ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 15 ਫਰਵਰੀ
ਮੁਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਮੁਹਾਲੀ ਉਨ੍ਹਾਂ ਦੀ ਕਰਮ ਭੂਮੀ ਹੈ। ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਪਿਛਲੇ ਤੀਹ ਵਰ੍ਹਿਆਂ ਤੋਂ ਹਲਕਾ ਵਾਸੀਆਂ ਨਾਲ ਪਰਿਵਾਰਕ ਸਾਂਝ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਦੇ ਪਿਆਰ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦਾ ਜੋਸ਼ ਐਤਕੀਂ ਵੀ ਉਨ੍ਹਾਂ ਨੂੰ ਚੌਥੀ ਵਾਰ ਪਹਿਲਾਂ ਨਾਲੋਂ ਵੱਧ ਲੀਡ ’ਤੇ ਜਿਤਾਉਣ ਦੀ ਗਾਰੰਟੀ ਦੇ ਰਿਹਾ ਹੈ।
ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਚੋਣ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱੱਧੂ ਨੇ ਵਿਰੋਧੀ ਉਮੀਦਵਾਰਾਂ ਉੱਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਵਿਰੋਧੀ ਉਮੀਦਵਾਰਾਂ ਨੂੰ ਮੁਹਾਲੀ ਹਲਕੇ ਦੇ ਪਿੰਡਾਂ ਦੇ ਨਾਵਾਂ ਬਾਰੇ ਵੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਵਿਕਾਸ ਦੇ ਮਾਮਲੇ ਵਿੱਚ ਕਹਿਣ ਲਈ ਕੁੱਝ ਨਹੀਂ ਹੈ। ਉਨ੍ਹਾਂ ਹਲਕੇ ਵਿੱਚ ਕਰਾਏ ਕੰਮ ਗਿਣਾਏ ਅਤੇ ਦੁਬਾਰਾ ਕਾਂਗਰਸ ਸਰਕਾਰ ਬਣਨ ਤੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਵੱਖ-ਵੱਖ ਥਾਵਾਂ ਉੱਤੇ ਸ਼ਹਿਰ ਵਾਸੀਆਂ ਅਤੇ ਕੌਂਸਲਰਾਂ ਨੇ ਸ੍ਰੀ ਸਿੱਧੂ ਦਾ ਸਨਮਾਨ ਵੀ ਕੀਤਾ ਤੇ ਉਨ੍ਹਾਂ ਨੂੰ ਵੋਟਾਂ ਪਾਉਣ ਦਾ ਭਰੋਸਾ ਦਿਵਾਇਆ। ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਇਸੇ ਦੌਰਾਨ ਸ੍ਰੀ ਸਿੱਧੂ ਦੇ ਭਰਾ ਅਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪਿੰਡ ਅਲੀਪੁਰ ਅਤੇ ਗੋਬਿੰਦਗੜ੍ਹ ਵਿਖੇ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਕਈ ਆਪ ਵਰਕਰਾਂ ਨੇ ਕਾਂਗਰਸ ਵਿੱਚ ਵੀ ਸ਼ਮੂਲੀਅਤ ਕੀਤੀ।
ਪਿੰਡ ਮੀਂਢੇਮਾਜਰਾ ਵਿਚ ਸਮਾਜ ਸੇਵੀ ਮਾਸਟਰ ਲਾਭ ਸਿੰਘ ਮੀਂਢੇਮਾਜਰਾ ਨੇ ਬਲਬੀਰ ਸਿੱਧੂ ਦੀ ਹਮਾਇਤ ਦਾ ਐਲਾਨ ਕੀਤਾ।