੱਦੀ, ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤਿੱਖੀ ਲੜਾਈ ਦੇਣਾ, ਮੋਦੀ ਸਰਕਾਰ ਦੇ ਜਾਬਰ ਹਮਲਿਆਂ ਨੂੰ ਝੱਲੇ ਪਰ ਮੋਦੀ ਨੂੰ ਆਪਣੇ ਹੰਕਾਰੀ ਰਵੱਈਏ ਤੇ ਕਿਸਾਨੀ ਸੰਘਰਸ਼ ਦੇ ਸੇਕ ਅੱਗੇ 19 ਨਵੰਬਰ ਨੂੰ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਸਾਰੇ ਦੇਸ ਦੇ ਕਿਸਾਨਾਂ ਤੋਂ ਮੁਆਫੀ ਮੰਗਣਾਂ ਕਿਸਾਨੀ ਸੰਘਰਸ ਦੀ ਅੰਸਕ ਜਿੱਤ ਹੈ।
ਇਸ ਮੌਕੇ ਗੁਰਮੇਜ ਸਿੰਘ ਦਾਨੇ ਵਾਲਾ, ਸਰਪੰਚ ਹਰਦਿਆਲ ਸਿੰਘ, ਕਪੂਰ ਸਿੰਘ ਕੰਬੋਜ, ਪਰਮਜੀਤ ਸਿੰਘ ਲੋਹਗੜ੍ਹ, ਇੰਦਰਜੀਤ ਸਿੰਘ, ਗੁਰਦੇਵ ਸਿੰਘ ਗਰੇਵਾਲ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆ, ਚਰਨਜੀਤ ਸਿੰਘ, ਅਵਤਾਰ ਸਿੰਘ ਆਦਿ ਸੀਨੀਅਰ ਆਗੂ ਤੇ ਵਰਕਰ ਹਾਜ਼ਰ ਸਨ।