ਹਰਪ੍ਰੀਤ ਕੌਰ
ਹੁਸ਼ਿਆਰਪੁਰ, 23 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਰੇਤ ਮਾਫੀਆ ਨਾਲ ਜੁੜੇ ਹੋਣ ਦੇ ਦੋਸ਼ ਲਾਏ ਹਨ। ਅੱਜ ਚੱਬੇਵਾਲ ਵਿੱਚ ਪਾਰਟੀ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਮਾਫ਼ੀਆ ਰਾਜ ਨੂੰ ਖਤਮ ਕਰਨ ਦੀਆਂ ਗੱਲਾਂ ਚੰਨੀ ਨੂੰ ਸ਼ੋਭਾ ਨਹੀਂ ਦਿੰਦੀਆਂ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਵਰਗੇ ਦਾਗੀ ਮੰਤਰੀ ਨੂੰ ਕੈਬਨਿਟ ਵਿਚ ਰੱਖ ਕੇ ਚੰਨੀ ਰੇਤ ਮਾਫ਼ੀਆ ਨੂੰ ਕਿਵੇਂ ਠੱਲ੍ਹ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵੋਟਾਂ ਖਾਤਰ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਆਪਣੀਆਂ ਸਾਰੀਆਂ ਗਲਤੀਆਂ ਦਾ ਠੀਕਰਾ ਕੈਪਟਨ ਸਿਰ ਭੰਨ੍ਹਣ ਦੀ ਕੋਸ਼ਿਸ਼ ਕੀਤੀ ਹੈ ਪਰ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੀ।
ਸੁਖਬੀਰ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਵਾਅਦਿਆਂ ’ਤੇ ਕਿਹਾ ਕਿ ਕੇਜਰੀਵਾਲ ਜਿਹੜੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕਰ ਰਹੇ ਹਨ, ਪਹਿਲਾਂ ਦਿੱਲੀ ਦੀ ਜਨਤਾ ਨਾਲ ਨਿਭਾ ਕੇ ਵਿਖਾਉਣ। ਉਨ੍ਹਾਂ ਕਿਹਾ ਕਿ ‘ਆਪ’ ਦਾ ਕੋਈ ਸਥਾਨਕ ਆਗੂ ਗਾਰੰਟੀ ਦੇਣ ਨੂੰ ਤਿਆਰ ਨਹੀਂ, ਜਿਸ ਕਰਕੇ ਹਰ ਵਾਰੀ ਕੇਜਰੀਵਾਲ ਨੂੰ ਦਿੱਲੀ ਤੋਂ ਆਉਣਾ ਪੈਂਦਾ ਹੈ। ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ, ਜੋ ਦਿੱਲੀ ਤੋਂ ਨਹੀਂ ਚੱਲਦੀ। ਉਨ੍ਹਾਂ ਦਾਅਵਾ ਕੀਤਾ ਕਿ ਦੁਨੀਆਂ ਵਿਚ ਕਿਤੇ ਵੀ ਜਦੋਂ ਸਿੱਖ ਕੌਮ ਨਾਲ ਸਬੰਧਤ ਕੋਈ ਮਸਲਾ ਹੁੰਦਾ ਹੈ ਤਾਂ ਅਕਾਲੀ ਦਲ ਤੱਕ ਪਹੁੰਚ ਕੀਤੀ ਜਾਂਦੀ ਹੈ ਨਾ ਕਿ ਕਿਸੇ ਹੋਰ ਪਾਰਟੀ ਨਾਲ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਨੀਂਹ ਹੈ ਅਤੇ ਜੇ ਨੀਂਹ ਕਮਜ਼ੋਰ ਕਰ ਦਿੱਤੀ ਗਈ ਤਾਂ ਸੂਬੇ ਦਾ ਬਚਣਾ ਮੁਸ਼ਕਲ ਹੈ।
ਸੁਖਬੀਰ ਦੀ ਦਸੂਹਾ ਫੇਰੀ ਭਲਕੇ ਤੇ 27 ਦੇ ਪ੍ਰੋਗਰਾਮ ਮੁਲਤਵੀ
ਦਸੂਹਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਕਾਲੜਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 25 ਨਵੰਬਰ ਨੂੰ ਦਸੂਹਾ ਆ ਰਹੇ ਹਨ। ਇਸ ਦੌਰਾਨ ਉਹ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣਗੇ ਤੇ ਗੱਠਜੋੜ ਉਮੀਦਵਾਰ ਸੁਸ਼ੀਲ ਪਿੰਕੀ ਦੇ ਹੱਕ ’ਚ ਪ੍ਰਚਾਰ ਕਰਨਗੇ।
ਚੰਡੀਗੜ੍ਹ (ਟਨਸ): ਸੁਖਬੀਰ ਨੇ 27 ਨਵੰਬਰ ਦੇ ਜਨਤਕ ਪ੍ਰੋਗਰਾਮ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ 27 ਨਵੰਬਰ ਨੂੰ ਵਿਧਾਨ ਸਭਾ ਹਲਕਾ ਜਗਰਾਉਂ ਵਿੱਚ ਸੁਖਬੀਰ ਸਿੰਘ ਬਾਦਲ ਦੇ ਜਨਤਕ ਪ੍ਰੋਗਰਾਮ ਸਨ ਪਰ ਇਲਾਕੇ ਦੇ ਪਾਰਟੀ ਵਰਕਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿੱਚ ਕਰਵਾਏ ਜਾ ਰਹੇ ਪ੍ਰਗਰਾਮ ਵਿੱਚ ਜਾਣਾ ਚਾਹੁੰਦੇ ਹਨ, ਜਿਸ ਕਰਕੇ ਪਾਰਟੀ ਨੇ ਇਹ ਪ੍ਰੋਗਰਾਮ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।