ਸਤਪਾਲ ਰਾਮਗੜ੍ਹੀਆ
ਪਿਹੋਵਾ, 22 ਦਸੰਬਰ
ਮੁੱਖ ਮੰਤਰੀ ਅੰਤੋਦਿਆ ਪਰਿਵਾਰ ਉਤਸ਼ਾਹ ਯੋਜਨਾ ਤਹਿਤ ਗ਼ਰੀਬ ਲੋਕਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਮੰਤਵ ਨਾਲ ਸਬ-ਡਿਵੀਜ਼ਨ ਪਿਹੋਵਾ ਵਿੱਚ ਅੰਤੋਦਿਆ ਮੇਲਾ ਲਗਾਇਆ ਗਿਆ | ਉਪ ਮੰਡਲ ਅਧਿਕਾਰੀ ਨਾਗਰਿਕ ਸੋਨੂੰ ਰਾਮ ਨੇ ਬੁੱਧਵਾਰ ਨੂੰ ਸਰਸਵਤੀ ਤੀਰਥ ਵਿੱਚ ਦੋ ਰੋਜ਼ਾ ਅੰਤੋਦਿਆ ਮੇਲੇ ਦਾ ਉਦਘਾਟਨ ਕੀਤਾ। ਐੱਸਡੀਐੱਮ ਸੋਨੂੰ ਰਾਮ ਨੇ ਕਿਹਾ ਕਿ ਸਦੀਆਂ ਤੋਂ ਸਾਡੇ ਸੱਭਿਆਚਾਰ ਵਿੱਚ ਗਰੀਬ ਵਰਗ ਦੀ ਮਦਦ ਕਰਨ ਦੀ ਪਰੰਪਰਾ ਰਹੀ ਹੈ। ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤੋਦਿਆ ਫਲਸਫੇ ’ਤੇ ਚੱਲਦਿਆਂ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਗਰੀਬਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 1 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ ਜੋ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ, ਇਸ ਨਾਲ ਬਿਨਾਂ ਸ਼ੱਕ ਗਰੀਬ ਪਰਿਵਾਰਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਰੁਜ਼ਗਾਰ ਮੇਲੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਲਗਾਏ ਗਏ ਸਟਾਲਾਂ ‘ਤੇ ਜ਼ਿਆਦਾਤਰ ਲੋਕ ਰੁਜ਼ਗਾਰ, ਹੁਨਰ ਵਿਕਾਸ ਅਤੇ ਸਵੈ-ਰੁਜ਼ਗਾਰ ਲਈ ਕਰਜ਼ਾ ਲੈਣ ਲਈ ਲੰਬੀਆਂ ਕਤਾਰਾਂ ਵਿੱਚ ਨਜ਼ਰ ਆਏ। ਸਟਾਲਾਂ ’ਤੇ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਯੋਗ ਵਿਅਕਤੀਆਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਉਂਦੇ ਦੇਖੇ ਗਏ। ਸੋਨੂੰ ਰਾਮ ਨੇ ਦੱਸਿਆ ਕਿ ਕਿਸੇ ਵੀ ਸਕੀਮ ਦਾ ਲਾਭ ਲੈਣ ਲਈ ਯੋਗ ਵਿਅਕਤੀ ਲਈ ਪੈਨ ਨੰਬਰ, ਆਧਾਰ, ਪਰਿਵਾਰਕ ਪਛਾਣ ਕਾਰਡ ਅਤੇ ਕੋਈ ਵੀ ਬੈਂਕ ਖਾਤਾ ਸਮੇਤ ਸਾਰੇ ਦਸਤਾਵੇਜ਼ ਲਾਜ਼ਮੀ ਹੋਣੇ ਚਾਹੀਦੇ ਹਨ। ਉਨ੍ਹਾਂ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜਿਸ ਵੀ ਲਾਭਪਾਤਰੀ ਕੋਲ ਅਜਿਹੇ ਦਸਤਾਵੇਜ਼ ਨਹੀਂ ਹਨ, ਉਨ੍ਹਾਂ ਕੋਲੋਂ ਮੌਕੇ ‘ਤੇ ਹੀ ਦਸਤਾਵੇਜ਼ ਪ੍ਰਾਪਤ ਕਰਕੇ ਸਕੀਮ ਦਾ ਲਾਭ ਦੇਣ ਲਈ ਬਿਨੈ ਪੱਤਰ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ, ਕੋਈ ਵੀ ਵਿਅਕਤੀ ਖਾਲੀ ਨਾ ਜਾਵੇ, ਤਾਂ ਹੀ ਮੇਲੇ ਦਾ ਮਕਸਦ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਯੋਗ ਵਿਅਕਤੀਆਂ ਨੂੰ ਪੂਰੀ ਕਾਊਂਸਲਿੰਗ ਦੇ ਕੇ ਪ੍ਰੇਰਿਤ ਕਰਨ ਦੀ ਲੋੜ ਹੈ ਤਾਂ ਜੋ ਉਹ ਸਕੀਮਾਂ ਦਾ ਲਾਭ ਲੈ ਕੇ ਆਪਣਾ ਸਵੈ-ਰੁਜ਼ਗਾਰ ਸਥਾਪਿਤ ਕਰ ਸਕਣ। ਮੇਲੇ ਦੇ ਸਫ਼ਲ ਬਣਾਉਣ ਲਈ ਐੱਸਡੀਐੱਮ ਨੇ ਪੇਂਡੂ ਯੋਗ ਵਿਅਕਤੀਆਂ ਦੀਆਂ ਦਰਖਾਸਤਾਂ ਇਕੱਠੀਆਂ ਕਰਨ ਦੀ ਜ਼ਿੰਮੇਵਾਰੀ ਨਗਰ ਨਿਗਮ ਦੇ ਸਕੱਤਰ ਅੰਕੁਸ਼ ਪਰਾਸ਼ਰ ਅਤੇ ਬੀਡੀਪੀਓ ਰਾਜੇਸ਼ ਸ਼ਰਮਾ ਨੂੰ ਸਬੰਧਤ ਵਿਭਾਗਾਂ ਨੂੰ ਸੌਂਪੀ ਹੈ। ਇਸ ਮੌਕੇ ਸਮੂਹ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਅਧਿਆਪਕ ਹਾਜ਼ਰ ਸਨ।