ਬੀ.ਐੱਨ. ਗੋਸਵਾਮੀ
ਟ੍ਰਿਬਿਊਨ’: ਪ੍ਰਾਚੀਨ ਰੋਮ ਵਿਚ ਆਮ
ਲੋਕਾਂ ਵਲੋਂ ਕੁਲੀਨ ਰਜਵਾੜੇ ਮੁਨਸਿਫ਼ਾਂ ਦੀਆਂ ਮਨਮਾਨੀਆਂ ਤੋਂ ਆਪਣੇ ਦੇ
ਹੱਕਾਂ ਦੀ ਰਾਖੀ ਲਈ ਇਕ ਅਹਿਲਕਾਰ ਦੀ ਚੋਣ ਕੀਤੀ ਜਾਂਦੀ ਸੀ। -ਮੈਰੀਅਮ ਵੈੱਬਸਟਰ ਡਿਕਸ਼ਨਰੀ
‘ਦਿ ਟ੍ਰਿਬਿਊਨ’ ਦੀ ਸਥਾਪਨਾ ਨੂੰ ਲਗਭਗ ਡੇਢ ਸਦੀ ਦਾ ਅਰਸਾ ਹੋਣ ਵਾਲਾ ਹੈ। ਮੈਂ ਕਦੇ ਕਦੇ ਹੈਰਾਨ ਹੁੰਦਾ ਹਾਂ ਕਿ ਉਦੋਂ ਕਿਹੋ ਜਿਹੇ ਬਹਿਸ ਮੁਬਾਹਿਸੇ ਚੱਲੇ ਹੋਣਗੇ, ਕਿਹੋ ਜਿਹੀ ਸੋਚ ਵਿਚਾਰ ਹੋਈ ਹੋਵੇਗੀ ਜਦੋਂ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਅਗਵਾਈ ਹੇਠ ਪ੍ਰਬੁੱਧ ਨਾਗਰਿਕਾਂ ਦੇ ਸਮੂਹ ਵੱਲੋਂ ਬਰਤਾਨਵੀ ਹਿੰਦੋਸਤਾਨ ਵਿਚ ਇਕ ਅਖ਼ਬਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਮਿਸਾਲ ਦੇ ਤੌਰ ’ਤੇ ਇਸ ਦਾ ਨਾਂ ਕੀ ਰੱਖਿਆ ਜਾਣਾ ਚਾਹੀਦਾ ਹੈ? ਅਖ਼ਬਾਰ ਦੇ ਪਹਿਲੇ ਅੰਕ ਦਾ ਕੇਂਦਰ ਬਿੰਦੂ ਕੀ ਹੋਣਾ ਚਾਹੀਦਾ ਹੈ? ਆਪਣੇ ਪਾਠਕਾਂ ਨਾਲ ਕਿਹੋ ਜਿਹੇ ਵਾਅਦੇ ਕੀਤੇ ਜਾਣੇ ਚਾਹੀਦੇ ਹਨ? ਬਰਤਾਨਵੀ ਹਾਕਮੀ ਨਿਜ਼ਾਮ ਪ੍ਰਤੀ ਕਿਹੋ ਜਿਹਾ ਰਵੱਈਆ ਧਾਰਨ ਕੀਤਾ ਜਾਣਾ ਚਾਹੀਦਾ ਹੈ? ਇਹ ਉਨ੍ਹਾਂ ਬਹੁਤ ਸਾਰੇ ਸਵਾਲਾਂ ’ਚੋਂ ਹੀ ਕੁਝ ਸਵਾਲ ਸਨ ਜੋ ਅਖ਼ਬਾਰ ਦੇ ਮੋਹਰੀ ਬਾਨੀਆਂ ਦੇ ਮਨਾਂ ’ਚ ਗੂੰਜ ਰਹੇ ਹੋਣਗੇ।
ਇਨ੍ਹਾਂ ਵਿਚਾਰ ਚਰਚਾਵਾਂ ਦਾ ਕੋਈ ਰਿਕਾਰਡ ਨਹੀਂ ਹੈ; ਘੱਟੋਘੱਟ ਮੇਰੇ ਧਿਆਨ ਵਿਚ ਕੋਈ ਨਹੀਂ ਆਇਆ। ਪਰ ਜਿੱਥੋਂ ਤੱਕ ਨਾਂ ਦਾ ਸਵਾਲ ਹੈ, ਉਸ ਬਾਰੇ ਸਹਿਜੇ ਹੀ ਇਕ ਅਨੁਮਾਨ ਲਾਇਆ ਜਾ ਸਕਦਾ ਹੈ। ਇਸ ਨਾਂ ਵਾਲੇ ਅਮਰੀਕਾ ਤੇ ਯੂਰੋਪ ਵਿਚ ਕਈ ਅਖ਼ਬਾਰ ਸਨ ਹਾਲਾਂਕਿ ਭਾਰਤ ਵਿਚ ਕੋਈ ਨਹੀਂ ਸੀ। ਫਰਾਂਸੀਸੀ ਇਨਕਲਾਬ ਦੇ ਦਿਨਾਂ ਵਿਚ 1792 ਦਾ ਸਾਲ ਸੀ ਜਦੋਂ ਇਕ ਬਹੁਤ ਹੀ ਪ੍ਰਭਾਵਸ਼ਾਲੀ ਤੇ ਕਾਰਕੁਨ ਪੱਤਰਕਾਰ ਦੇਮੂਲੈਨ ਨੇ ਅਮਰੀਕਾ ਵਿਚ ਇਕ ਨਵਾਂ ਅਖ਼ਬਾਰ ‘ਲਾ ਟ੍ਰਿਬਿਊਨ ਦਿ ਪੈਟਰੀਓਟਸ’ ਸ਼ੁਰੂ ਕੀਤਾ। 1841 ਵਿਚ ‘ਨਿਊ ਯਾਰਕ ਟ੍ਰਿਬਿਊਨ’ ਅਤੇ 1842 ਵਿਚ ‘ਨਿਊ ਯਾਰਕ ਡੇਲੀ ਟ੍ਰਿਬਿਊਨ’ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਅਖ਼ਬਾਰਾਂ ਵਿਚ ਈਸਾ ਮਸੀਹ ਤੋਂ ਕੁਝ ਸਦੀਆਂ ਪਹਿਲਾਂ ਦੇ ਪ੍ਰਾਚੀਨ ਰੋਮ ਜੋ ਉਸ ਵੇਲੇ ਇਕ ਗਣਤੰਤਰ ਸੀ, ਦੇ ਟ੍ਰਿਬਿਊਨਾਂ ਦੀਆਂ ਯਾਦਾਂ ਜ਼ੋਰ ਮਾਰਦੀਆਂ ਹੋਣਗੀਆਂ ਜਿਨ੍ਹਾਂ ਦਾ ਕਾਰਜ ਲੋਕਾਂ ਲਈ ਆਵਾਜ਼ ਬੁਲੰਦ ਕਰਨਾ ਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣਾ ਸੀ। ਰਸੂਖਦਾਰ ਤੇ ਸੱਤਾਧਾਰੀ ਲੋਕਾਂ ਦੇ ਸਾਹਮਣੇ ਇਨ੍ਹਾਂ ਆਮ ਲੋਕਾਂ ਨੂੰ ‘ਪਲੈਬੀਅਨ’ ਕਿਹਾ ਜਾਂਦਾ ਸੀ। ਲਾਹੌਰ ਦੀ ਸਰਜ਼ਮੀਨ ਤੋਂ ਸ਼ੁਰੂ ਹੋਣ ਜਾ ਰਹੇ ਇਸ ਨਵੇਂ ਅਖ਼ਬਾਰ ਦਾ ਨਾਂ ‘ਦਿ ਟ੍ਰਿਬਿਊਨ’ ਰੱਖਣਾ ਕੋਈ ਔਖਾ ਕੰਮ ਨਹੀਂ ਸੀ ਕਿਉਂਕਿ ਇਸ ਦੇ ਬਾਨੀਆਂ ਦੀ ਸੋਚ ਸੀ ਕਿ ਇਹ ਅਖ਼ਬਾਰ ਆਮ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦਾ ਬੁਲਾਰਾ ਬਣੇ।
ਅਖ਼ਬਾਰ ਦੇ ਬਾਨੀਆਂ ਲਈ ਜੋ ਹੋਰ ਸੰਭਾਵੀ ਸਵਾਲ ਸਨ ਉਨ੍ਹਾਂ ਵਿਚ ਇਸ ਦੇ ਪੈਂਤੜੇ ਅਤੇ ਵਾਅਦਿਆਂ ਦੇ ਸਨ। ਲਿਹਾਜ਼ਾ, ਇਨ੍ਹਾਂ ਦਾ ਜਵਾਬ ਉਨ੍ਹਾਂ ਅਖ਼ਬਾਰ ਦੇ ਪਲੇਠੇ ਅੰਕ ਦੇ ਮੁੱਖ ਪੰਨੇ ’ਤੇ ਹੀ ਛਾਪ ਕੇ ਦੇਣ ਦਾ ਫ਼ੈਸਲਾ ਕੀਤਾ। ਦੋ ਫਰਵਰੀ 1881 ਨੂੰ ਬੁੱਧਵਾਰ ਦਾ ਦਿਨ ਸੀ। ਸਭ ਤੋਂ ਪਹਿਲਾਂ ਹਾਕਮਾਂ ਪ੍ਰਤੀ ਵਫ਼ਾਦਾਰੀ ਦਾ ਬਿਆਨ ਸੀ ਜੋ ਉਸ ਵੇਲੇ ਇਕ ਲਾਜ਼ਮੀ ਸ਼ਰਤ ਸੀ ਜਾਂ ਕਿਸੇ ਪ੍ਰਕਾਸ਼ਨ ਨੂੰ ਲਾਇਸੈਂਸ ਦੇਣ ਦੀ ਅਗਾਊਂ ਸ਼ਰਤ ਸੀ। ‘ਦੇਸ ਦੇ ਹਾਕਮਾਂ ਪ੍ਰਤੀ’ ਇਸ ਬਿਆਨ ਵਿਚ ਦਰਜ ਸੀ: ‘‘ਸਾਡਾ ਵਿਹਾਰ ਅਟੱਲ ਅਤੇ ਅਡੋਲ ਵਫ਼ਾਦਾਰੀ ਦਾ ਪ੍ਰਤੀਕ ਹੋਵੇਗਾ।’’ ਉਸੇ ਪੰਨੇ ’ਤੇ ਇਸ ਦੀ ਅਧੀਨਗੀ ਭਰੀ ਸੁਰ ’ਤੇ ਹੈਰਾਨੀ ਜ਼ਾਹਰ ਕਰਨ ਤੋਂ ਪਹਿਲਾਂ ਅਗਲੇ ਪੈਰੇ ਨੂੰ ਗਹੁ ਨਾਲ ਵਾਚਣ ਅਤੇ ਸਮਝਣ ਦੀ ਲੋੜ ਹੈ। ਇਹ ਸਾਰਾ ਇੰਜ ਹੈ: ‘‘ਸਾਡੀ ਵਫ਼ਾਦਾਰੀ ਉਸ ਆਜ਼ਾਦੀ ਦੇ ਸਾਮਾਨ ਨਹੀਂ ਸਗੋਂ ਉਨ੍ਹਾਂ ਉਪਰਾਲਿਆਂ ਤੇ ਕਾਰਵਾਈਆਂ ਦੀ ਸੰਜਮੀ ਤੇ ਸਨਮਾਨਜਨਕ ਢੰਗ ਨਾਲ ਨੁਕਤਾਚੀਨੀ ਕਰਨ ਵਾਲੀ ਹੋਵੇਗੀ ਜਿਨ੍ਹਾਂ ਦੀ ਪੜਚੋਲ ਕਰਨੀ ਜ਼ਰੂਰੀ ਹੋਵੇਗੀ ਕਿਉਂਕਿ ਸਾਡਾ ਵਿਸ਼ਵਾਸ ਹੈ ਕਿ ਸੱਚੀ ਵਫ਼ਾਦਾਰੀ ਹਰ ਸੂਰਤ ਅਤੇ ਹਰ ਸਮੇਂ ਮੌਨ ਅਤੇ ਕਿਰਿਆਹੀਣ ਰਹਿਣਾ ਜਾਂ ਸੱਤਾ ਦੇ ਹਰ ਆਦੇਸ਼ ਦੀ ਬਿਨਾਂ ਕੋਈ ਸਵਾਲ ਕੀਤਿਆਂ ਜੀ ਹਜ਼ੂਰੀ ਨਹੀਂ ਸਗੋਂ ਉਨ੍ਹਾਂ ਦੇ ਅੱਛੇ ਲੱਛਣਾਂ ਦੀ ਬੌਧਿਕ ਤਾਰੀਫ਼ ਅਤੇ ਮਾੜੇ ਪੱਖਾਂ ਦੀ ਸਨਮਾਨਜਨਕ ਨੁਕਤਾਚੀਨੀ ਵਿਚ ਨਿਹਿਤ ਹੈ।’’
ਇਸ ‘ਨਿਸ਼ਚੇ ਦੇ ਐਲਾਨ’ ਦੀ ਸੁਰ ਬਹੁਤ ਸਪੱਸ਼ਟ ਤੇ ਠੋਸ ਹੈ ਅਤੇ ਕਿਸੇ ਨੂੰ ਇਸ ’ਤੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਹ ਸੁਰੇਂਦਰਨਾਥ ਬੈਨਰਜੀ ਦੀ ਸੋਚ ਤੋਂ ਆਈ ਹੋਵੇਗੀ ਜੋ ਇਕ ਜ਼ਹੀਨ ਪਰ ਨਾਬਰ ਰਾਸ਼ਟਰਵਾਦੀ ਆਗੂ ਗਿਣੇ ਜਾਂਦੇ ਸਨ ਜਿਨ੍ਹਾਂ ਨੂੰ ਅੰਗਰੇਜ਼ ‘ਸਰੰਡਰ ਨਾਟ ਬੈਨਰਜੀ’ ਕਿਹਾ ਕਰਦੇ ਸਨ ਅਤੇ ਸਰਦਾਰ ਦਿਆਲ ਸਿੰਘ ਮਜੀਠੀਆ ’ਤੇ ਉਨ੍ਹਾਂ ਦਾ ਬਹੁਤ ਪ੍ਰਭਾਵ ਪਿਆ ਸੀ। ਸੰਭਵ ਹੈ ਕਿ ਇਸੇ ਕਰਕੇ ਉਨ੍ਹਾਂ ਨੇ ਪੰਜਾਬ ਤੋਂ ਇਕ ਅੰਗਰੇਜ਼ੀ ਅਖ਼ਬਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੋਵੇ। ਉਸੇ ਸਮੇਂ ਕੁਝ ਹੋਰ ਕਥਨ ਵੀ ਕੀਤੇ ਗਏ ਸਨ, ਅਖ਼ਬਾਰ ਦੇ ਸੰਭਾਵੀ ਪਾਠਕਾਂ ਨਾਲ ਨਿਭਾਏ ਜਾਣ ਵਾਲੇ ਕੁਝ ਵਾਅਦੇ ਪ੍ਰਗਟਾਏ ਗਏ ਸਨ। ਮਿਸਾਲ ਦੇ ਤੌਰ ’ਤੇ ‘ਦਿ ਟ੍ਰਿਬਿਊਨ’ ਦਾ ਵਿਹਾਰ ਵਿਆਪਕ ਤੇ ਕੈਥੋਲਿਕ ਅਸੂਲਾਂ ’ਤੇ ਆਧਾਰਿਤ ਹੋਵੇਗਾ। ਸਾਡੀਆਂ ਹਮਦਰਦੀਆਂ ਵਿਆਪਕ ਹੋਣਗੀਆਂ। ‘ਇਕ ਵਾਰ ਫਿਰ’ ਦਿ ਟ੍ਰਿਬਿਊਨ ਕੌਮੀ ਮੁੜ ਉਸਾਰੀ ਦੇ ਕਾਰਜ ਵਿਚ ਹਿੰਦੋਸਤਾਨ ਦੀਆਂ ਵੱਖ ਵੱਖ ਕੌਮੀਅਤਾਂ ਅਤੇ ਨਸਲਾਂ ਨੂੰ ਇਕਮੁੱਠ (ਸਿਰ ਜੋੜਨ) ਕਰਨ ਦਾ ਉਦੇਸ਼ ਲੈ ਕੇ ਚੱਲੇਗਾ। ਦੇਸ ਨੂੰ ਫ਼ਿਰਕੂ ਲੀਹਾਂ ’ਤੇ ਵੰਡਣ ਦੀ ਅੰਗਰੇਜ਼ਾਂ ਦੀ ਮਾੜੀ ਚਾਲ ਦੀ ਵੀ ਨਿਸ਼ਾਨਦੇਹੀ ਕੀਤੀ ਗਈ ਸੀ: ‘‘ਧਾਰਮਿਕ ਮਾਮਲਿਆਂ ਵਿਚ ਅਸੀਂ ਸਖ਼ਤੀ ਨਾਲ ਨਿਰਪੱਖ ਪੁਜ਼ੀਸ਼ਨ ਅਖ਼ਤਿਆਰ ਕਰਾਂਗੇ।’’
ਬਹੁਤੇ ਅਖ਼ਬਾਰਾਂ ਅਤੇ ਹੋਰਨਾਂ ਮੀਡੀਆ ਅਦਾਰਿਆਂ ਬਸ਼ਰਤੇ ਉਹ ਜਿਨ੍ਹਾਂ ਨੂੰ ਖਰੀਦਿਆ ਨਹੀਂ ਜਾ ਸਕਿਆ ਜਾਂ ਜੋ ਸਪਾਂਸਰਡ ਨਹੀਂ ਹਨ, ਲਈ ਹਮੇਸ਼ਾ ਬਹੁਤ ਹੀ ਬਾਰੀਕ ਲਕੀਰ ਖਿੱਚ ਕੇ ਚੱਲਣਾ ਪੈਂਦਾ ਹੈ। ਪਰ ਜੇ ਤੁਸੀਂ ‘ਦਿ ਟ੍ਰਿਬਿਊਨ’ ਦੇ ਪਿਛਲੇ ਇਕ ਸੌ ਚਾਲੀ ਸਾਲਾਂ ਦੇ ਸਫ਼ਰ ਨੂੰ ਦੇਖੋ ਤਾਂ ਤੁਸੀਂ ਇਸ ’ਤੇ ਜਸ਼ਨ ਮਨਾਓਗੇ। ਕਿਸੇ ਵੀ ਅਦਾਰੇ ਦੇ ਨਿਰਮਾਣ ਦੇ ਇਤਿਹਾਸ ਵਿਚ ਉਤਰਾਅ-ਚੜ੍ਹਾਅ ਅਤੇ ਨਿੱਤ ਨਵੀਆਂ ਚੁਣੌਤੀਆਂ ਪੇਸ਼ ਆਉਂਦੀਆਂ ਹਨ, ਪਰ ਇਸ ਅਖ਼ਬਾਰ ਨੇ ਆਪਣੇ ਸ਼ੁਰੂਆਤੀ ਵਾਅਦਿਆਂ, ‘ਸੰਜਮੀ ਤੇ ਸਨਮਾਨਜਨਕ ਨੁਕਤਾਚੀਨੀ’ ਦੇ ਆਪਣੇ ਐਲਾਨੀਆ ਅਕੀਦੇ, ‘ਸੱਤਾ ਦੇ ਹਰੇਕ ਆਦੇਸ਼ ਨੂੰ ਬਿਨਾਂ ਕਿਸੇ ਕਿੰਤੂ ਪ੍ਰੰਤੂ ਅਤੇ ਜੀ ਹਜ਼ੂਰੀ ਢੰਗ ਨਾਲ ਪਾਲਣਾ ਨਾ ਕਰਨ ਦੇ ਅਹਿਦ’; ਇਹ ਵਿਸ਼ਵਾਸ ਕਿ ‘ਕੁੜੱਤਣ ਅਤੇ ਕਠੋਰ ਸ਼ਬਦਾਂ ਨਾਲੋਂ ਸਦਭਾਵਨਾ ਅਤੇ ਨਿਰਮਾਣਤਾ ਨਾਲ ਜਨਤਕ ਮੁਫ਼ਾਦ ਵੱਧ ਸਾਧਿਆ ਜਾ ਸਕਦਾ ਹੈ’; ‘ਧਾਰਮਿਕ ਮਾਮਲਿਆਂ ਵਿਚ ਪੂਰੀ ਤਰ੍ਹਾਂ ਨਿਰਪੱਖਤਾ’ ਨੂੰ ਨਿਭਾ ਕੇ ਆਪਣੇ ਨਾਂ ਦੀ ਲਾਜ ਰੱਖੀ ਹੈ। ਕਟੀਲੀ ਨਹੀਂ ਸਗੋਂ ਇਕ ਪੁਖ਼ਤਾ ਆਵਾਜ਼ ਦਾ ਸਤਿਕਾਰ ਹੁੰਦਾ ਹੀ ਹੈ; ਕਦੇ ਕਦਾਈਂ ਨਸੀਹਤ ਦਿੱਤੀ ਜਾ ਸਕਦੀ ਹੈ ਪਰ ਪ੍ਰਵਚਨ ਨਹੀਂ ਕਰਨੇ ਹੁੰਦੇ, ਸਪੱਸ਼ਟ ਤੇ ਇਕਾਂਗੀ ਜ਼ੁਬਾਨ ਵਿਚ ਨਾ ਕਿ ਦੋਗ਼ਲੀ ਜ਼ੁਬਾਨ ਦੀ ਵਰਤੋਂ ਕੀਤੀ ਜਾਵੇ।