ਆਤਿਸ਼ ਗੁਪਤਾ
ਚੰਡੀਗੜ੍ਹ, 19 ਜਨਵਰੀ
‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰਾਂ ’ਤੇ ਈਡੀ ਦੀ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦੀ ਬਰਾਮਦਗੀ ’ਤੇ ਮੁੱਖ ਮੰਤਰੀ ਨੂੰ ਘੇਰਦਿਆਂ ਦੋਸ਼ ਲਾਇਆ ਕਿ ਇਸ ਦੌਰਾਨ ਬਰਾਮਦ ਹੋਏ ਕਰੋੜਾਂ ਰੁਪਏ 111 ਦਿਨਾਂ ਦੇ ਕਾਰਜਕਾਲ ਦੌਰਾਨ ਕੀਤੀ ਗਈ ਲੁੱਟ ਅਤੇ ਮਾਫੀਆ ਦੇ ਪੈਸੇ ਹਨ।
ਸ੍ਰੀ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਇਲਾਕੇ ਵਿੱਚ ਰੇਤ ਮਾਫੀਆ ਚਲਾ ਰਹੇ ਹਨ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਰੋੜਾਂ ਰੁਪਏ ਕਮਾਏ ਹਨ। ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਤੋਂ ਹੁਣ ਤੱਕ 56 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਜਾਇਦਾਦ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਈਡੀ ਦੇ ਛਾਪੇ ਹਾਲੇ ਖ਼ਤਮ ਨਹੀਂ ਹੋਏ ਹਨ, ਇਸ ਲਈ ਬਰਾਮਦ ਹੋਏ ਪੈਸੇ ਦੀ ਰਕਮ ਹੋਰ ਵਧੇਗੀ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਚੰਨੀ ਦੇ ਵਿਧਾਨ ਸਭਾ ਹਲਕੇ ਸ੍ਰੀ ਚਮਕੌਰ ਸਾਹਿਬ ਵਿੱਚ ਗ਼ੈਰਕਾਨੂੰਨੀ ਖਣਨ ਵਾਲੀ ਥਾਂ ਦਾ ਪਰਦਾਫ਼ਾਸ਼ ਕੀਤਾ ਸੀ ਤੇ ਦੋਸ਼ ਲਾਇਆ ਸੀ ਕਿ ਇਸ ਇਲਾਕੇ ਵਿੱਚ ਰੇਤ ਮਾਫੀਆ ਖ਼ੁਦ ਚੰਨੀ ਦੀ ਨਿਗਰਾਨੀ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਤ ਮਾਫੀਆ ਦਾ ਕਮੀਸ਼ਨ ਮੁੱਖ ਮੰਤਰੀ ਚੰਨੀ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਜਾ ਰਿਹਾ ਹੈ ਤੇ ਅੱਜ ਈਡੀ ਦੇ ਛਾਪੇ ਤੋਂ ਬਾਅਦ ਰੇਤ ਮਾਫੀਆ ਦਾ ਸੱਚ ਲੋਕਾਂ ਦੇ ਸਾਹਮਣੇ ਆ ਗਿਆ ਹੈ।