ਗਗਨਦੀਪ ਅਰੋੜਾ/ਗੁਰਿੰਦਰ ਸਿੰਘ
ਲੁਧਿਆਣਾ, 27 ਸਤੰਬਰ
ਇਥੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਪੂਰੀ ਤਰ੍ਹਾਂ ਸਫ਼ਲ ਰਿਹਾ। ਅੱਜ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਤੇ ਜੋ ਇੱਕਾ-ਦੁੱਕਾ ਦੁਕਾਨਾਂ ਖੁੱਲ੍ਹੀਆਂ ਸਨ, ਉਨ੍ਹਾਂ ਨੂੰ ਵੀ ਕਿਸਾਨਾਂ ਨੇ ਬੰਦ ਕਰਵਾਇਆ। ਜਾਣਕਾਰੀ ਮੁਤਾਬਿਕ ਕਿਸਾਨਾਂ ਵੱਲੋਂ ਪੂਰੇ ਜ਼ਿਲ੍ਹੇ ’ਚ ਤਕਰੀਬਨ 40 ਤੋਂ ਵੱਧ ਥਾਵਾਂ ’ਤੇ ਧਰਨਾ ਪ੍ਰਦਰਸ਼ਨ ਕੀਤੇ ਗਏ ਜੋ ਬਾਅਦ ਦੁਪਹਿਰ ਸਾਢੇ ਕੁ ਚਾਰ ਵਜੇ ਤੱਕ ਜਾਰੀ ਰਹੇ। ਇਸ ਦੌਰਾਨ ਐੱਮਬੀਡੀ ਮਾਲ ਦੇ ਬਾਹਰ, ਭਾਰਤ ਨਗਰ ਚੌਕ, ਜਗਰਾਓਂ ਪੁਲ, ਲਾਡੋਵਾਲ ਟੌਲ ਪਲਾਜ਼ਾ ’ਤੇ ਸ਼ਾਮ ਤੱਕ ਮੋਰਚਾ ਜਾਰੀ ਰਿਹਾ। ਇੱਥੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਨਾਟਕਾਂ ਰਾਹੀਂ ਵੀ ਸਰਕਾਰ ’ਤੇ ਤਨਜ਼ ਕੱਸੇ। ਇਸ ਤੋਂ ਇਲਾਵਾ ਕਿਸਾਨਾਂ ਨੇ ਜਲੰਧਰ ਬਾਈਪਾਸ, ਸਮਰਾਲਾ ਰੋਡ, ਬਸਤੀ ਜੋਧੇਵਾਲ, ਸ਼ੇਰਪੁਰ ਚੌਕ, ਢੰਡਾਰੀ ਕਲਾਂ, ਦੁੱਗਰੀ ਰੋਡ, ਹੰਬੜਾ ਰੋਡ, ਪ੍ਰਤਾਪ ਸਿੰਘ ਵਾਲਾ, ਨੀਲੋ ਟੌਲ ਪਲਾਜ਼ਾ, ਡੇਹਲੋਂ ਮੁੱਖ ਚੌਕ, ਟਿੱਬਾ ਪੁਲ, ਦੱਖਣੀ ਬਾਈਪਾਸ, ਸਮਰਾਲਾ ਚੌਕ, ਲੁਹਾਰਾ ਪੁਲ, ਸ਼ੇਰਪੁਰ ਚੌਕ, ਗਿੱਲ ਪਿੰਡ, ਆਲਮਗੀਰ ਸਾਹਿਬ ਦੇ ਬਾਹਰ ਇਲਾਕਿਆਂ ਵਿੱਚ ਸੜਕਾਂ ’ਤੇ ਬੈਠ ਭਾਰਤ ਬੰਦ ਨੂੰ ਕਾਮਯਾਬ ਬਣਾਇਆ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਪਿੰਡਾਂ ’ਚ ਵੀ ਰਸਤੇ ਬੰਦ ਕੀਤੇ ਹੋਏ ਸਨ। ਕਈ ਥਾਵਾਂ ’ਤੇ ਲੋਕ ਕਿਸਾਨਾਂ ਦੇ ਨਾਲ ਬਹਿਸ ਕਰਦੇ ਵੀ ਦਿਖਾਈ ਦਿੱਤੇ। ਪੁਰਾਣੇ ਸ਼ਹਿਰ ਦੇ ਇਲਾਕੇ ਕੇਸਰਗੰਜ ਮੰਡੀ ਵਿੱਚ ਵੀ ਨੌਜਵਾਨਾਂ ਦੀ ਦੁਕਾਨਦਾਰਾਂ ਨਾਲ ਬਹਿਸ ਹੋ ਗਈ, ਨੌਜਵਾਨ ਤਿੰਨ ਵਜੇ ਦੇ ਕਰੀਬ ਦੁਕਾਨਾ ਬੰਦ ਕਰਵਾਉਣ ਲਈ ਪੁੱਜੇ, ਜਿੱਥੇ ਦੁਕਾਨਦਾਰਾਂ ਨਾਲ ਉਨ੍ਹਾਂ ਦੀ ਬਹਿਸ ਵੀ ਹੋ ਗਈ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਇਥੇ ਲੁਧਿਆਣਾ-ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ-ਰਕਬਾ ਟੋਲ ਪਲਾਜ਼ਾ ਉੱਪਰ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ਉੱਪਰ ਮੁੱਲਾਂਪੁਰ ਮੁੱਖ ਚੌਕ ’ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਹੋਰ ਭਰਾਤਰੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਇਲਾਵਾ ਕਸਬਾ ਜੋਧਾਂ ਦੇ ਬਾਜ਼ਾਰ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਅਤੇ ਕਸਬਾ ਡੇਹਲੋਂ ਦੇ ਮੁੱਖ ਚੌਕ ਵਿਚ ਲੁਧਿਆਣਾ-ਸੰਗਰੂਰ ਰਾਜ ਮਾਰਗ ’ਤੇ ਚੱਕਾ ਜਾਮ ਰਿਹਾ। ਇਸੇ ਤਰ੍ਹਾਂ ਅਬੋਹਰ ਬਰਾਂਚ ਨਹਿਰ ਦੇ ਬੱਲੋਵਾਲ ਪੁਲ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਸਵੇਰ ਤੋਂ ਹੀ ਡਟੇ ਰਹੇ। ਸੁਧਾਰ ਬਾਜ਼ਾਰ ਵਿਚ ਦੁਕਾਨਦਾਰਾਂ ਅਤੇ ਕਿਸਾਨਾਂ ਨੇ ਸਾਂਝੇ ਤੌਰ ‘ਤੇ ਸੜਕ ਜਾਮ ਕੀਤੀ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਆਰੰਭਿਆ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਸੱਦੇ ’ਤੇ ਰੋਸ ਪ੍ਰਗਟ ਕਰਦਿਆਂ ਨੈਸ਼ਨਲ ਹਾਈਵੇ ਜਾਮ ਕੀਤਾ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਇਸ ਮੌਕੇ ਸ਼ਹਿਰ ਵਾਸੀਆਂ ਨੇ ਬੰਦ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਹਰ ਤਰ੍ਹਾਂ ਦੇ ਕਾਰੋਬਾਰ ਬੰਦ ਰੱਖੇ, ਕਿਸਾਨਾਂ ਨੇ ਲਲਹੇੜੀ ਚੌਕ, ਸਮਰਾਲਾ ਚੌਕ, ਅਮਲੋਹ ਚੌਕ, ਮਲੇਰਕੋਟਲਾ ਚੌਕ ਆਦਿ ਵੀ ਧਰਨੇ ਲਾ ਕੇ ਜਾਮ ਕੀਤੇ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸਵੈਚ ਅਤੇ ਕਸ਼ਮੀਰਾ ਸਿੰਘ ਮਾਜਰਾ ਨੇ ਇੱਕਠ ਨੂੰ ਸੰਬੋਧਨ ਕੀਤਾ।
ਜਗਰਾਉਂ (ਜਸਬੀਰ ਸਿੰਘ ਸ਼ੇਤਰਾ ): ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਭਾਰਤ ਬੰਦ’ ਦੇ ਦਿੱਤੇ ਸੱਦੇ ਤਹਿਤ ਅੱਜ ਚੌਕੀਮਾਨ ਟੌਲ ’ਤੇ ਆਪ-ਮੁਹਾਰਾ ਇਕੱਠ ਹੋਇਆ। ਧਰਨੇ ’ਚ ਰਿਕਾਰਡ ਗਿਣਤੀ ’ਚ ਕਿਸਾਨਾਂ, ਖਾਸਕਰ ਔਰਤਾਂ ਦੇ ਪੁੱਜਣ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਸਮੇਂ ਮੋਦੀ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਹੋਈ। ਸਿਆਸੀ ਧਿਰਾਂ ਨੇ ਵੀ ਇਸ ਬੰਦ ਨੂੰ ਹਮਾਇਤ ਦਿੱਤੀ ਹੋਈ ਸੀ।
‘ਆਪ’ ਵੱਲੋਂ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਵੀ ਇਸ ਧਰਨੇ ’ਚ ਸ਼ਾਮਲ ਸਨ। ਸਵੇਰੇ ਛੇ ਵਜੇ ਤੋਂ ਸ਼ਾਮ ਚਾਰ ਵਜੇ ਤੱਕ 10 ਘੰਟੇ ਕੌਮੀ ਸ਼ਾਹਰਾਹ ਮੁਕੰਮਲ ਰੂਪ ’ਚ ਬੰਦ ਰਿਹਾ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਧਰਨਾ ਦਿੱਤਾ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਦੇਸ਼ਾਂ ਅਨੁਸਾਰ ਸਿਰਫ਼ ਐਂਬੂਲੈਂਸ ਜਾਂ ਮਰੀਜ਼ਾਂ ਵਾਲੀਆਂ ਹੋਰ ਗੱਡੀਆਂ ਨੂੰ ਹੀ ਫੌਰੀ ਤੌਰ ’ਤੇ ਲੰਘਣ ਦੀ ਇਜਾਜ਼ਤ ਦਿੱਤੀ ਗਈ। ਇਸ ਮੌਕੇ ਬੀਬੀ ਕੁਲਦੀਪ ਕੌਰ, ਜਰਨੈਲ ਸਿੰਘ ਤੇ ਸੰਦੀਪ ਸਿੰਘ ਲਲਤੋਂ ਕਲਾਂ ਦੇ ਕਵੀਸ਼ਰੀ ਜਥੇ ਨੇ ਜੋਸ਼ ਭਰਪੂਰ ਰੰਗ ਬੰਨ੍ਹਿਆ।
ਕਿਸਾਨਾਂ ਦੇ ਹੱਕ ’ਚ ਮੁਸਲਿਮ ਭਾਈਚਾਰੇ ਵੱਲੋਂ ਪੁਤਲਾ ਫੂਕ ਮੁਜ਼ਾਹਰਾ
ਲੁਧਿਆਣਾ (ਗੁਰਿੰਦਰ ਸਿੰਘ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਮਜਲਿਸ ਅਹਿਰਾਰ ਇਸਲਾਮ ਹਿੰਦ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਨੇ ਜਾਮਾ ਮਸਜਿਦ ਦੇ ਬਾਹਰ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕਿਸਾਨ ਭਰਾਵਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਵੱਲੋਂ ਨਜ਼ਰਅੰਦਾਜ਼ ਕਰਨਾ ਗ਼ੈਰ ਜਮਹੂਰੀ ਹੈ। ਉਨ੍ਹਾਂ ਕਿਹਾ ਕਿ ਸੱਤਾ ਦਾ ਮਤਲਬ ਇਹ ਨਹੀਂ ਕਿ ਲੋਕਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਵਰਗ ਕਿਸਾਨ ਭਰਾਵਾਂ ਨਾਲ ਹੈ ਅਤੇ ਜਦੋਂ ਤੱਕ ਕਿਸਾਨ ਅੰਦੋਲਨ ਚੱਲਦਾ ਰਹੇਗਾ ਸਾਰੇ ਧਰਮਾਂ ਦੇ ਲੋਕ ਇਨ੍ਹਾਂ ਨਾਲ ਖੜ੍ਹੇ ਰਹਿਣਗੇ। ਇਸ ਮੌਕੇ ਮੁਹੰਮਦ ਮੁਸਤਕੀਮ, ਅਬਦੁਲ ਰਿਜ਼ਵਾਨ, ਮੁਫਤੀ ਸੱਦਾਮ ਹੁਸੈਨ, ਮੁਜਾਹਿਦ ਤਾਰਿਕ, ਸ਼ਾਹਨਵਾਜ਼ ਅਹਿਮਦ, ਸੂਰਜ ਅੰਸਾਰੀ, ਪਰਵੇਜ਼ ਆਲਮ ਤੇ ਜੈਨੁਲਾਬਦੀਨ ਵੀ ਹਾਜ਼ਰ ਸਨ।
ਭਾਰਤ ਬੰਦ ਸਫ਼ਲ ਰਿਹੈ: ਲੱਖੋਵਾਲ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 27 ਸਤੰਬਰ ਦੇ ਭਾਰਤ ਬੰਦ ਨੂੰ ਲੋਕਾਂ ਵੱਲੋਂ ਬਹੁਤ ਵੱਡਾ ਹੁੰਗਾਰਾ ਦਿੱਤਾ ਗਿਆ ਅਤੇ ਸਾਰੇ ਦੇਸ਼ ਵਿਚ ਸ਼ਾਂਤਮਈ ਤਰੀਕੇ ਨਾਲ ਕਿਸਾਨਾਂ ਨੇ ਬੰਦ ਕਰਕੇ ਤਿੰਨੇ ਕਾਲੇ ਕਾਨੂੰਨਾਂ ਵਿਰੁੱਧ ਰੋਸ ਦਾ ਮੁਜ਼ਾਹਰਾ ਕੀਤਾ। ਲੱਖੋਵਾਲ ਨੇ ਦੱਸਿਆ ਕਿ ਪੰਜਾਬ ਵਿਚ ਲਗਭਗ ਹਜ਼ਾਰ ਥਾਵਾਂ ’ਤੇ ਧਰਨੇ ਲਗਾਏ ਗਏ ਜਿਸ ਵਿਚ ਕਿਸਾਨਾਂ ਨੇ ਸਵੇਰੇ 6 ਵਜੇ ਤੋਂ ਪਹਿਲਾਂ ਹੀ ਪੂਰੀ ਤਿਆਰੀ ਨਾਲ ਮੋਰਚੇ ਸੰਭਾਲ ਰੱਖੇ ਸਨ। ਉਨ੍ਹਾਂ ਕਿਹਾ ਕਿ ਅੱਜ ਦੇ ਬੰਦ ਦੀ ਵਿਸ਼ੇਸ਼ਤਾ ਇਹ ਰਹੀ ਕਿ ਦੁਕਾਨਦਾਰਾਂ, ਟਰਾਂਸਪੋਰਟ ਵੀਰਾਂ ਨੇ ਆਪੋ-ਆਪਣੀਆਂ ਦੁਕਾਨਾਂ ਤੇ ਵਾਹਨ ਪੂਰਨ ਤੌਰ ’ਤੇ ਬੰਦ ਰੱਖ ਕੇ ਕਿਸਾਨੀ ਸੰਘਰਸ਼ ਦਾ ਸਾਥ ਹੀ ਨਹੀਂ ਦਿੱਤਾ ਸਗੋਂ ਕੇਂਦਰ ਦੀ ਸਰਕਾਰ ਨੂੰ ਇਹ ਵੀ ਸੰਕੇਤ ਦਿੱਤਾ ਕਿ ਕਿਸਾਨਾਂ ਦੇ ਨਾਲ-ਨਾਲ ਆਮ ਲੋਕ ਵੀ ਇਸ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।
ਕਿਸਾਨਾਂ ਨੇ ਬੈਂਕ ਬੰਦ ਕਰਵਾਇਆ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਇਥੇ ਤਹਿਸੀਲ ਰੋਡ ’ਤੇ ਐਕਸਿਸ ਬੈਂਕ ਦੀ ਸ਼ਾਖਾ ਅੱਜ ਭਾਰਤ ਬੰਦ ਦੌਰਾਨ ਖੁੱਲ੍ਹੀ ਹੋਈ ਸੀ ਹਾਲਾਂਕਿ ਹੋਰ ਸਾਰੇ ਬੈਂਕ ਬੰਦ ਸਨ। ਇਸ ਦੌਰਾਨ ਭੰਮੀਪੁਰਾ, ਅਖਾੜਾ, ਮਾਣੂੰਕੇ ਆਦਿ ਪਿੰਡਾਂ ਵਾਲੇ ਪਾਸਿਓਂ ਕਿਸਾਨਾਂ ਦਾ ਇਕ ਵੱਡਾ ਕਾਫਲਾ ਜਗਰਾਉਂ-ਮੋਗਾ ਮੁੱਖ ਮਾਰਗ ’ਤੇ ਚੱਕਾ ਜਾਮ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਉਥੋਂ ਲੰਘ ਰਿਹਾ ਸੀ। ਇਹ ਕਾਫਲਾ ਜਿਵੇਂ ਹੀ ਤਹਿਸੀਲ ਰੋਡ ’ਤੇ ਐਕਸਿਸ ਬੈਂਕ ਨੇੜੇ ਪੁੱਜਿਆ ਤਾਂ ਕਿਸੇ ਨੇ ਕਾਫਲੇ ’ਚ ਸ਼ਾਮਲ ਕਿਸਾਨ ਆਗੂਆਂ ਨੂੰ ਐਕਸਿਸ ਬੈਂਕ ਖੁੱਲ੍ਹਾ ਹਣ ਦੀ ਸੂਚਨਾ ਦਿੱਤੀ। ਇਸ ’ਤੇ ਬੂਟਾ ਸਿੰਘ ਭੰਮੀਪੁਰਾ ਦੀ ਅਗਵਾਈ ’ਚ ਦਰਜਨਾਂ ਕਿਸਾਨ ਹੱਥਾਂ ’ਚ ਕਿਸਾਨੀ ਝੰਡੇ ਲੈ ਕੇ ਬੈਂਕ ਅੰਦਰ ਦਾਖਲ ਹੋਏ। ਇਸ ਦੌਰਾਨ ਬਾਹਰ ਖੜ੍ਹੇ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟਾਂ ’ਚ ਐਕਸਿਸ ਬੈਂਕ ਦੇ ਬਾਹਰ ਭਰਵਾਂ ਪ੍ਰਦਰਸ਼ਨ ਸ਼ੁਰੂ ਹੋ ਗਿਆ। ਹਾਲਾਤ ਨੂੰ ਭਾਂਪਦਿਆਂ ਬੈਂਕ ਅਧਿਕਾਰੀਆਂ ਨੇ ਬੈਂਕ ਬੰਦ ਕਰਨ ’ਚ ਹੀ ਭਲਾਈ ਸਮਝੀ।
ਸੰਘਰਸ਼ ਵਿੱਚ ਵੱਖਰੇ ਢੰਗ ਨਾਲ ਯੋਗਦਾਨ ਪਾ ਰਿਹੈ ਨਾਗੀ
ਲੁਧਿਆਣਾ (ਸਤਵਿੰਦਰ ਬਸਰਾ): ਲੋਕ ਹੱਕਾਂ ਲਈ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰਦੇ ਕਿਸਾਨਾਂ ਦੇ ਇਕੱਠਾਂ, ਰੋਸ ਧਰਨਿਆਂ ਵਿੱਚ ਦਵਿੰਦਰ ਸਿੰਘ ਨਾਗੀ ਆਪਣੀ ਕਲਾ ਰਾਹੀਂ ਅਹਿਮ ਯੋਗਦਾਨ ਪਾ ਰਿਹਾ ਹੈ। ਅੱਜ ਵੀ ਭਾਰਤ ਬੰਦ ਦੌਰਾਨ ਲਾਢੋਵਾਲ ਟੌਲ ਪਲਾਜ਼ਾ ’ਤੇ ਲੱਗੇ ਧਰਨੇ ਵਿੱਚ ਇਸ ਨੌਜਵਾਨ ਨੇ ਕਈ ਦਰਜਨ ਪੋਸਟਰ ਤਿਆਰ ਕਰਕੇ ਕਿਸਾਨਾਂ ਨੂੰ ਦਿੱਤੇ। ਦਵਿੰਦਰ ਨਾਗੀ ਨੇ ਦੱਸਿਆ ਕਿ ਜਦੋਂ ਤੋਂ ਕਿਸਾਨ ਸੰਘਰਸ਼ ਸ਼ੁਰੂ ਹੋਇਆ ਹੈ, ਉਹ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਯੋਗਦਾਨ ਪਾਉਂਦਾ ਆ ਰਿਹਾ ਹੈ। ਪਿਛਲੇ ਮਹੀਨਿਆਂ ਦੌਰਾਨ ਉਹ ਕਈ ਵਾਰ ਦਿੱਲੀ ਦੇ ਬਾਰਡਰਾਂ ’ਤੇ ਵੀ ਕਿਸਨੀ ਸੰਘਰਸ਼ ਵਿੱਚ ਸ਼ਾਮਲ ਹੋ ਚੁੱਕਾ ਹੈ। ਉਸ ਨੇ ਦੱਸਿਆ ਕਿ ਅੱਜ ਉਸ ਨੇ 100 ਦੇ ਕਰੀਬ ਵੱਖ-ਵੱਖ ਕਿਸਾਨੀ ਨਾਅਰੇ ਲਿਖ ਕਿ ਕਿਸਾਨਾਂ ਨੂੰ ਮੁਫਤ ਵੰਡੇ। ਇਸ ਮੌਕੇ ਉਸ ਨਾਲ ਪੰਜਾਬੀ ਪਾਸਾਰ ਭਾਈਚਾਰਾ ਦੇ ਕਨਵੀਨਰ ਮਹਿੰਦਰ ਸਿੰਘ ਸੇਖੋਂ ਵੀ ਮੌਜੂਦ ਸਨ।