ਰਵਿੰਦਰ ਰਵੀ
ਬਰਨਾਲਾ, 3 ਜੂਨ
ਸੂਬੇ ਭਰ ਵਿੱਚੋਂ ਅੱਠਵੀਂ ਜਮਾਤ ਵਿੱਚ ਅੱਵਲ ਰਹੇ ਜ਼ਿਲਾ ਬਰਨਾਲਾ ਦੇ ਪਿੰਡ ਗੁੰਮਟੀ ਦੇ ਗਰੀਬ ਪਰਿਵਾਰ ਦੇ ਪੁੱਤਰ ਮਨਪ੍ਰੀਤ ਸਿੰਘ ਦਾ ਹੱਥ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਨੇ ਫੜਿਆ ਹੈ। ਉਨ੍ਹਾਂ ਅੱਜ ਮਨਪ੍ਰੀਤ ਸਿੰਘ ਨੂੰ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਅਤੇ ਭਵਿੱਖ ਵਿੱਚ ਉਸ ਦੀ ਪੜ੍ਹਾਈ ’ਤੇ ਹੋਣ ਵਾਲਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ।
ਸ੍ਰੀ ਗੁਪਤਾ ਵੱਲੋਂ ਅੱਜ ਟਰਾਈਡੈਂਟ ਗਰੁੱਪ ਦੇ ਪ੍ਰਸ਼ਾਸਕੀ ਵਿਭਾਗ ਦੇ ਮੁਖੀ ਰੁਪਿੰਦਰ ਗੁਪਤਾ, ਨਗਰ ਕੌਂਸਲਰ ਜਗਰਾਜ ਸਿੰਘ, ਸ਼ਿਵ ਸੇਵਾ ਸੰਘ ਦੇ ਪ੍ਰਧਾਨ ਪਵਨ ਸਿੰਗਲਾ ਅਤੇ ਅਕਸ਼ਰ ਸਿੰਘ ਚੌਹਾਨ ਦੇ ਨਾਲ ਮਨਪ੍ਰੀਤ ਸਿੰਘ ਦੇ ਘਰ ਪਹੁੰਚ ਕੇ ਉਸ ਨੂੰ ਉਸ ਦੀ ਇਸ ਸਫ਼ਲਤਾ ’ਤੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਸੂਬੇ ਵਿੱਚੋਂ ਅੱਵਲ ਆਉਣ ਵਾਲੇ ਮਨਪ੍ਰੀਤ ਸਿੰਘ ਦੇ ਪਿਤਾ ਦਾ ਕਰੀਬ ਅੱਠ ਸਾਲ ਪਹਿਲਾਂ ਦੇਹਾਂਤ ਹੋ ਚੁੱਕਿਆ ਹੈ ਅਤੇ ਉਸ ਦੀ ਮਾਤਾ ਕਿਰਨਜੀਤ ਕੌਰ ਕੱਪੜੇ ਸਿਲ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ।
ਪਦਮਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਜ਼ਿਲ੍ਹਾ ਬਰਨਾਲਾ ਦਾ ਹੋਣਹਾਰ ਵਿਦਿਆਰਥੀ ਹੈ, ਜਿਸ ਨੇ ਅੱਠਵੀਂ ਜਮਾਤ ਵਿੱਚੋਂ ਪੂਰੇ ਸੂਬੇ ’ਚੋਂ ਪਹਿਲਾ ਸਥਾਨ ਹਾਸਲ ਕਰ ਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ, ‘‘ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਅਜਿਹੇ ਹੋਣਹਾਰ ਵਿਦਿਆਰਥੀਆਂ ਦੀ ਮਦਦ ਕਰੀਏ।’’ ਸ੍ਰੀ ਗੁਪਤਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਭਵਿੱਖ ਵਿਚ ਜੋ ਵੀ ਪੜ੍ਹਾਈ ਕਰਨਾ ਚਾਹੁੰਦਾ ਹੈ ਉਸ ਦਾ ਸਾਰਾ ਖਰਚਾ ਉਨ੍ਹਾਂ ਵੱਲੋਂ ਉਠਾਇਆ ਜਾਵੇਗਾ ਅਤੇ ਉਸ ਨੂੰ ਆਰਥਿਕ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।