ਪੱਤਰ ਪ੍ਰੇਰਕ
ਜੈਂਤੀਪੁਰ, 2 ਅਪਰੈਲ
ਕਸਬਾ ਟਾਹਲੀ ਸਾਹਿਬ ਦੇ ਮੈਡੀਕਲ ਸਟੋਰ ਅਤੇ ਫੋਟੋਗ੍ਰਾਫਰ ਦੀ ਦੁਕਾਨ ਨੂੰ ਚੋਰਾਂ ਨੇ ਲੰਘੀ ਰਾਤ ਨਿਸ਼ਾਨਾ ਬਣਾਇਆ ਅਤੇ ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਕਰ ਲਈ। ਇਸ ਸਬੰਧੀ ਇੰਦਰ ਮੈਡੀਕਲ ਸਟੋਰ ਦੇ ਮਾਲਕ ਇੰਦਰ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਚੋਰ ਏਸੀ, ਇਨਵਰਟਰ, ਬੈਟਰਾ ਕੁਝ ਦਵਾਈਆਂ ਅਤੇ ਲਗਭਗ ਵੀਹ ਹਜ਼ਾਰ ਰੁਪਏ ਲੈ ਗਏ। ਇਸੇ ਤਰ੍ਹਾਂ ਵਿੱਕੀ ਫੋਟੋ ਗਰਾਫਰ ਰਾਜਾ ਦੇ ਦੋ ਕੈਮਰੇ, ਇਨਵਰਟਰ, ਬੈਟਰਾ ਅਤੇ ਕੰਪਿਊਟਰ, ਜਿਸ ਵਿੱਚ ਲੋਕਾਂ ਦੇ ਵਿਆਹਾਂ ਦਾ ਸਾਰਾ ਡੇਟਾ ਸੀ, ਲੈ ਗਏ। ਜ਼ਿਕਰਯੋਗ ਹੈ ਕਿ ਇਹ ਸਾਰੀ ਘਟਨਾ ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਘਟਨਾ ਰਾਤ ਪੌਣੇ ਦੋ ਵਜੇ ਵਾਪਰੀ। ਕਾਲੇ ਰੰਗ ਦੀ ਸਫਾਰੀ ਗੱਡੀ ਵਿੱਚ ਆਏ ਛੇ ਨਕਾਬਪੋਸ਼ ਨੌਜਵਾਨਾਂ ਨੇ ਦੁਕਾਨਾਂ ਦੇ ਤਾਲੇ ਤੋੜ ਕੇ ਸਾਮਾਨ ਤੇ ਨਕਦੀ ਚੋਰੀ ਕਰ ਲਈ। ਪੁਲੀਸ ਚੌਕੀ ਟਾਹਲੀ ਸਾਹਿਬ ਦੇ ਏ.ਐੱਸ.ਆਈ ਬਲਦੇਵ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈੈ।
ਰਵਾਇਤੀ ਹਥਿਆਰਾਂ ਸਮੇਤ ਪੰਜ ਲੁਟੇਰੇ ਗ੍ਰਿਫ਼ਤਾਰ
ਤਰਨ ਤਾਰਨ (ਪੱਤਰ ਪ੍ਰੇਰਕ): ਥਾਣਾ ਸਿਟੀ ਦੇ ਪੁਲੀਸ ਅਧਿਕਾਰੀ ਏਐੱਸਆਈ ਦਿਲਬਾਗ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਸ਼ੁੱਕਰਵਾਰ ਦੀ ਸ਼ਾਮ ਸ਼ਹਿਰ ਦੇ ਬਾਹਰਵਾਰ ਸਥਿਤ ਹੋਲੀ ਸਿਟੀ ਕਲੋਨੀ ਤੋਂ ਲੁਟੇਰਾ ਗਰੋਹ ਦੇ ਪੰਜ ਮੈਂਬਰਾਂ ਨੂੰ ਰਵਾਇਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੁਟੇਰਿਆਂ ਕੋਲੋਂ ਇਕ-ਇਕ ਦਾਤਰ, ਲੋਹੇ ਦੀ ਰਾਡ, ਬੇਸਬਾਲ ਅਤੇ ਕਿਰਪਾਨ ਬਰਾਮਦ ਕੀਤੀ ਗਈ ਹੈ| ਲੁਟੇਰੇ ਹੋਲੀ ਸਿਟੀ ਕਲੋਨੀ ਦੀ ਬੇਆਬਾਦ ਰਿਹਾਇਸ਼ ਵਿੱਚ ਕੋਈ ਵਾਰਦਾਤ ਦੀ ਯੋਜਨਾ ਬਣਾ ਰਹੇ ਸਨ| ਲੁਟੇਰਿਆਂ ਦੀ ਸ਼ਨਾਖਤ ਅੰਮ੍ਰਿਤਸਰ ਵਾਸੀ ਸ਼ੇਰਾ ਸਿੰਘ, ਰਾਹੁਲ, ਟਹਿਲ ਸਿੰਘ, ਕੱਕਾ ਕੰਡਿਆਲਾ ਪਿੰਡ ਦੇ ਵਾਸੀ ਗੁਰਪ੍ਰਤਾਪ ਸਿੰਘ ਅਤੇ ਬਾਕੀਪੁਰ ਪਿੰਡ ਵਾਸੀ ਜਸਵੰਤ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ| ਲੁਟੇਰਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਨੇ ‘ਤਲਾਸ਼ੀ ਮੁਹਿੰਮ’ ਚਲਾਈ
ਅੰਮ੍ਰਿਤਸਰ (ਟਨਸ): ਪੁਲੀਸ ਨੇ ਕੋਟ ਖਾਲਸਾ ਤੇ ਇਸਲਾਮਾਬਾਦ ਖੇਤਰ ਵਿੱਚ ਅੱਜ ਜਾਂਚ ਮੁਹਿੰਮ ਚਲਾਈ। ਜਾਂਚ ਦੌਰਾਨ ਨਸ਼ਾ ਤਸਕਰਾਂ, ਵਾਹਨ ਚੋਰਾਂ, ਭਗੌੜੇ ਅਤੇ ਹੋਰ ਸ਼ੱਕੀ ਵਿਅਕਤੀਆਂ ਬਾਰੇ ਪਤਾ ਲਾਉਣ ਦਾ ਯਤਨ ਕੀਤਾ ਗਿਆ। ਡੀਸੀਪੀ ਰਛਪਾਲ ਸਿੰਘ ਦੀ ਨਿਗਰਾਨੀ ਹੇਠ ਇਹ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਤਹਿਤ ਥਾਣਾ ਇਸਲਾਮਾਬਾਦ ਤੇ ਕੋਟ ਖਾਲਸਾ ਦੇ ਇਲਾਕੇ ਫਤਾਹਪੁਰਾ, ਦਸਮੇਸ਼ ਨਗਰ, ਬਾਬਾ ਜੀਵਨ ਸਿੰਘ ਕਲੋਨੀ, ਮਰਾਸੀ ਮਹੱਲਾ, ਹਰਗੋਬਿੰਦਪੁਰਾ ਆਦਿ ਵਿੱਚ ਜਾਂਚ ਕੀਤੀ ਗਈ। ਪੁਲੀਸ ਦੇ 80 ਜਵਾਨ ਇਸ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਸਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਸ਼ੱਕੀ ਵਿਅਕਤੀਆਂ ਦੀਆਂ ਰਿਹਾਇਸ਼ਾਂ ’ਤੇ ਛਾਪਾ ਮਾਰਿਆ ਗਿਆ। ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਖਿੱਚ ਕੇ ਉਨ੍ਹਾਂ ਦੇ ਰਿਕਾਰਡ ਨਾਲ ਮਿਲਾਇਆ ਗਿਆ ਹੈ। ਕੋਟ ਖਾਲਸਾ ਥਾਣੇ ਹੇਠ ਇਕ ਵਿਅਕਤੀ ਖਿਲਾਫ ਸੀਆਰਪੀਸੀ ਦੀ ਧਾਰਾ 109 ਤਹਿਤ ਕਾਰਵਾਈ ਵੀ ਕੀਤੀ ਗਈ ਹੈ।