ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 23 ਨਵੰਬਰ
ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਸੰਘਰਸ਼ ਦਾ ਇਕ ਸਾਲ ਪੂਰਾ ਹੋਣ ’ਤੇ 26 ਨਵੰਬਰ ਨੂੰ ਹੋ ਰਹੇ ਸਮਾਗਮ ’ਚ ਸ਼ਮੂਲੀਅਤ ਲਈ ਚੌਕੀਮਾਨ ਟੌਲ ਪਲਾਜ਼ੇ ਤੋਂ 25 ਨਵੰਬਰ ਨੂੰ ਵੱਡਾ ਕਾਫਲਾ ਰਵਾਨਾ ਹੋਵੇਗਾ। ਇਸ ਸਬੰਧੀ ਜਥੇਬੰਦੀਆਂ ਇਲਾਕੇ ਭਰ ’ਚ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕਰ ਰਹੀਆਂ ਹਨ। ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਅਤੇ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੀ ਅਗਵਾਈ ’ਚ ਕਿਸਾਨਾਂ ਦਾ ਧਰਨਾ ਅੱਜ ਵੀ ਜਾਰੀ ਰਿਹਾ। ਇਸ ’ਚ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਆਤਮਾ ਸਿੰਘ ਬੋਪਾਰਾਏ, ਰਣਜੀਤ ਸਿੰਘ ਸਿੱਧਵਾਂ, ਜਸਦੇਵ ਸਿੰਘ ਲਲਤੋਂ, ਗੁਰਸਿਮਰਨ ਸਿੰਘ ਨੇ ਕਿਹਾ ਕਿ ਲਖਨਊ ਕਿਸਾਨ ਮਹਾਪੰਚਾਇਤ ਨੇ ਕਿਸਾਨ ਸੰਘਰਸ਼ ਦੀ ਭਵਿੱਖ ਦੀ ਰਣਨੀਤੀ ਨੂੰ ਕਾਫੀ ਹੱਦ ਤੱਕ ਸਾਫ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਵੱਖ-ਵੱਖ ਪਿੰਡਾਂ ਤੋਂ ਕਿਸਾਨ, ਮਜ਼ਦੂਰ, ਨੌਜਵਾਨ ਚੌਕੀਮਾਨ ਟੌਲ ’ਤੇ ਇਕੱਤਰ ਹੋਣਗੇ ਅਤੇ ਟੌਲ ਤੋਂ ਵੱਡਾ ਕਾਫਲਾ ਦਿੱਲੀ ਲਈ ਕੂਚ ਕਰੇਗਾ। ਇਸੇ ਤਰ੍ਹਾਂ ਜਗਰਾਉਂ ਦੇ ਰੇਲਵੇ ਪਾਰਕ ਵਿੱਚ ਚੱਲ ਰਿਹਾ ਧਰਨਾ 419ਵੇਂ ਦਿਨ ਜਾਰੀ ਰਿਹਾ। ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਦਿੱਲੀ ਜਾਣ ਲਈ ਲੋਕਾਂ ਨੇ ਆਪਣੇ ਨਾਂ ਲਿਖਵਾਣੇ ਸ਼ੁਰੂ ਕਰ ਦਿੱਤੇ ਹਨ ਅਤੇ ਸੰਘਰਸ਼ ਦੀ ਵਰ੍ਹੇਗੰਢ ਮੌਕੇ ਲਾਮਿਸਾਲ ਇਕੱਠ ਹੋਵੇਗਾ।
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਸਵੇਰ ਤੋਂ ਹੀ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਗੁਰੂ-ਘਰਾਂ ਵਿਚੋਂ ਹੋ ਰਹੀਆਂ ਅਪੀਲਾਂ ਨੇ ਪਿਛਲੇ ਸਾਲ ਦੀ ਯਾਦ ਤਾਜ਼ਾ ਕਰਵਾ ਦਿੱਤੀ, ਜਦੋਂ ਦਿੱਲੀ ਰਵਾਨਾ ਹੋਣ ਵਾਲੇ ਕਿਸਾਨਾਂ ਦੇ ਕਾਫ਼ਲਿਆਂ ਲਈ ਟਰਾਲੀਆਂ ਭਰਨ ਦੇ ਐਲਾਨ ਹੋਣ ਲੱਗ ਪਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸਥਾਨਕ ਆਗੂਆਂ ਨੇ ਐਲਾਨ ਕੀਤਾ ਕਿ ਲੁਧਿਆਣਾ-ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ-ਰਕਬਾ ਟੌਲ ਪਲਾਜ਼ਾ ਤੋਂ ਭਲ਼ਕੇ ਟਰਾਲੀਆਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ ਕਰਨਗੇ ਤਾਂ ਕਿ 26 ਨਵੰਬਰ ਤੋਂ ਪਹਿਲਾਂ ਹੀ ਸਿੰਘੂ ਬਾਰਡਰ ਉੱਪਰ ਡੇਰੇ ਮੱਲ ਲਏ ਜਾਣ।
ਸੁਧਾਰ ਇਕਾਈ ਦੇ ਪ੍ਰਧਾਨ ਜਗਤਾਰ ਸਿੰਘ ਬੱਬੀ ਨੇ ਕਿਸਾਨ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ ਸਾਲ ਵਾਂਗ ਹੀ ਆਪਣਾ ਰਾਸ਼ਨ-ਪਾਣੀ, ਬਿਸਤਰੇ ਅਤੇ ਹੋਰ ਸਾਜ਼ੋ-ਸਮਾਨ ਨਾਲ ਲੈ ਕੇ ਹੀ ਤੁਰਨਗੇ, ਕਿਉਂਕਿ ਹਾਲੇ ਮੁਕੰਮਲ ਜਿੱਤ ਲਈ ਲੜਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਹੁਣ ਫ਼ਸਲਾਂ ਦੀ ਬਿਜਾਈ ਦਾ ਕੰਮ ਕਾਫ਼ੀ ਹੱਦ ਤੱਕ ਨਿੱਬੜ ਚੁੱਕਾ ਹੈ ਅਤੇ ਕਿਸਾਨ ਮੋਰਚੇ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਉਤਸ਼ਾਹ ਹੈ।
ਦਿੱਲੀ ਜਾਣ ਦੀਆਂ ਤਿਆਰੀਆਂ ਮੁਕੰਮਲ
ਖੰਨਾ (ਜੋਗਿੰਦਰ ਸਿੰਘ ਓਬਰਾਏ): ਭਾਰਤੀ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਵੱਲੋਂ 26 ਨਵੰਬਰ ਨੂੰ ਦਿੱਲੀ ਜਾਣ ਦੀ ਤਿਆਰੀ ਲਈ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਪੂਰੇ ਜ਼ੋਰ ਨਾਲ ਜਾਰੀ ਹੈ। ਇਸ ਮੌਕੇ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਪਿੰਡਾਂ ਵਿਚ ਵੱਡੇ ਪੱਧਰ ’ਤੇ ਰੈਲੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਦਿੱਲੀ ਬਾਰਡਰ ਵੱਲ ਰਵਾਨਾ ਹੋਣ ਲਈ ਤਿਆਰ ਬੈਠੇ ਹਨ। ਉਨ੍ਹਾਂ ਮੋਦੀ ਸਰਕਾਰ ਵੱਲੋਂ ਕੀਤੇ ਐਲਾਨ ਨੂੰ ਕਿਸਾਨਾਂ ਦੀ ਜਿੱਤ ਦੱਸਦਿਆਂ ਕਿਹਾ ਕਿ ਐਲਾਨ ਤਾਂ ਹੋ ਗਿਆ ਪ੍ਰੰਤੂ ਇਸ ਨੂੰ ਲਾਗੂ ਕਰਾਉਣ ਤੱਕ ਦਿੱਲੀ ਬਾਰਡਰਾਂ ਤੇ ਪੰਜਾਬ ਵਿਚ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਬਿਜਲੀ ਕਾਮਿਆਂ ਦੀ ਹਮਾਇਤ ਲਈ ਨਿੱਤਰੇ ਕਿਸਾਨ
ਗੁਰੂਸਰ ਸੁਧਾਰ (ਸੰਤੋਖ ਗਿੱਲ): ਜਨਵਾਦੀ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਅਤੇ ਜ਼ਿਲ੍ਹਾ ਆਗੂ ਕਰਮਜੀਤ ਕੌਰ ਗਰੇਵਾਲ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ 10 ਸਾਲ ਪਹਿਲਾਂ ਮੰਨੀ ਮੰਗ ਲਾਗੂ ਕਰਵਾਉਣ ਲਈ ਬਿਜਲੀ ਕਾਮਿਆਂ ਨੂੰ ਮੁੜ ਸੰਘਰਸ਼ ਲੜਨਾ ਪੈ ਰਿਹਾ ਹੈ, ਇਸ ਲਈ ਕਿਸਾਨ ਅੰਦੋਲਨ ਦੀ ਜਿੱਤ ਨੂੰ ਪੱਕੇ ਪੈਰੀਂ ਕੀਤੇ ਬਿਨਾਂ ਹੁਣ ਪੈਰ ਪਿਛਾਂਹ ਨਹੀਂ ਧਰਨਾ। ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਪੱਕੇ ਮੋਰਚੇ ਉੱਪਰ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬਿਜਲੀ ਕਾਮਿਆਂ ਦੀ ਹੱਕੀ ਮੰਗ ਦੀ ਅਣਦੇਖੀ ਕਰਨ ਲਈ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਬਰਾਬਰ ਦੀਆਂ ਜ਼ਿੰਮੇਵਾਰ ਹਨ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਬਿਜਲੀ ਕਾਮਿਆਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨਿੱਜੀਕਰਨ ਦੀਆਂ ਨੀਤੀਆਂ ਦਾ ਤਿਆਗ ਕਰ ਕੇ ਵਿਭਾਗਾਂ ਵਿਚ ਪੱਕੇ ਕਾਮਿਆਂ ਦੀ ਭਰਤੀ ਕੀਤੀ ਜਾਵੇ।