ਪੱਤਰ ਪ੍ਰੇਰਕ
ਜੈਂਤੀਪੁਰ, 15 ਫਰਵਰੀ
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਸਾਂਝੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਦੇ ਹੱਕ ਵਿੱਚ ਅਕਾਲੀ ਆਗੂ ਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਡਾ. ਬਲਦੇਵ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਅੱਜ ਪਿੰਡ ਮਰੜ ਵਿੱਚ ਵਿਸ਼ਾਲ ਚੋਣ ਰੈਲੀ ਹੋਈ। ਇਸ ਮੌਕੇ ਸ੍ਰੀ ਲੋਧੀਨੰਗਲ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕੋਈ ਵੀ ਵਾਅਦਾ ਪੂਰਾ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ‘ਆਪ’ ਦੇ ਗੁਮਰਾਹਕੁਨ ਪ੍ਰਚਾਰ ਤੋਂ ਵੀ ਸੁਚੇਤ ਰਹਿਣ ਅਤੇ ਪੰਜਾਬ ਦੇ ਹੱਕਾਂ ਹਿੱਤਾਂ ਦੇ ਪਹਿਰੇਦਾਰ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾ ਕੇ ਆਪਣੀ ਸਰਕਾਰ ਬਣਾਉਣ ਲਈ ਪ੍ਰੇਰਿਆ। ਇਸ ਮੌਕੇ ਅਕਾਲੀ ਆਗੂ ਡਾ. ਬਲਦੇਵ ਸਿੰਘ ਬੋਪਾਰਾਏ ਅਤੇ ਬਸਪਾ ਆਗੂ ਜਗੀਰ ਸਿੰਘ ਮਰੜ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਲੋਧੀਨੰਗਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਸਰਪੰਚ ਹਰਦੀਪ ਸਿੰਘ, ਅਜੀਤ ਸਿੰਘ ਰਿਆਲੀ, ਅਮਰਜੀਤ ਸਿੰਘ, ਮਿੰਟੂ ਪ੍ਰਧਾਨ, ਬਸਪਾ ਆਗੂ ਬਲਦੇਵ ਸਿੰਘ, ਬਲਬੀਰ ਸਿੰਘ ਬੱਜੂਮਾਨ ਅਤੇ ਹੋਰ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਕੇਜਰੀਵਾਲ ਰਾਹੀਂ ਪੰਜਾਬ ਨੂੰ ਕਾਬੂ ਕਰਨਾ ਚਾਹੁੰਦਾ ਹੈ ਮੋਦੀ: ਤ੍ਰਿਪਤ ਬਾਜਵਾ
ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਫ਼ਤਹਿਗੜ੍ਹ ਚੂੜੀਆਂ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੱਖ-ਵੱਖ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਰਾਹੀਂ ਕਾਬੂ ਕਰਨਾ ਚਾਹੁੰਦਾ ਹੈ, ਕਿਉਂਕਿ ਪੰਜਾਬ ਮੋਦੀ ਦੀਆਂ ਅੱਖਾਂ ਵਿੱਚ ਉਸ ਸਮੇਂ ਤੋਂ ਰੜਕ ਰਿਹਾ ਹੈ, ਜਦੋਂ ਉਸਨੂੰ ਕਿਸਾਨਾਂ ਵੱਲੋਂ ਲਹੂ ਡੋਲਵੇਂ ਸੰਘਰਸ਼ ਕਾਰਨ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ। ਸ੍ਰੀ ਬਾਜਵਾ ਨੇ ਪਿੰਡ ਨਠਵਾਲ, ਪੁਰੀਆਂ ਕਲਾਂ, ਤਲਵੰਡੀ ਬਖਤਾ, ਬੱਲ ਅਤੇ ਸਰੂਪਵਾਲੀ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ।