ਨਵੀਂ ਦਿੱਲੀ, 3 ਜੂਨ
ਵਿੱਤੀ ਸਾਲ 2021 ਵਿੱਚ ਭਾਜਪਾ ਦੀ ਕੁੱਲ ਆਮਦਨ ਵਿੱਚ 80 ਫ਼ੀਸਦ ਭਾਵ 752 ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਇਸ ਸਮੇਂ ਦੌਰਾਨ ਬਾਂਡ ਰਾਹੀਂ ਦਾਨ ਵਜੋਂ ਪਾਰਟੀ ਨੂੰ ਮਿਲਣ ਵਾਲੀ ਰਕਮ ਪਿਛਲੇ ਵਿੱਤੀ ਸਾਲ ਦੇ 2,555 ਕਰੋੜ ਦੇ ਮੁਕਾਬਲੇ ਘਟ ਕੇ 22.38 ਕਰੋੜ ਰੁਪਏ ਹੋ ਗਈ। ਚੋਣ ਕਮਿਸ਼ਨ ਕੋਲ 21 ਮਈ ਨੂੰ ਦਾਖਲ ਵਿੱਤੀ ਸਾਲ 2020-21 ਦੀ ਆਡਿਟ ਰਿਪੋਰਟ ਵਿੱਚ ਭਾਜਪਾ ਨੇ ਆਪਣਾ ਕੁੱਲ ਖਰਚ 630.39 ਕਰੋੜ ਰੁਪਏ ਦਰਸਾਇਆ ਹੈ ਜਦਕਿ ਆਮਦਨ 752.33 ਕਰੋੜ ਰੁਪਏ ਦੱਸੀ ਹੈ। ਪਿਛਲੇ ਵਿੱਤੀ ਸਾਲ ਵਿੱਚ ਭਾਜਪਾ ਨੇ 3,623 ਕਰੋੜ ਰੁਪਏ ਦੀ ਕੁੱਲ ਆਮਦਨ ਐਲਾਨੀ ਸੀ ਅਤੇ ਉਸ ਨੇ 1,651.02 ਕਰੋੜ ਰੁਪਏ ਹੀ ਖਰਚੇ ਸਨ।
ਮਾਰਚ 2021 ਤੱਕ ਚੋਣ ਬਾਂਡ ਤੋਂ ਪਾਰਟੀ ਨੂੰ 22.38 ਕਰੋੜ ਰੁਪਏ ਹਾਸਲ ਹੋਏ, ਜਦਕਿ ਮਾਰਚ 2020 ਵਿੱਚ ਉਸ ਨੇ ਚੋਣ ਬਾਂਡ ਰਾਹੀਂ 2,555 ਕਰੋੜ ਰੁਪਏ ਪ੍ਰਾਪਤ ਕੀਤੇ ਸਨ। ਚੋਣ ਪ੍ਰਚਾਰ ਮੱਦ ਤਹਿਤ ਭਾਜਪਾ ਨੇ ਚੋਣ ਕਮਿਸ਼ਨ ਨੂੰ 421 ਕਰੋੜ ਰੁਪਏ ਦਾ ਖਰਚ ਦਿਖਾਇਆ ਹੈ ਜਦਕਿ ਪਿਛਲੇ ਵਿੱਤੀ ਸਾਲ ਵਿੱਚ ਪਾਰਟੀ ਨੇ ਇਸ ਮੱਦ ਵਿੱਚ 1,352 ਕਰੋੜ ਰੁਪਏ ਦਾ ਖਰਚ ਦਿਖਾਇਆ ਸੀ। ਪਾਰਟੀ ਨੇ ਇਸ਼ਤਿਹਾਰਾਂ, ਹੈਲੀਕਾਪਟਰ ਅਤੇ ਜਹਾਜ਼ ਦੇ ਕਿਰਾਏ, ਹੋਰਡਿੰਗ, ਕੱਟ-ਆਊਟ, ਉਮੀਦਵਾਰਾਂ ਨੂੰ ਵਿੱਤੀ ਸਹਾਇਤਾ ਅਤੇ ਹੋਰਨਾਂ ਨੂੰ ਗਰਾਂਟਾਂ ਵਿੱਚ ਇਹ ਖਰਚੇ ਦਰਸਾਏ ਹਨ।
ਦੱਸਣਯੋਗ ਹੈ ਕਿ ਚੋਣ ਬਾਂਡ ਦੀ ਵਰਤੋਂ ਆਮ ਕਰਕੇ ਵਿਅਕਤੀਆਂ, ਸੰਸਥਾਵਾਂ ਅਤੇ ਸੰਗਠਨਾਂ ਵੱਲੋਂ ਰਾਜਨੀਤਕ ਪਾਰਟੀਆਂ ਨੂੰ ਚੰਦਾ ਦੇਣ ਲਈ ਕੀਤੀ ਜਾਂਦੀ ਹੈ। -ਪੀਟੀਆਈ