ਬਠਿੰਡਾ (ਮਨੋਜ ਸ਼ਰਮਾ): ਚੋਣ ਕਮਿਸ਼ਨ ਵੱਲੋਂ 80 ਸਾਲ ਉਪਰ ਵਾਲੇ ਵੋਟਰਾਂ ਅਤੇ ਅੰਗਹੀਣ ਵੋਟਰਾਂ ਦੀ ਸਹਿਮਤੀ ਨਾਲ ਫਾਰਮ ਨੰਬਰ 12 ਭਰ ਕੇ ਵੋਟਾਂ ਪੋਲ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਅੱਜ ਹਲਕਾ ਦਿਹਾਤੀ ਦੇ ਚੋਣ ਅਫਸਰ ਰੁਪਿੰਦਰ ਪਾਲ ਸਿੰਘ ਦੀ ਨਿਗਰਾਨੀ ਹੇਠ ਪਿੰਡਾਂ ਵਿੱਚ ਮਾਈਕਰੋ ਰਿਟਾਰਨਿੰਗ ਅਫ਼ਸਰਾਂ ਦੀ ਦੇਖ-ਰੇਖ ਹੇਠ ਪੋਸਟਲ ਬੈਲਟ ਪੇਪਰ ਰਾਹੀ ਵੋਟਾਂ ਪਵਾਈਆਂ ਗਈਆਂ। ਇਸ ਮੌਕੇ ਚੋਣ ਅਫ਼ਸਰ ਰਾਧੇ ਸ਼ਾਮ, ਪੀਓ ਰੇਸ਼ਮ ਸਿੰਘ ਖੇਮੂਆਣਾ, ਬੀਐੱਲਓ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਬੂਥ 80 ਹਲਕਾ ਦਿਹਾਤੀ ਬਠਿੰਡਾ ਦੇ ਮੀਆਂ ਪਿੰਡ ਦੀ 106 ਸਾਲਾਂ ਦੀ ਵੋਟਰ ਦਲੀਪ ਕੌਰ ਨੇ ਪੋਸਟਲ ਬੈਲਟ ਪੇਪਰ ਰਾਹੀਂ ਆਪਣੀ ਵੋਟ ਪਾਈ। ਇਸ ਮੌਕੇ ਪਿੰਡ ਮੀਆਂ ਵਿੱਚ ਤਿੰਨ ਵੋਟਰਾਂ, ਮੁਲਤਾਨੀਆਂ ਵਿੱਚ 10 ਬਜ਼ੁਰਗ ਅਤੇ ਅੰਗਹੀਣ ਵੋਟਰਾਂ ਨੇ ਵੋਟਾਂ ਪਾਈਆਂ। ਜ਼ਿਕਰਯੋਗ ਹੈ ਕਿ 80 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਅਤੇ ਅੰਗਹੀਣ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਵਿੱਚ ਜਾਣ ਦੀ ਲੋੜ ਨਹੀਂ ਹੈ। ਪੋਲਿੰਗ ਪਾਰਟੀ ਦੇ ਮੈਂਬਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਅੱਜ ਪੋਲਿੰਗ ਟੀਮ ਨੇ ਪਿੰਡ ਮੀਆਂ ਮੁਲਤਾਨੀਆਂ, ਕੋਟਸ਼ਮੀਰ ਗਹਿਰੀ ਦੇਵੀ ਨਗਰ, ਧੰਨ ਸਿੰਘ ਖਾਨਾ, ਕੋਟਫੱਤਾ ਪਿੰਡਾਂ ਦੇ ਬਜ਼ੁਰਗਾਂ ਅਤੇ ਅੰਗਹੀਣ ਵੋਟਰਾਂ ਦੀ ਸਹਿਮਤੀ ਨਾਲ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਵਾਈ।