ਦੇਹਰਾਦੂਨ, 28 ਅਕਤੂਬਰ
ਉੱਤਰਾਖੰਡ ਦੀ ਸਿਵਲ ਜੱਜ ਨੂੰ ਆਪਣੀ ਨਾਬਾਲਗ ਘਰੇਲੂ ਨੌਕਰਾਣੀ ਨੂੰ ਸਾਲਾਂ-ਬੱਧੀ ਕੁੱਟਣ ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਹਰਿਦੁਆਰ ਦੀ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਦੀਪਾਲੀ ਸ਼ਰਮਾ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਨੂੰ ਵਧੀਕ ਮੁੱਖ ਸਕੱਤਰ ਰਾਧਾ ਰਤੂੜੀ ਨੇ ਰਾਜਪਾਲ ਤੋਂ ਇਸ ਸਬੰਧ ਵਿਚ ਇਜਾਜ਼ਤ ਮਿਲਣ ਤੋਂ ਬਾਅਦ ਜਾਰੀ ਕੀਤਾ। ਲੜਕੀ ਨੇ 2015 ਤੋਂ 2018 ਤੱਕ ਹਰਿਦੁਆਰ ਸਥਿਤ ਇਸ ਜੱਜ ਦੇ ਘਰ ਕੰਮ ਕੀਤਾ ਸੀ। ਇਸ ਮਾਮਲੇ ਵਿੱਚ ਜੱਜ ਨੂੰ ਫਰਵਰੀ 2018 ਤੋਂ ਮੁਅੱਤਲ ਸੀ। ਜਨਵਰੀ 2018 ਵਿਚ ਉਤਰਾਖੰਡ ਹਾਈ ਕੋਰਟ ਵੱਲੋਂ ਜਾਰੀ ਹੁਕਮ ’ਤੇ ਪੁਲੀਸ ਨੇ ਹਰਿਦੁਆਰ ਵਿਚ ਜੱਜ ਦੇ ਘਰ ਛਾਪਾ ਮਾਰਿਆ ਤੇ ਉਥੋਂ 13 ਸਾਲਾ ਲੜਕੀ ਮਿਲੀ ਸੀ। ਬਰਾਮਦਗੀ ਦੌਰਾਨ ਲੜਕੀ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਫਿਰ ਪੁਲੀਸ ਨੇ ਜੱਜ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ, ਜਿਸ ਤੋਂ ਬਾਅਦ ਉਸ ਨੂੰ ਇਕ ਮਹੀਨੇ ਬਾਅਦ ਮੁਅੱਤਲ ਕਰ ਦਿੱਤਾ ਗਿਆ।