ਕੁਲਦੀਪ ਸਿੰਘ
ਚੰਡੀਗੜ੍ਹ, 15 ਫਰਵਰੀ
ਯੂਟੀ ਚੰਡੀਗੜ੍ਹ ਵਿੱਚ ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਮੰਗਲਵਾਰ ਨੂੰ ਸੈਕਟਰ-17 ਵਿਚ ਬਿਜਲੀ ਕਾਮਿਆਂ ਵੱਲੋਂ ਰੋਸ ਰੈਲੀ ਕੀਤੀ ਗਈ। ਇਸ ਵਿੱਚ ਸੀਟੀਯੂ ਮੁਲਾਜ਼ਮਾਂ ਦੇ ਸਾਂਝੇ ਮੋਰਚੇ ਸਣੇ ਹੋਰਨਾਂ ਮੁਲਾਜ਼ਮ ਯੂਨੀਅਨਾਂ, ਸਿਆਸੀ, ਸਮਾਜਿਕ, ਧਾਰਮਿਕ ਅਤੇ ਕਿਸਾਨ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਯੂਟੀ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਨਿੱਜੀਕਰਨ ਵਿਰੁੱਧ 21 ਫਰਵਰੀ ਨੂੰ ਰਾਤ 11 ਵਜੇ ਤੋਂ ਬਿਜਲੀ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਤਿੰਨ ਰੋਜ਼ਾ ਹੜਤਾਲ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ। ਇਸੇ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਨਾਂ ’ਤੇ ਮੰਗ ਪੱਤਰ ਐੱਸਡੀਐੱਮ ਨੂੰ ਸੌਂਪਿਆ ਗਿਆ।
ਬਿਜਲੀ ਕਾਮਿਆਂ ਦੀ ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਦੱਸਿਆ ਕਿ ਰੋਸ ਰੈਲੀ ਨੂੰ ਬਿਜਲੀ ਮੁਲਾਜ਼ਮਾਂ ਅਤੇ ਇੰਜਨੀਅਰਾਂ ਦੀ ਕੌਮੀ ਤਾਲਮੇਲ ਕਮੇਟੀ ਦੇ ਮੈਂਬਰ ਅਤੇ ਇਲੈਕਟ੍ਰਸਿਟੀ ਐਂਪਲਾਈਜ਼ ਫੈੱਡਰੇਸ਼ਨ ਆਫ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਸੁਭਾਸ ਲਾਂਬਾ, ਯੂਟੀ ਚੰਡੀਗੜ੍ਹ ਐਂਪਲਾਈਜ਼ ਫੈੱਡਰੇਸ਼ਨ ਦੇ ਪ੍ਰਧਾਨ ਰਘਬੀਰ ਚੰਦ, ‘ਆਪ’ ਪ੍ਰਧਾਨ ਪ੍ਰੇਮ ਗਰਗ ਅਤੇ ਸੀਪੀਆਈ ਦੇ ਸਕੱਤਰ ਰਾਜਕੁਮਾਰ, ਦੇਵੀ ਦਿਆਲ ਸ਼ਰਮਾ, ਸੀਪੀਆਈ ਐਮ ਦੇ ਸਕੱਤਰ ਕੁਲਦੀਪ ਸਿੰਘ, ਮੁਹੰਮਦ ਸਹਿਨਾਜ਼ ਗੋਰਸੀ, ਆਰਐਮਪੀਆਈ ਦੇ ਆਗੂ ਇੰਦਰਜੀਤ ਸਿੰਘ ਗਰੇਵਾਲ, ਸੱਜਣ ਸਿੰਘ, ਫੌਸਵੈਕ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ, ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ, ਸ਼ਰਨਜੀਤ ਸਿੰਘ, ਜੋਗਾ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਚੰਡੀਗੜ੍ਹ ਦੇ ਪ੍ਰਧਾਨ ਕ੍ਰਿਪਾਲ ਸਿੰਘ, ਕਿਸਾਨ ਏਕਤਾ ਚੰਡੀਗੜ੍ਹ ਦੇ ਆਗੂ ਸਤਨਾਮ ਸਿੰਘ ਟਾਂਡਾ, ਸਮੂਹ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਰਘੁਬੀਰ ਸਿੰਘ ਰਾਮਪੁਰ, ਸੈਕਟਰ 22 ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇ ਸਾਹਨੀ, ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਸਤੀਸ਼ ਕੁਮਾਰ ਖੋਸਲਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਹੜਤਾਲ ਦਾ ਸਮਰਥਨ ਕਰਦਿਆਂ 22 ਫਰਵਰੀ ਨੂੰ ਚੰਡੀਗੜ੍ਹ ਦੀਆਂ ਸੜਕਾਂ ’ਤੇ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਆਪਣੇ ਇਸ ਲੋਕ ਮਾਰੂ ਫ਼ੈਸਲੇ ਨੂੰ ਵਾਪਸ ਨਹੀਂ ਲੈਂਦਾ, ਉਦੋਂ ਤੱਕ ਪਿੰਡਾਂ ਤੇ ਚੰਡੀਗੜ੍ਹ ਸ਼ਹਿਰ ਦੇ ਲੋਕ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਕਰਨਗੇ।