ਪੱਤਰ ਪ੍ਰੇਰਕ
ਕੁਰਾਲੀ, 1 ਮਈ
ਪਾਵਰਕੌਮ ਨੇ ਸੰਸਥਾ ਪ੍ਰਭ ਆਸਰਾ ਦੀ ਬਿਜਲੀ ਸਪਲਾਈ ਅੱਜ ਇੱਕ ਵਾਰ ਫਿਰ ਕੱਟ ਦਿੱਤੀ ਹੈ। ਪ੍ਰਭ ਆਸਰਾ ਦੇ ਮੁੱਖ ਪ੍ਰਬੰਧਕ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਸੰਸਥਾ ਵਿੱਚ ਲੱਗੇ ਸੋਲਰ ਸਿਸਟਮ ਦੇ ਬਾਵਜੂਦ ਪਾਵਰਕੌਮ ਨੇ ਉਨ੍ਹਾਂ ਨੂੰ ਕਰੀਬ 31 ਲੱਖ ਦਾ ਬਿੱਲ ਭੇਜਿਆ ਹੈ। ਉਨ੍ਹਾਂ ਕਿਹਾ ਇਸ ਬਿੱਲ ਵਿੱਚ ਪਿਛਲੇ ਸਮੇਂ ਦਾ ਬਕਾਇਆ ਵੀ ਸ਼ਾਮਲ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੋਲਰ ਸਿਸਟਮ ਦੇ ਬਾਵਜੂਦ ਆਏ ਇਸ ਬਿੱਲ ਸਬੰਧੀ ਅਧਿਕਾਰੀਆਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਦੇ ਬਿਲ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਬੰਦ ਹੋਣ ਕਾਰਨ ਪ੍ਰਾਣੀਆਂ ਦੀ ਸੇਵਾ ਸੰਭਾਲ ਤੇ ਇਲਾਜ ਲਈ ਲਗਾਈਆਂ ਮਸ਼ੀਨਾਂ ਬੰਦ ਹੋ ਗਈਆਂ ਹ। ਉਨ੍ਹਾਂ ਕਿਹਾ ਕਿ ਬਿਜਲੀ ਬੰਦ ਹੋਣ ਕਾਰਨ ਸੰਸਥਾ ਵਿੱਚ ਹੋਣ ਵਾਲੇ ਨੁਕਸਾਨ ਲਈ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਜਨਵਰੀ ਵਿੱਚ ਵੀ ਸੰਸਥਾ ਦਾ ਕੁਨੈਕਸ਼ਨ ਪਾਵਰਕੌਮ ਵੱਲੋਂ ਕੱਟ ਦਿੱਤਾ ਗਿਆ ਸੀ।
ਬਿੱਲ ਦੀ ਬਕਾਇਆ ਰਕਮ ਨਾ ਭਰਨ ’ਤੇ ਕੱਟਿਆ ਕੁਨੈਕਸ਼ਨ: ਅਧਿਕਾਰੀ
ਪਾਵਰਕੌਮ ਦੇ ਰੂਪਨਗਰ ਸਰਕਲ ਦੇ ਐੱਸਈ ਸਤਵਿੰਦਰ ਸਿੰਘ ਸੈਂਬੀ ਨੇ ਕਿਹਾ ਕਿ ਪਾਵਰਕੌਮ ਕੋਲ ਅਜਿਹੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੂੰ ਬਿਜਲੀ ਦੇ ਬਿੱਲ ਤੋਂ ਛੋਟ ਦੇਣ ਦੀ ਕੋਈ ਵਿਵਸਥਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿੱਲ ਬਕਾਇਆ ਹੋਣ ਕਾਰਨ ਹੀ ਵਿਭਾਗੀ ਨਿਯਮਾਂ ਅਨੁਸਾਰ ਬਿਜਲੀ ਦਾ ਕੁਨੈਕਸ਼ਨ ਕੱਟਿਆ ਗਿਆ ਹੈ।