ਪਵਨ ਗੋਇਲ
ਭੁੱਚੋ ਮੰਡੀ, 3 ਅਗਸਤ
ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਦਾ ਗੜ੍ਹ ਤੋੜਦਿਆਂ ਨਗਰ ਕੌਂਸਲ ਭੁੱਚੋ ਮੰਡੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ’ਤੇ ਕਬਜ਼ਾ ਕਰ ਲਿਆ ਹੈ। ਨਗਰ ਕੌਂਸਲ ਦੇ ਦਫ਼ਤਰ ਵਿੱਚ ਅੱਜ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਚੋਣ ਕਨਵੀਨਰ ਰਣਜੀਤ ਸਿੰਘ ਖਹਿਰਾ (ਨਾਇਬ ਤਹਿਸੀਲਦਾਰ ਨਥਾਣਾ) ਦੀ ਦੇਖ-ਰੇਖ ਵਿੱਚ ਸਰਬਸੰਮਤੀ ਨਾਲ ਕੌਂਸਲਰ ਪ੍ਰਿੰਸੀ ਗੋਲਨ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕੌਂਸਲਰ ਦਲਜੀਤ ਸਿੰਘ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਕੌਂਸਲਰ ਵਿਨੋਦ ਬਿੰਟਾ ਨੇ ਸੀਨੀਅਰ ਮੀਤ ਪ੍ਰਧਾਨ ਲਈ ਪ੍ਰਿੰਸੀ ਗੋਲਨ ਦਾ ਨਾਮ ਤਾਈਦ ਕੀਤਾ। ਨਵ-ਨਿਯੁਕਤ ਦੋਵੇਂ ਆਹੁਦੇਦਾਰ ਕੁੱਝ ਦਿਨ ਪਹਿਲਾਂ ਹੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਨ।
ਬੰਦ ਕਮਰੇ ਵਿੱਚ ਹੋਈ ਚੋਣ ਮੀਟਿੰਗ ਵਿੱਚ ਨਗਰ ਕੌਂਸਲ ਦੇ 13 ਕੌਂਸਲਰਾਂ ਵਿੱਚੋਂ ਪ੍ਰਧਾਨ ਜੋਨੀ ਬਾਂਸਲ ਸਣੇ 12 ਕੌਂਸਲਰ ਸ਼ਾਮਲ ਹੋਏ ਜਦੋਂਕਿ ਕੌਂਸਲਰ ਰਾਜ ਕੁਮਾਰ ਇਸ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋਏ। ਸਹਿਮਤੀ ਦੇਣ ਤੋਂ ਤੁਰੰਤ ਬਾਅਦ ਹੀ ਕਾਂਗਰਸੀ ਕੌਂਸਲਰ ਮੀਟਿੰਗ ਵਿੱਚੋਂ ਉੱਠ ਕੇ ਬਾਹਰ ਆ ਗਏ। ਇਸ ਤੋਂ ਬਾਅਦ ਵਿਧਾਇਕ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਨਮਾਨਿਆ। ਇਸ ਮੌਕੇ ਕਾਰਜਸਾਧਕ ਅਫ਼ਸਰ ਵਿਕਾਸ ਉੱਪਲ, ਡੀਐੱਸਪੀ ਭੁੱਚੋ ਜਸਪਾਲ ਸਿੰਘ, ਵਿਧਾਇਕ ਦਾ ਪੁੱਤਰ ਹਰਸਿਮਰਨ ਸਿੰਘ, ਐੱਸਐਚਓ ਨਥਾਣਾ ਜਗਦੀਪ ਸਿੰਘ, ਚੌਕੀ ਇਚਾਰਜ ਨਛੱਤਰ ਸਿੰਘ, ‘ਆਪ’ ਵਿੱਚ ਰਲੇ ਕੌਂਸਲਰ ਜੀਵਨ ਲਾਲ ਗਰਗ, ਦਲਜੀਤ ਸਿੰਘ, ਲੱਕੀ ਕੁਮਾਰ, ਲਖਵਿੰਦਰ ਕੌਰ ਗੋਲਨ ਅਤੇ ਪ੍ਰਕਾਸ਼ ਕੌਰ, ਕਾਂਗਰਸੀ ਕੌਂਸਲਰ ਸੀਮਾ ਬਾਂਸਲ, ਸਰੋਜ ਬਾਂਸਲ, ਅੰਜਲੀ ਗਰਗ, ਪ੍ਰੇਮ ਕੁਮਾਰ ਅਤੇ ‘ਆਪ’ ਵਰਕਰ ਹਾਜ਼ਰ ਸਨ।