ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਫਰਵਰੀ
ਕਿਸਾਨ ਅੰਦੋਲਨ ਦੌਰਾਨ ਚਰਚਾ ’ਚ ਆਈ ਅਤੇ ਇਸ ਸਮੇਂ ਸੰਯੁਕਤ ਸਮਾਜ ਮੋਰਚੇ ਦੀ ਸਟਾਰ ਪ੍ਰਚਾਰਕ ਜ਼ੇਬਾ ਖ਼ਾਨ ਅੱਜ ਹਲਕਾ ਜਗਰਾਉਂ ’ਚ ਉਮੀਦਵਾਰ ਕੁਲਦੀਪ ਸਿੰਘ ਡੱਲਾ ਦੇ ਹੱਕ ’ਚ ਪ੍ਰਚਾਰ ਕਰਨ ਪਹੁੰਚੀ ਅਤੇ ਲੋਕਾਂ ਨੂੰ ਬਦਲਾਅ ਲਿਆਉਣ ਦਾ ਸੱਦਾ ਦਿੱਤਾ। ਇਸ ਸਮੇਂ ਉਨ੍ਹਾਂ ਬੇਅਦਬੀ ਮਾਮਲੇ ਤੇ ਇਨ੍ਹਾਂ ’ਚ ਹਾਲੇ ਤੱਕ ਇਨਸਾਫ ਨਾ ਮਿਲਣ, ਰੁਜ਼ਗਾਰ ਦੇਣ ਦੀ ਥਾਂ ਨੌਜਵਾਨਾਂ ਨੂੰ ਨਸ਼ਿਆਂ ’ਚ ਧੱਕਣ, ਸੱਤ ਦਹਾਕੇ ’ਚ ਰਵਾਇਤੀ ਪਾਰਟੀਆਂ ਵੱਲੋਂ ਸੌੜੀ ਸਿਆਸਤ ਲਈ ਲੋਕਾਂ ਨੂੰ ਉਲਝਾਈ ਰੱਖਣ ਨੂੰ ਉਭਾਰ ਕੇ ਇਕ ਮੌਕਾ ਮੋਰਚੇ ਦੇ ਉਮੀਦਵਾਰਾਂ ਨੂੰ ਦੇਣ ਦੀ ਅਪੀਲ ਕੀਤੀ।
ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਚੋਣ ਪ੍ਰਚਾਰ ਦੌਰਾਨ ਆਪਣੇ ਜੋਸ਼ੀਲੇ ਭਾਸ਼ਣ ’ਚ ਜ਼ੇਬਾ ਖਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਸੱਤ ਦਹਾਕਿਆਂ ਤੋਂ ਪੰਜਾਬ ਨੂੰ ਲੁੱਟਦੀਆਂ ਆਈਆਂ ਹਨ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ’ਚ ਧੱਕ ਦਿੱਤਾ। ਗਰੀਬ ਤੇ ਅਨੁਸੂਚਿਤ ਜਾਤੀ ਵਰਗ ਦਾ ਲਗਾਤਾਰ ਸ਼ੋਸ਼ਣ ਗੁਰੂਆਂ ਦੀ ਇਸ ਧਰਤੀ ’ਤੇ ਲਗਾਤਾਰ ਹੋ ਰਿਹਾ ਹੈ। ਇਥੋਂ ਤੱਕ ਕਿ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਦੀ ਇਸੇ ਪਵਿੱਤਰ ਧਰਤੀ ’ਤੇ ਵਾਪਰੀਆਂ। ਇਹ ਹੋਰ ਵੀ ਅਫਸੋਸਨਾਕ ਹੈ ਕਿ ਹਾਲੇ ਤੱਕ ਇਸ ’ਚ ਇਨਸਾਫ਼ ਨਹੀਂ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਬਦਲਾਅ ਆਪਣੇ ‘ਆਪ’ ਨਹੀਂ ਆਉਣਾ ਇਹ ਲੋਕਾਂ ਨੂੰ ਹੀ ਲਿਆਉਣਾ ਪੈਣ, ਇਸ ਲਈ ਕਿਸਾਨ ਸੰਘਰਸ਼ ’ਚ ਦਿੱਤੇ ਸਾਥ ਤੇ ਏਕੇ ਨੂੰ ਕਾਇਮ ਰੱਖਦੇ ਹੋਏ ਮੋਰਚੇ ਦੇ ਉਮੀਦਵਾਰ ਨੂੰ ਜਿਤਾਉਣ ਦੀ ਲੋੜ ਹੈ। ਉਮੀਦਵਾਰ ਕੁਲਦੀਪ ਸਿੰਘ ਡੱਲਾ ਨੇ ਬਦਲਾਅ ਤੇ ਕਿਸਾਨੀ ਦੇ ਨਾਂ ’ਤੇ ਵੋਟਾਂ ਮੰਗਦਿਆਂ ਕਿਸਾਨ ਅੰਦੋਲਨ ’ਚ ਦਿੱਤੇ ਸਾਥ ਨੂੰ ਯਾਦ ਕਰਵਾਇਆ ਅਤੇ ਉਸੇ ਤਰ੍ਹਾਂ ਵੱਧ ਚੜ੍ਹ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੇ ਹੱਕ ’ਚ ਪਿੰਡ ਮੱਲ੍ਹਾ, ਦੇਹੜਕਾ, ਰਸੂਲਪੁਰ, ਡਾਂਗੀਆਂ, ਗੁਰੂਸਰ ਕਾਉਂਕੇ, ਅਮਰਗੜ੍ਹ ਕਲੇਰਾਂ, ਗਾਲਬਿ, ਸ਼ੇਰਪੁਰ ਆਦਿ ’ਚ ਹੋਏ ਚੋਣ ਜਲਸਿਆਂ ਨੂੰ ਜਥੇਦਾਰ ਦਲੀਪ ਸਿੰਘ ਚਕਰ, ਹਰੀਕ੍ਰਿਸ਼ਨ ਸਿੰਘ ਕੋਠੇ ਜੀਵਾ, ਹਰਚੰਦ ਸਿੰਘ ਚਕਰ, ਬੂਟਾ ਸਿੰਘ ਮਲਕ, ਹਰੀ ਸਿੰਘ ਸਿਵੀਆ ਨੇ ਵੀ ਸੰਬੋਧਨ ਕੀਤਾ।