ਗਗਨਦੀਪ ਸਿੰਘ ਗੁਰਾਇਆ
ਰਾਵੀ ਤੇ ਸਤਲੁਜ ਦੇ ਕੰਢਿਆਂ ਦੀ ਮਿੱਟੀ ਇੱਕੋ ਹੀ ਹੈ। 1947 ਦੀ ਵੰਡ ਨੇ ਭੋਇੰ ’ਤੇ ਐਸੀ ਲਕੀਰ ਖਿੱਚੀ ਕਿ ਭਰਾਵਾਂ ਵਾਂਗੂੰ ਵੱਸਦੇ ਸੱਤ ਬੇਗਾਨੇ ਹੋ ਗਏ। ਬਹੁਤ ਸਾਰੇ ਬਜ਼ੁਰਗ ਆਪਣੀ ਜੰਮਣ ਭੋਇੰ ਵੇਖਣ ਨੂੰ ਤਰਸਦੇ ਹੀ ਰੁਖ਼ਸਤ ਹੋ ਗਏ। ਆਖ਼ਰ ਅਰਦਾਸਾਂ ਰੰਗ ਲਿਆਈਆਂ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ।
ਚੜ੍ਹਦੇ ਪੰਜਾਬ ਵਾਲਿਆਂ ਦੇ ਮਨਾਂ ਵਿੱਚ ਬੜੇ ਭਰਮ ਭੁਲੇਖੇ ਪਾਏ ਗਏ ਕਿ ਜੇ ਪਾਕਿਸਤਾਨ ਜਾ ਆਏ ਤਾਂ ਪੱਛਮੀ ਮੁਲਕਾਂ ਦਾ ਵੀਜ਼ਾ ਨਹੀਂ ਲੱਗਦਾ ਜੋ ਕਿ ਮੁੱਢੋਂ ਹੀ ਨਿਰਮੂਲ ਸੀ। ਮੇਰੇ ਦਿਲ ਵਿੱਚ ਵੀ ਕਈ ਵਾਰੀ ਬਾਬਾ ਨਾਨਕ ਜੀ ਦੀ ਧਰਤੀ ਤੇ ਆਪਣੇ ਪੁਰਖਿਆਂ ਦੇ ਪਿੰਡ ਵੇਖਣ ਦੀ ਤਾਂਘ ਨੇ ਜਨਮ ਲਿਆ। ਗੁਰੂ ਨਾਨਕ ਸਾਹਿਬ ਦੀ 550 ਸਾਲਾ ਜਨਮ ਸ਼ਤਾਬਦੀ ਨੇ ਇਹ ਤਾਂਘ ਪੂਰੀ ਕਰ ਵਿਖਾਈ। ਸੋ ਨਵੰਬਰ 2019 ਵਿੱਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਨਮ ਸ਼ਤਾਬਦੀ ਮੌਕੇ ਮੈਂ ਆਪਣੇ ਵਕੀਲ ਸਾਥੀਆਂ ਨੂੰ ਤਿਆਰ ਕਰਕੇ ਬਹੁਤ ਸਾਰੀਆਂ ਸੱਧਰਾਂ ਮਨ ਵਿੱਚ ਲੈ ਕੇ ਲਹਿੰਦੇ ਪੰਜਾਬ ਵੱਲ ਚਾਲੇ ਪਾ ਦਿੱਤੇ।
ਜਿਵੇਂ ਹੀ ਵਾਹਗਾ ਪਾਰ ਕੀਤਾ ਤਾਂ ਅਜੀਬ ਜਿਹਾ ਚਾਅ ਚੜ੍ਹਿਆ। ਲਹਿੰਦੇ ਦੇ ਭਰਾਵਾਂ ਨੇ ਗਲਵੱਕੜੀਆਂ ਪਾ ਕੇ ਸੁਆਗਤ ਕੀਤਾ। ਉਨ੍ਹਾਂ ਦੀ ਖ਼ੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਸਾਨੂੰ ਲੱਗਾ ਹੀ ਨਾ ਕਿ ਓਪਰੇ ਮੁਲਕ ਵਿੱਚ ਆਏ ਹਾਂ। ਉਹੀ ਜੀਅ, ਉਹੀ ਰਹਿਣ ਸਹਿਣ, ਉਹੀ ਬੋਲੀ, ਉਹੀ ਧਰਤ, ਮਨ ਖ਼ੁਸ਼ੀ ਵਿੱਚ ਖੀਵਾ ਹੋ ਉੱਠਿਆ। ਜਿਉਂ ਜਿਉਂ ਨਨਕਾਣੇ ਦੀ ਧਰਤੀ ਵੱਲ ਪੈਂਡਾ ਤੈਅ ਕਰ ਰਹੇ ਸੀ ਤਾਂ ਸਿੱਖੀ ਦੀ ਜਨਮ ਭੋਇੰ ਦੇ ਦੀਦਾਰਾਂ ਦੀ ਤਾਂਘ ਵਧਦੀ ਜਾ ਰਹੀ ਸੀ। ਰਸਤੇ ਵਿੱਚ ਸੜਕ ਦੇ ਦੋਵੇਂ ਪਾਸੇ ਆਵਾਮ ਨੇ ਹੱਥ ਹਿਲਾ ਕੇ ਅਤੇ ਜੈਕਾਰਿਆਂ ਨਾਲ ਇਸਤਕਬਾਲ ਕੀਤਾ। ਨਨਕਾਣਾ ਸਾਹਿਬ ਵਿੱਚ ਸਫ਼ਾਈ ਤੇ ਸੁਰੱਖਿਆ ਦਾ ਬਾਕਮਾਲ ਤੇ ਪੁਖ਼ਤਾ ਇੰਤਜ਼ਾਮ ਸੀ। ਨਗਰ ਕੀਰਤਨ ਲਈ ਸਾਰੇ ਬਾਜ਼ਾਰ ਵਿੱਚ ਸੁੰਦਰ ਗਲੀਚੇ ਵਿਛਾਏ ਸਨ। ਸਿੰਧੀ ਲੋਕਾਂ ਦੀ ਗੁਰੂ ਨਾਨਕ ਸਾਹਿਬ ਵਿੱਚ ਬਹੁਤ ਆਸਥਾ ਹੈ। ਉਹ ਸਾਰੀ ਰਾਤ ਦੀਵਾਨ ਵਿੱਚ ਕੀਰਤਨ ਸਰਵਣ ਕਰਦੇ ਅਤੇ ਸ਼ਰਧਾ ਨਾਲ ਸੇਵਾ ਕਰਦੇ ਹਨ। ਸਿੰਧ ਵਿੱਚ ਸਿੱਖਾਂ ਦੇ ਲਗਭਗ 1000 ਪਰਿਵਾਰ ਵੱਸਦੇ ਹਨ। ਲਗਭਗ 400 ਸਿੱਖ ਪਰਿਵਾਰ ਨਨਕਾਣਾ ਸਾਹਿਬ ਵਿੱਚ ਰਹਿੰਦੇ ਤੇ ਮੁਕਾਮੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਹਨ। ਮੁਕਾਮੀ ਸਿੱਖ ਖ਼ੈਬਰ ਪਖ਼ਤੂਨਖ਼ਵਾ ਤੋਂ ਆਉਣ ਕਰਕੇ ਆਪਸ ਵਿੱਚ ਪਸ਼ਤੋ ਬੋਲਦੇ ਹਨ। ਉਰਦੂ, ਪੰਜਾਬੀ, ਸਿੰਧੀ, ਬਲੋਚੀ, ਹਿੰਦੀ ਆਦਿ ਆਮ ਬੋਲਚਾਲ ਦੀਆਂ ਬੋਲੀਆਂ ਹਨ। ਸਿੰਧੀ ਸਿੱਖ ਵਪਾਰੀ ਹੋਣ ਕਰਕੇ ਪੈਸੇ ਪੱਖੋਂ ਅਮੀਰ ਹਨ ਤੇ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਗੁਰਬਾਣੀ ਜ਼ੁਬਾਨੀ ਕੰਠ ਹੈ। ਉਧਰ ਲੜਕੀਆਂ ਨੂੰ ਉੱਚ ਵਿੱਦਿਆ ਪੜ੍ਹਾਉਣ ਦਾ ਰਿਵਾਜ ਘੱਟ ਹੈ। ਸਿੰਧੀ ਲੋਕ ਪੂਰੇ ਪਰਿਵਾਰਾਂ ਸਮੇਤ ਸੈਂਕੜੇ ਮੀਲਾਂ ਤੋਂ ਚੱਲ ਕੇ ਗੁਰਪੁਰਬ ’ਤੇ ਨਨਕਾਣਾ ਸਾਹਿਬ ਪਹੁੰਚਦੇ ਹਨ।
ਲਹਿੰਦੇ ਪੰਜਾਬ ਦੀ ਮਿੱਟੀ ਬੜੀ ਜ਼ਰਖੇਜ਼ ਹੈ। ਫ਼ਸਲਾਂ ਉੱਤੇ ਕੀੜੇਮਾਰ ਦਵਾਈਆਂ ਬਹੁਤ ਘੱਟ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਫ਼ਸਲਾਂ ਚੜ੍ਹਦੇ ਪੰਜਾਬ ਵਾਲੀਆਂ ਹੀ ਹੁੰਦੀਆਂ ਹਨ। ਲੋਕ ਪਿੰਡਾਂ ਵਿੱਚ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਹਨ। ਖੇਤਾਂ ਦੀ ਸਿੰਜਾਈ ਵਾਸਤੇ ਕੁਦਰਤੀ ਪਾਣੀ ਤੇ ਨਹਿਰਾਂ ਦਾ ਪਾਣੀ ਵਰਤਿਆ ਜਾਂਦਾ ਹੈ। ਜਰਨੈਲੀ ਸੜਕ ਦੇ ਦੋਵੇਂ ਪਾਸੇ ਹਰੀ ਪੱਟੀ ਰਾਖਵੀਂ ਹੈ। ਧਰਤੀ ਵਿੱਚੋਂ ਬੋਰ ਕਰਕੇ ਬਹੁਤ ਘੱਟ ਪਾਣੀ ਕੱਢਿਆ ਜਾਂਦਾ ਹੈ। ਪਿੰਡਾਂ ਤੱਕ ਵੀ ਘਰਾਂ ਵਿੱਚ ਗੈਸ ਸਪਲਾਈ ਪਾਈਪ ਲਾਈਨ ਰਾਹੀਂ ਹੈ। ਹਰ ਘਰ ਦੇ ਬਾਹਰ ਗੈਸ ਦਾ ਮੀਟਰ ਲੱਗਾ ਹੋਇਆ। ਆਵਾਮ ਦਾ ਕੌਮੀ ਪਹਿਰਾਵਾ ਸਲਵਾਰ ਕਮੀਜ਼ ਹੈ ਤੇ ਅਫ਼ਸਰ, ਨੇਤਾ, ਆਮ ਲੋਕ, ਸਾਰੇ ਇਸ ਕੌਮੀ ਲਬਿਾਸ ਨੂੰ ਤਰਜੀਹ ਦਿੰਦੇ ਹਨ। ਪਿੰਡਾਂ ਦਾ ਵਾਤਾਵਰਣ ਪ੍ਰਦੂਸ਼ਣ ਮੁਕਤ ਹੈ। ਲੋਕ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਜੁੱਸੇ ਬੜੇ ਤਕੜੇ ਹਨ।
ਪਾਕਿਸਤਾਨ ਵਿਚ ਕੋਈ ਜ਼ਿਆਦਾ ਤੜਕ ਭੜਕ ਨਹੀਂ। ਤੰਬਾਕੂ ਨੂੰ ਛੱਡ ਕੇ ਹੋਰ ਨਸ਼ੇ ਦੀ ਬਹੁਤ ਘੱਟ ਵਰਤੋਂ ਹੈ। ਲੋਕਾਂ ਦੀਆਂ ਖੁਰਾਕਾਂ ਖੁੱਲ੍ਹੀਆਂ ਹਨ। ਉੱਚ ਪੱਧਰ ’ਤੇ ਮੈਡੀਕਲ ਸਹੂਲਤਾਂ ਦੀ ਘਾਟ ਹੈ। ਇਸੇ ਕਰਕੇ ਵੱਡੇ ਆਪਰੇਸ਼ਨਾਂ ਲਈ ਉਨ੍ਹਾਂ ਨੂੰ ਭਾਰਤ ਆਉਣਾ ਪੈਂਦਾ ਹੈ। ਪਾਣੀ ਦਾ ਪੱਧਰ ਵੀ ਕਾਫ਼ੀ ਉੱਚਾ ਹੈ। ਮੋਟਰਵੇਅ (ਜਰਨੈਲੀ ਸੜਕ) ਨੂੰ ਸਿੱਧਾ ਤੇ ਸਮਤਲ ਰੱਖਿਆ ਹੋਇਆ ਹੈ ਤੇ ਸੜਕਾਂ ਨੂੰ ਪੁਲ ਬਣਾ ਕੇ ਉਸ ਉੱਪਰੋਂ ਪਾਰ ਕਰਵਾਇਆ ਹੋਇਆ। ਮੋਟਰਵੇਅ ਉੱਪਰ ਘੱਟ ਰਫ਼ਤਾਰ ਗੱਡੀਆਂ ਦੇ ਚੜ੍ਹਨ ਦੀ ਮਨਾਹੀ ਹੈ। ਬੱਸ ਟਰਾਂਸਪੋਰਟ ਵਿਵਸਥਾ ਵਧੀਆ ਹੈ। ਔਰਤ ਦੀ ਸੀਟ ਨਾਲ ਸਿਰਫ਼ ਔਰਤ ਹੀ ਬੈਠ ਸਕਦੀ ਹੈ, ਬੇਗਾਨਾ ਮਰਦ ਨਹੀਂ। ਆਟੋ ਵਿੱਚ ਵੀ ਔਰਤ ਦੀ ਮਰਜ਼ੀ ਤੋਂ ਬਿਨਾਂ ਬੇਗਾਨਾ ਮਰਦ ਨਹੀਂ ਬੈਠ ਸਕਦਾ। ਉੱਥੇ ਰਿਕਸ਼ੇ ਨਹੀਂ। ਇਨਸਾਨ ਦਾ ਇਨਸਾਨ ਨੂੰ ਖਿੱਚਣਾ ਧਾਰਮਿਕ ਅਸੂਲਾਂ ਦੇ ਖ਼ਿਲਾਫ਼ ਮੰਨਦੇ ਹਨ।
ਪੰਜਾ ਸਾਹਿਬ ਹਸਨ ਅਬਦਾਲ ਵਿੱਚ ਲਗਪਗ 150 ਸਿੱਖ ਪਰਿਵਾਰ ਰਹਿੰਦੇ ਹਨ। ਲੋਕ ਬੜੇ ਮੁਹੱਬਤੀ ਨੇ। ਦਿਲੋਂ ਮਹਿਮਾਨਨਿਵਾਜ਼ੀ ਕਰਦੇ ਨੇ, ਭਾਵੇਂ ਕੋਈ ਗ਼ਰੀਬ ਹੋਵੇ ਜਾਂ ਅਮੀਰ। ਲਾਹੌਰ ਵਿੱਚ ਕੋਈ ਸਾਡੇ ਨਾਲ ਤਸਵੀਰਾਂ ਲੈ ਰਿਹਾ ਸੀ ਤੇ ਕੋਈ ਆਪਣੇ ਘਰ ਦਾਅਵਤਾਂ ’ਤੇ ਬੁਲਾ ਰਿਹਾ ਸੀ। ਅਸੀਂ ਹੋਟਲ ’ਤੇ ਖਾਣਾ ਖਾਣ ਲਈ ਜਾਣਾ ਤਾਂ ਪੈਸੇ ਕੋਈ ਹੋਰ ਹੀ ਸੱਜਣ ਬਿਨਾਂ ਦੱਸੇ ਦੇ ਜਾਂਦਾ। ਪਾਰਕਾਂ ਤੇ ਹੋਰ ਘੁੰਮਣਯੋਗ ਥਾਵਾਂ ’ਤੇ ਕਿਸੇ ਸੁਰੱਖਿਆ ਕਰਮਚਾਰੀ ਨੇ ਸਾਨੂੰ ਮਹਿਮਾਨ ਆਖਦਿਆਂ ਕਿਤੇ ਵੀ ਸਾਡੀ ਤਲਾਸ਼ੀ ਨਹੀਂ ਲਈ। ਜਦੋਂ ਮੈਂ ਆਪਣੇ ਪੁਰਖਿਆਂ ਦੇ ਡਸਕਾ ਤਹਿਸੀਲ ਵਿੱਚ ਪੈਂਦੇ ਪਿੰਡ ਭੜਥਾਂ ਵਾਲਾ ਗਿਆ ਤਾਂ ਲੋਕਾਂ ਨੇ ਸ਼ਾਨਦਾਰ ਸੁਆਗਤ ਕੀਤਾ ਤੇ ਮੈਨੂੰ ਪਿੰਡ ਵਿਚਲੇ ਸਾਡੇ ਪੁਰਾਤਨ ਘਰ ਤੇ ਹਵੇਲੀ ਵੀ ਦਿਖਾਏ।
ਲਾਹੌਰ ਕਿਸੇ ਸਮੇਂ ਖ਼ਾਲਸਾ ਸਰਕਾਰ ਦੀ ਰਾਜਧਾਨੀ ਰਿਹਾ ਹੈ। ਇੱਥੇ ਵੇਖਣਯੋਗ ਬਹੁਤ ਥਾਵਾਂ ਹਨ। ਸਿੱਖ ਰਾਜ ਦੀ ਆਖ਼ਰੀ ਨਿਸ਼ਾਨੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ ਵਿਚ ਸਿੱਖ ਰਾਜ ਵੇਲੇ ਦੇ ਸ਼ਸਤਰ ਅੱਜ ਵੀ ਮਹਿਫੂਜ਼ ਹਨ। ਇਸ ਤੋਂ ਇਲਾਵਾ ਅੱਲਾਮਾ ਇਕਬਾਲ ਪਾਰਕ, ਮੀਨਾਰ-ਏ-ਪਾਕਿਸਤਾਨ, ਅਨਾਰਕਲੀ ਬਜ਼ਾਰ, ਲਬਿਰਟੀ ਮਾਰਕੀਟ, ਬਾਦਸ਼ਾਹੀ ਮਸਜਿਦ, ਪੰਜਾਬ ਯੂਨੀਵਰਸਿਟੀ ਕੈਂਪਸ, ਦਰਗਾਹ ਸਾਈਂ ਮੀਆਂ ਮੀਰ ਜੀ, ਦਿਆਲ ਸਿੰਘ ਲਾਇਬ੍ਰੇਰੀ, ਲਾਹੌਰ ਅਜਾਇਬਘਰ, ਸ਼ਾਲੀਮਾਰ ਬਾਗ਼ ਤੇ ਹੋਰ ਕਈ ਮਕਬਰੇ ਹਨ। ਗੁਰਦੁਆਰਾ ਡੇਰਾ ਸਾਹਿਬ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ, ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਜਿੱਥੇ ਮੀਰ ਮੰਨੂੰ ਦੀ ਜੇਲ੍ਹ ਵਿੱਚ ਸਿੱਖ ਬੀਬੀਆਂ ਤੇ ਨਿੱਕੇ ਬਾਲਾਂ ਨੂੰ ਸ਼ਹੀਦ ਕੀਤਾ ਗਿਆ, ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਆਦਿ ਮੁਕੱਦਸ ਅਸਥਾਨ ਹਨ।
ਲਾਹੌਰ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਏਸ਼ੀਆ ਦੀ ਸਭ ਤੋਂ ਵੱਡੀ ਬਾਰ ਮੰਨੀ ਜਾਂਦੀ ਹੈ। ਇੱਥੇ ਵਕੀਲਾਂ ਦੀ ਲਗਭਗ 25000 ਗਿਣਤੀ ਹੈ। ਲਾਹੌਰ ਦੇ ਰਾਤ ਦੇ ਡਰਾਮੇ ਬੜੇ ਮਸ਼ਹੂਰ ਹਨ। ਲੋਕ ਪਰਿਵਾਰਾਂ ਸਮੇਤ ਬੜੇ ਚਾਅ ਨਾਲ ਡਰਾਮਿਆਂ ਦਾ ਆਨੰਦ ਮਾਣਦੇ ਨੇ। ਲਾਹੌਰ ਵਿੱਚ ਮੰਗਤਿਆਂ ਦੀ ਵੀ ਭਰਮਾਰ ਹੈ ਜੋ ਬਾਜ਼ਾਰਾਂ ਵਿੱਚ ਵੱਡੀ ਤਾਦਾਦ ਵਿੱਚ ਮੰਗਦੇ ਵੇਖੇ ਜਾ ਸਕਦੇ ਹਨ।
ਨਨਕਾਣਾ ਸਾਹਿਬ ਗੁਰਦੁਆਰੇ ਦੇ ਬਾਹਰ ਦੇਸ਼ ਵੰਡ ਦੇ ਉਜਾੜੇ ਤੋਂ ਪ੍ਰਭਾਵਿਤ ਲੋਕ ਅਕਸਰ ਚੜ੍ਹਦੇ ਪੰਜਾਬ ਦੇ ਆਪਣੇ ਗਰਾਈਆਂ ਨੂੰ ਮਿਲਣ ਦੀ ਤਾਂਘ ਦਿਲ ਵਿੱਚ ਲੈ ਕੇ ਪਿਆਰਿਆਂ ਨੂੰ ਹਾਕਾਂ ਮਾਰ ਕੇ ਲੱਭਦੇ ਨੇ। ਲਾਹੌਰ ਦੇ ਬਾਹਰੀਆ ਟਾਊਨ ਆਦਿ ਇਲਾਕੇ ਬਿਲਕੁਲ ਚੰਡੀਗੜ੍ਹ ਦਾ ਭੁਲੇਖਾ ਪਾਉਂਦੇ ਹਨ। ਲਾਹੌਰ ਸਾਰੀ ਰਾਤ ਜਾਗਦਾ ਹੈ। ਲੋਕ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਅਤੇ ਪੰਜਾਬੀ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਉਹ ਪੰਜਾਬੀ ਜ਼ੁਬਾਨ ਦੇ ਖ਼ੈਰਖਾਹ ਹਨ। ਉਨ੍ਹਾਂ ਦਾ ਪੰਜਾਬੀ ਬੋਲਣ ਦਾ ਲਹਿਜਾ ਬੜਾ ਮਿੱਠਾ ਹੈ। ਓਧਰਲੀ ਪੰਜਾਬੀ ਦੀ ਲਿੱਪੀ ਸ਼ਾਹਮੁਖੀ ਹੈ।
ਉੱਥੇ ਅਸੀਂ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਦਾ ਵੀ ਆਨੰਦ ਲਿਆ। ਔਰਤਾਂ ਅਤੇ ਮਰਦਾਂ ਵਿਚਕਾਰ ਇੱਕ ਪਰਦਾ ਲੱਗਾ ਹੁੰਦਾ ਹੈ। ਗੀਤ ਸੰਗੀਤ ਤੇ ਡੀਜੇ ਰਾਤ ਨੂੰ ਮਿੱਥੇ ਸਮੇਂ ’ਤੇ ਬੰਦ ਹੋ ਜਾਂਦਾ ਹੈ। ਕਾਨੂੰਨ ਅਨੁਸਾਰ ਵਿਆਹ ਵਿੱਚ ਮਹਿਮਾਨਾਂ ਦੀ ਗਿਣਤੀ ਅਤੇ ਦਾਅਵਤਾਂ ਵਿੱਚ ਪਕਵਾਨਾਂ ਦੀ ਗਿਣਤੀ ਦੀ ਹੱਦ ਤੈਅ ਹੈ। ਕੋਈ ਉਲੰਘਣਾ ਨਹੀਂ ਕਰਦਾ। ਕਿਸੇ ਵੀ ਪਾਰਟੀ ਵਿੱਚ ਸ਼ਰੇਆਮ ਸ਼ਰਾਬ ਨਹੀਂ ਵਰਤਾਈ ਜਾਂਦੀ ਕਿਉਂਕਿ ਇਸਲਾਮੀ ਮੁਲਕ ਹੋਣ ਕਰਕੇ ਪਾਕਿਸਤਾਨ ਵਿੱਚ ਸ਼ਰਾਬ ਦੀ ਮਨਾਹੀ ਹੈ। ਲਹਿੰਦੇ ਪੰਜਾਬ ਦੀ ਜ਼ਿੰਦਗੀ ਵਿੱਚ ਭੱਜ-ਨੱਠ ਤੇ ਕਾਹਲੀ ਘੱਟ ਹੈ।
ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨ ਵਾਲੇ ਦਿਨ ਵਜ਼ੀਰੇ ਆਜ਼ਮ ਇਮਰਾਨ ਖਾਂ ਤੇ ਦੋਵੇਂ ਮੁਲਕਾਂ ਦੇ ਖ਼ਾਸ ਮਹਿਮਾਨ ਸੰਗਤ ਵਿੱਚ ਬੈਠੇ ਸਨ, ਕੋਈ ਉਚੇਚਾ ਮੰਚ ਨਹੀਂ ਸੀ ਲੱਗਾ। ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਸੀ। ਸਾਰਾ ਮਾਹੌਲ ਆਪਸੀ ਪਿਆਰ, ਸਤਿਕਾਰ ਤੇ ਧਾਰਮਿਕ ਰੰਗਤ ਵਿਚ ਰੰਗਿਆ ਸੀ।
ਅਸੀਂ ਪੰਦਰਾਂ ਦਿਨਾਂ ਦੀ ਯਾਤਰਾ ਦੌਰਾਨ ਨਾ ਭੁੱਲਣਯੋਗ ਯਾਦਾਂ ਦਾ ਸਰਮਾਇਆ ਤੇ ਬੇਤਹਾਸ਼ਾ ਮੁਹੱਬਤ ਦਿਲਾਂ ਵਿੱਚ ਲੈ ਕੇ, ਫੇਰ ਮਿਲਣ ਦੀ ਤਾਂਘ ਨਾਲ ਲਹਿੰਦੇ ਪੰਜਾਬ ਤੋਂ ਵਿਦਾਇਗੀ ਲਈ।
ਸੰਪਰਕ: 97815-00050